???? ਬਾਜ਼ ਆਵੇ ਪਾਕਿਸਤਾਨ, ਨਹੀਂ ਤਾਂ ਮਿਟ ਜਾਵੇਗਾ ਨਾਮੋ-ਨਿਸ਼ਾਨ : ਆਸ਼ੀਸ਼ ਕਪੂਰ
???? ਦਹਿਸ਼ਤਗਰਦਾਂ ਵੱਲੋਂ ਸ਼ਰਧਾਲੂਆਂ ਦੀ ਹੱਤਿਆ ਦੇ ਖਿਲਾਫ ਪਟਿਆਲਾ ਵਿੱਚ ਜਬਰਦਸਤ ਰੋਸ ਪ੍ਰਦਰਸ਼ਨ
???? ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
ਪਟਿਆਲਾ, 11 ਜੂਨ – ਰਜ਼ਨੀਸ਼ / ਨਿਊਜ਼ਲਾਈਨ ਐਕਸਪ੍ਰੈਸ – ਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ ਰੋਸ਼ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪਟਿਆਲਾ ਵਿੱਚ ਵੀ ਕਈ ਸੰਗਠਨਾਂ ਵੱਲੋਂ ਦਹਿਸ਼ਤਗਰਦਾਂ ਦੇ ਹਮਲੇ ਦੀ ਭਾਰੀ ਨਿੰਦਾ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਵੱਲੋਂ ਆਰੀਆ ਸਮਾਜ ਪਟਿਆਲਾ ਵਿਖੇ ਪਾਕਿਸਤਾਨ ਅਤੇ ਅੱਤਵਾਦੀ ਸੰਗਠਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਦਫਤਰ ਤੋਂ ਲੈਕੇ ਆਰੀਆ ਸਮਾਜ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ, ਜਿਸ ਦੌਰਾਨ ਹਿੰਦੂ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਭਾਰਤ ਸਰਕਾਰ ਤੋਂ ਇਸ ਕਾਇਰਾਨਾ ਹਰਕਤ ਦਾ ਢੁੱਕਵਾਂ ਜਵਾਬ ਦੇਣ ਦੀ ਮੰਗ ਕੀਤੀ।
ਭਾਰੀ ਰੋਹ ਦਾ ਪ੍ਰਗਟਾਵਾ ਕਰਦਿਆਂ ਰਾਸ਼ਟਰੀ ਬਜਰੰਗ ਦਲ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ੀਸ਼ ਕਪੂਰ ਨੇ ਕਿਹਾ ਕਿ ਇੱਕ ਪਾਸੇ ਭਾਰਤ ਦੀ ਮੋਦੀ ਸਰਕਾਰ ਸਹੁੰ ਚੁੱਕ ਰਹੀ ਸੀ ਅਤੇ ਦੂਜੇ ਪਾਸੇ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ ਲਸ਼ਕਰ-ਏ-ਤੋਇਬਾ ਦੇ ਦਹਿਸ਼ਤਗਰਦ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ‘ਤੇ ਗੋਲੀਆਂ ਚਲਾ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ਾਇਦ ਪਾਕਿਸਤਾਨ ਅਤੇ ਉਸ ਦੁਆਰਾ ਚਲਾਏ ਜਾ ਰਹੇ ਅੱਤਵਾਦੀ ਸੰਗਠਨਾਂ ਆਪਣੀ ਔਕਾਤ ਭੁੱਲ ਗਏ ਹਨ ਅਤੇ ਇਹ ਵੀ ਯਾਦ ਨਹੀਂ ਕਿ ਇਹ ਉਹੀ ਭਾਰਤ ਹੈ ਜਿਸ ਨੇ ਪਾਕਿਸਤਾਨ ਵਿੱਚ ਘੁੱਸ ਕੇ 300 ਤੋਂ ਵੱਧ ਅੱਤਵਾਦੀਆਂ ਦਾ ਖਾਤਮਾ ਕਰਕੇ ਚੰਗਾ ਸਬਕ ਸਿਖਾਇਆ ਸੀ।
ਆਸ਼ੀਸ਼ ਕਪੂਰ ਨੇ ਕਿਹਾ ਕਿ ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਇਸ ਕਾਇਰਾਨਾ ਹਰਕਤ ਦਾ ਇਕ ਵਾਰ ਫਿਰ ਤੋਂ ਕਰਾਰਾ ਜਵਾਬ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਭਾਰਤ ਦੇਸ਼ ਸਾਰੇ ਧਰਮਾਂ ਦੇ ਤੀਰਥ ਅਸਥਾਨਾਂ ਨੂੰ ਸੁਰੱਖਿਆ ਦੇ ਰਿਹਾ ਹੈ, ਜਦਕਿ ਪਾਕਿਸਤਾਨ ਅਤੇ ਉਸ ਦੇ ਅੱਤਵਾਦੀ ਹਿੰਦੂ ਧਾਰਮਿਕ ਤੀਰਥ ਅਸਥਾਨਾਂ ਵਿਚ ਰੁਕਾਵਟਾਂ ਪੈਦਾ ਕਰਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੀ ਬੱਸ ਉੱਤੇ ਅੱਤਵਾਦੀ ਹਮਲਾ ਕਰਕੇ ਮਾਸੂਮ ਤੇ ਨਿਰਦੋਸ਼ ਯਾਤਰੀਆਂ ਦੇ ਕਤਲ ਤੋਂ ਬਾਅਦ ਦੇਸ਼ ਵਿੱਚ ਗੁੱਸਾ ਹੈ, ਜਿਸ ਦਾ ਜਲਦ ਤੋਂ ਜਲਦ ਢੁਕਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ।
ਸ੍ਰੀ ਕਪੂਰ ਨੇ ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਵੀ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ, ਇਸ ਲਈ ਜ਼ਰੂਰੀ ਹੈ ਕਿ ਅੱਤਵਾਦੀਆਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਜਵਾਬ ਦੇ ਦਿੱਤਾ ਜਾਵੇ।
ਇਸ ਮੌਕੇ ਪਟਿਆਲਾ ਸ਼ਹਿਰੀ ਪ੍ਰਧਾਨ ਹਰਸ਼ ਸਿੰਗਲਾ, ਪਟਿਆਲਾ ਦਿਹਾਤੀ ਪ੍ਰਧਾਨ ਪ੍ਰਵੀਨ ਮਲਹੋਤਰਾ, ਅਸ਼ੀਸ਼ ਵਰਮਾ, ਮਨੀਸ਼ ਅਨੇਜਾ, ਸੰਜੀਵ ਗੋਇਲ, ਰਾਣਾ, ਰਿਸ਼ਵ ਮਲਹੋਤਰਾ, ਆਦਿ ਹਾਜ਼ਰ ਸਨ।
Newsline Express
