ਕਾਠਮੰਡੂ, 12 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਨੇਪਾਲ ਵਿੱਚ ਅੱਜ ਸਵੇਰੇ ਢਿੱਗਾਂ ਡਿੱਗਣ ਕਾਰਨ 63 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ਵਿੱਚ ਰੁੜ੍ਹ ਗਈਆਂ। ਜਾਣਕਾਰੀ ਅਨੁਸਾਰ ਦੋਵੇਂ ਬੱਸਾਂ ਵਿੱਚ ਬੱਸ ਡਰਾਈਵਰ ਸਮੇਤ ਕੁੱਲ 63 ਲੋਕ ਸਵਾਰ ਸਨ। ਇਹ ਹਾਦਸਾ ਸਵੇਰੇ ਕਰੀਬ 3.30 ਵਜੇ ਵਾਪਰਿਆ। ਫਿਲਹਾਲ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਕੇ ਉੱਤੇ ਮੌਜੂਦ ਹਨ ਤੇ ਬਚਾਅ ਕਾਰਜ ਜਾਰੀ ਹਨ, ਪਰ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਚਾਅ ਕਾਰਜ ‘ਚ ਰੁਕਾਵਟ ਆ ਰਹੀ ਹੈ। ਪ੍ਰਸ਼ਾਸਨ ਮੁਤਾਬਿਕ ਰਾਜਧਾਨੀ ਕਾਠਮੰਡੂ ਜਾ ਰਹੀ ਏਂਜਲ ਬੱਸ ਅਤੇ ਗਣਪਤੀ ਡੀਲਕਸ ਸਵੇਰੇ ਕਰੀਬ 3.30 ਵਜੇ ਹਾਦਸਾਗ੍ਰਸਤ ਹੋ ਗਏ। ਪੁਲਿਸ ਨੇ ਦੱਸਿਆ ਕਿ ਕਾਠਮੰਡੂ ਜਾ ਰਹੀ ਬੱਸ ‘ਚ 24 ਲੋਕ ਸਵਾਰ ਸਨ ਅਤੇ ਦੂਜੀ ਬੱਸ ‘ਚ 41 ਲੋਕ ਸਵਾਰ ਸਨ। ਗਣਪਤੀ ਡੀਲਕਸ ਵਿੱਚ ਸਵਾਰ ਤਿੰਨ ਯਾਤਰੀ ਗੱਡੀ ਤੋਂ ਛਾਲ ਮਾਰਨ ਵਿੱਚ ਕਾਮਯਾਬ ਹੋ ਗਏ। ਇਸ ਹਾਦਸੇ ਵਿੱਚ ਕਈਆਂ ਦੀ ਮੌਤ ਹੋਣ ਦਾ ਖਦਸ਼ਾ ਹੈ। ਮਰਨ ਵਾਲਿਆਂ ਵਿੱਚ ਕਈ ਭਾਰਤੀ ਵੀ ਸ਼ਾਮਲ ਹਨ।
previous post