ਵੀਰ ਹਕੀਕਤ ਰਾਏ ਸਕੂਲ ਵਿਖੇ ਕਰਵਾਏ ਭਾਸ਼ਣ ਮੁਕਾਬਲੇ
– ਡਾ. ਨੈਲਸਨ ਮੰਡੇਲਾ ਦਾ ਮਨਾਇਆ ਜਨਮ ਦਿਵਸ
ਪਟਿਆਲਾ, 18 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਸਕੂਲ ਵਿਖੇ ਪੇਪਰ ਪੜ੍ਹਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਵਿੱਚ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਸ਼ਾਮਿਲ ਸਨ। ਭਾਰਤ ਰਤਨ ਅਤੇ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਡਾ. ਨੈਲਸਨ ਮੰਡੇਲਾ ਦੇ ਜਨਮ ਦਿਵਸ ਮੌਕੇ ਇਹ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਦੇ ਵਿਸ਼ੇ ਭਾਰਤ ਰਤਨ ਪ੍ਰਾਪਤ ਡਾ. ਭੀਮ ਰਾਓ ਅੰਬੇਦਕਰ, ਡਾ. ਏ.ਪੀ.ਜੇ ਅਬਦੁਲ ਕਲਾਮ, ਡਾ. ਨੈਲਸਨ ਮੰਡੇਲਾ, ਲਤਾ ਮੰਗੇਸ਼ਕਰ ਅਤੇ ਸਚਿਨ ਤੇਂਦੁਲਕਰ ਸਨ।
ਸਾਬਕਾ ਸਬ ਇੰਸਪੈਕਟਰ ਗੁਰਜਾਪ ਸਿੰਘ, ਮਨਜੀਤ ਕੌਰ ਆਜ਼ਾਦ, ਸਾਬਕਾ ਪ੍ਰਿੰਸੀਪਲ ਅਲਕਾ ਅਰੋੜਾ, ਉਪਕਾਰ ਸਿੰਘ ਗਿਆਨ ਜਯੋਤੀ ਐਜ਼ੂਕੇਸ਼ਨਲ ਸੁਸਾਇਟੀ, ਪ੍ਰਵਿੰਦਰ ਵਰਮਾ, ਜਸਪ੍ਰੀਤ ਸਿੰਘ ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ, ਰਵਿੰਦਰ ਕੌਰ ਨੇ ਇਸ ਮੁਕਾਬਲੇ ਦੀ ਜਜਮੈਂਟ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਹਰ ਸਕੂਲ, ਕਾਲਜ ਵਿੱਚ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਇਮਾਨਦਾਰੀ ਅਤੇ ਨਿਮਰਤਾ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ।
ਕਾਕਾ ਰਾਮ ਵਰਮਾ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਵਿੱਚ ਇਸ਼ਪ੍ਰੀਤ ਕੌਰ, ਈਸ਼ਾ ਵਰਮਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ, ਸਿਮਰਨ, ਅਨੁ ਸਿੰਗਲਾ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਅਤੇ ਪ੍ਰਸ਼ੰਸਾ, ਪ੍ਰਭਸ਼ਰਨ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ। ਪੇਪਰ ਪੜ੍ਹਨ ਮੁਕਾਬਲੇ ਵਿੱਚ ਪਨਮਨਜੋਤ ਕੌਰ, ਸ਼ਵੇਤਾ ਪਹਿਲੇ, ਯਾਦਵੀ, ਕ੍ਰਿਤਿਕਾ ਦੂਸਰੇ, ਚਰਨਜੀਤ ਕੌਰ, ਗੁਰਵੀਰ ਤੀਸਰੇ ਨੰਬਰ ਤੇ ਰਹੇ। ਵੰਨਸ਼ਿਕਾ ਦਿਓਰਾ, ਰਾਜਵੀਰ, ਨੈਨਾ, ਗੁਰਲੀਨ ਕੌਰ, ਅੰਜਲੀ, ਖੁਸ਼ੀ ਸਮੇਤ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੀਰ ਹਕੀਕਤ ਰਾਏ ਸਕੂਲ ਦੇ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਭਾਰਤ ਰਤਨ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਇਹਨਾਂ ਮਹਾਨ ਸ਼ਖਸੀਅਤਾਂ ਦੇ ਜੀਵਨ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਅਧਿਆਪਕ ਨਰੇਸ਼ ਕੁਮਾਰੀ, ਹਰਮਨ ਸਿੰਘ, ਰਵਿੰਦਰ ਕੌਰ ਵੀ ਮੌਜੂਦ ਸਨ ਜਿਨ੍ਹਾਂ ਨੇ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।