ਨਵੀਂ ਦਿੱਲੀ, 2 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਸਰਕਾਰ ਆਮ ਲੋਕਾਂ ਨੂੰ ਰਾਹਤ ਦੇਣ ਲਈ ਦਿੱਲੀ ਤੇ ਉਸ ਦੇ ਆਸਪਾਸ ਦੇ ਇਲਾਕਿਆਂ ਤੇ ਮੁੰਬਈ ਦੇ ਪਰਚੂਨ ਬਾਜ਼ਾਰਾਂ ’ਚ ਸਸਤੀ ਦਰ ’ਤੇ ਟਮਾਟਰ ਵੇਚੇਗੀ। ਟਮਾਟਰ ਵਿਕਰੀ ਸ਼ੁੱਕਰਵਾਰ ਤੋਂ 50 ਰੁਪਏ ਪ੍ਰਤੀ ਕਿੱਲੋ ਦੇ ਭਾਅ ’ਤੇ ਕੀਤੀ ਜਾਏਗੀ। ਹਾਲੇ ਇਸ ਨੂੰ 60 ਰੁਪਏ ਪ੍ਰਤੀ ਕਿੱਲੋ ਦੇ ਭਾਅ ’ਤੇ ਵੇਚਿਆ ਜਾ ਰਿਹਾ ਹੈ। ਕੇਂਦਰੀ ਖੁਰਾਕ ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ’ਚ 60 ਰੁਪਏ ਪ੍ਰਤੀ ਕਿੱਲੋ ਦੀ ਰਿਆਇਤੀ ਦਰ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਕੀਤੀ ਸੀ। ਬਾਅਦ ’ਚ ਇਸ ਦੀ ਵਿਕਰੀ ਮੁੰਬਈ ’ਚ ਵੀ ਸ਼ੁਰੂ ਕੀਤੀ ਗਈ। ਜੋਸ਼ੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੇ ਦਖਲ ਦੇ ਬਾਅਦ ਟਮਾਟਰ ਦੀਆਂ ਕੀਮਤਾਂ ਘੱਟ ਹੋਈਆਂ ਹਨ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਦੋ ਅਗਸਤ ਤੋਂ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਤੇ ਮੁੰਬਈ ’ਚ 50 ਰੁਪਏ ਪ੍ਰਤੀ ਕਿੱਲੋ ਦੀ ਦਰ ’ਤੇ ਟਮਾਟਰ ਵੇਚਣਾ ਸ਼ੁਰੂ ਕਰਨਗੇ। ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨਸੀਸੀਐੱਫ) ਮੋਬਾਈਲ ਵੈਨ ਦੇ ਜ਼ਰੀਏ ਟਮਾਟਰ ਵੇਚ ਰਿਹਾ ਹੈ।
previous post