???? ਮਹਿਲਾ SHO ‘ਤੇ ਜਾਨਲੇਵਾ ਹਮਲਾ; ਤੇਜ਼ ਧਾਰ ਹਥਿਆਰਾਂ ਨਾਲ ਵੱਢਿਆ ਕੰਨ
ਅੰਮ੍ਰਿਤਸਰ, 3 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਅੰਮ੍ਰਿਤਸਰ ਵਿਚ ਬਦਮਾਸ਼ਾਂ ਨੇ ਥਾਣੇ ਦੀ ਮਹਿਲਾ SHO ‘ਤੇ ਹਮਲਾ ਕਰ ਦਿੱਤਾ। ਮਹਿਲਾ SHO ਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਵੱਲੋਂ ਹਮਲਾ ਕਰਨ ਵਾਲੇ ਬਦਮਾਸ਼ਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਅੰਮ੍ਰਿਤਸਰ ਦੇ ਵੇਰਕਾ ਥਾਣੇ ਅਧੀਨ ਪੈਂਦੇ ਪਿੰਡ ਮੁੱਦਲ ਦੀ ਹੈ। ਇਸ ਹਮਲੇ ਵਿੱਚ SHO ਅਮਨਜੋਤ ਕੌਰ ਦਾ ਕੰਨ ਵੱਢ ਦਿੱਤਾ ਗਿਆ ਤੇ ਉਨ੍ਹਾਂ ਦੇ ਸਿਰ ’ਤੇ ਵੀ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਤੁਰੰਤ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਨਲੇਵਾ ਹਮਲਾ ਕਰਨ ਵਾਲਿਆਂ ਵਿਚ ਮੁੱਖ ਦੋਸ਼ੀ ਛੁੱਟੀ ਉਤੇ ਆਏ ਫੌਜੀ ਸੁਖਜੀਤ ਸਿੰਘ ਵਾਸੀ ਪਿੰਡ ਲੁੱਧੜ ਨੂੰ ਪੁਲਿਸ ਨੇ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਇਸਦੇ ਬਾਕੀ ਸਾਥੀਆਂ ਦੀ ਭਾਲ ਵਿਚ ਪੁਲਿਸ ਦੀਆਂ ਟੀਮਾਂ ਵਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਡੀ. ਸੀ. ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਉਕਤ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਾਕੀ ਹਮਲਾਵਰਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
