???? ਪੁਲ਼ ਦੀ ਰੇਲਿੰਗ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਦਰਦਨਾਕ ਮੌਤ
???? ਇੱਕ ਪੁਲ ਤੋਂ ਡਿੱਗਿਆ, ਦੂਸਰਾ ਸਰੀਏ ‘ਚ ਫਸਿਆ
ਗੁਰਾਇਆ, 6 ਸਤੰਬਰ – ਨਿਊਜ਼ ਲਾਈਨ ਐਕਸਪ੍ਰੈਸ – ਮੁੱਖ ਮਾਰਗ ਗੁਰਾਇਆ ਪੁਲ ਉੱਪਰ ਵਾਪਰੇ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋ ਨੌਜਵਾਨ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੇ ਸਨ ਕਿ ਗੁਰਾਇਆ ਮੇਨ ਚੌਕ ਦੇ ਪੁਲ ਉੱਪਰ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਪੁਲ ਦੀ ਰੇਲਿੰਗ ‘ਚ ਜਾ ਵੱਜਿਆ।
ਮੋਟਰਸਾਇਕਲ ਦੀ ਰੇਲਿੰਗ ‘ਚ ਟੱਕਰ ਵੱਜਣ ਨਾਲ ਇੱਕ ਨੌਜਵਾਨ ਪੁਲ ਤੋਂ ਹੇਠਾਂ ਜਾ ਡਿੱਗਿਆ ਅਤੇ ਦੂਸਰਾ ਨੌਜਵਾਨ ਪੁਲ ਦੀ ਰੇਲਿੰਗ ਦੇ ਸਰੀਏ ‘ਚ ਫਸ ਕੇ ਪੁਲ ‘ਤੇ ਲਟਕ ਗਿਆ, ਜਿਸ ਨਾਲ ਦੋਨਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਪਿੰਡ ਉੱਚੇ ਕੇ ਕੱਪਰਾ ਜ਼ਿਲ੍ਹਾ ਅੰਮ੍ਰਿਤਸਰ ਤੇ ਨਵਦੀਪ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਜੈਤੋਂ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਦੋਨਾਂ ਨੌਜਵਾਨਾਂ ਦੀਆਂ ਲਾਸ਼ਾ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਮੋਰਚਰੀ ਵਿੱਚ ਰੱਖਣ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਆਉਣ ‘ਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
