ਮਾਮਲਾ 100 ਕਰੋੜ ਦੇ ਕਥਿਤ ਸਾਈਬਰ ਘਪਲੇ ਦਾ ..…..
???? ਮੰਤਰੀ ਬੈਂਸ ਤੇ ਪਤਨੀ ‘ਤੇ ਲੱਗੇ ਦੋਸ਼ਾਂ ਤੋਂ ਪਰਦਾ ਚੁੱਕਣ ਲਈ ਸਾਰੀਆਂ ਪਰਤਾਂ ਖੋਲ੍ਹੇਗੀ ਐਸ.ਆਈ.ਟੀ.
???? ਇਸ ਮਾਮਲੇ ਨਾਲ ਸਾਡਾ ਕੋਈ ਵਾਸਤਾ ਨਹੀਂ, ਮਾਣਹਾਨੀ ਦਾ ਕੇਸ ਕਰਾਂਗਾ : ਬੈਂਸ
ਚੰਡੀਗੜ੍ਹ, 12 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – 100 ਕਰੋੜ ਦੇ ਸਾਈਬਰ ਘਪਲੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਨ੍ਹਾਂ ਦੀ ਪਤਨੀ ਜੋਤੀ ਯਾਦਵ ‘ਤੇ ਦੋਸ਼ ਲੱਗਣ ਮਗਰੋਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸ. ਆਈ. ਟੀ. ਦਾ ਗਠਨ ਕੀਤਾ ਹੈ। ਇਹ ਤਿੰਨ ਮੈਂਬਰੀ ਐਸ. ਆਈ. ਟੀ. ਹੁਣ ਮੰਤਰੀ ਅਤੇ ਉਨ੍ਹਾਂ ਦੀ ਪਤਨੀ ‘ਤੇ ਲੱਗੇ ਗੰਭੀਰ ਦੋਸ਼ਾਂ ਤੋਂ ਪਰਦਾ ਚੁੱਕੇਗੀ ਕਿ ਆਖਿਰ ਇਸ ਕੇਸ ਦੀ ਅਸਲੀਅਤ ਕੀ ਹੈ ਅਤੇ ਕੀ ਅਸਲ ਵਿਚ ਲੱਗੇ ਦੋਸ਼ਾਂ ਅਨੁਸਾਰ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਦਾ ਇਸ ਮਾਮਲੇ ਨਾਲ ਕੋਈ ਵਾਸਤਾ ਹੈ ਜਾਂ ਫਿਰ ਇਹ ਕਿਸੇ ਵੱਡੀ ਸਿਆਸੀ ਸਾਜਿਸ਼ ਦਾ ਹਿੱਸਾ ਹੈ। ਡੀ. ਜੀ. ਪੀ. ਵਲੋਂ ਗਠਿਤ ਐਸ. ਆਈ. ਟੀ. ‘ਚ ਏ. ਡੀ. ਜੀ. ਪੀ. ਵੀ. ਨੀਰਜਾ, ਆਈ. ਜੀ. ਧਨਪ੍ਰੀਤ ਕੌਰ ਅਤੇ ਮੁਹਾਲੀ ਦੇ ਐਸ. ਐਸ. ਪੀ. ਦੀਪਕ ਪਾਰਿਕ ਨੂੰ ਸ਼ਾਮਿਲ ਕੀਤਾ ਗਿਆ ਹੈ। ਐਸ. ਆਈ. ਟੀ. ਦੇ ਇਕ ਮੈਂਬਰ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਟੀਮ ਜਲਦ ਜਾਂਚ ਦਾ ਕੰਮ ਸ਼ੁਰੂ ਕਰੇਗੀ ਅਤੇ ਪੂਰੀ ਬਾਰੀਕੀ ਨਾਲ ਕੇਸ ਦੇ ਹਰ ਪਹਿਲੂ ਦੀ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇਗਾ।
ਉਧਰ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੰਸਪੈਕਟਰ ਅਮਨਜੋਤ ਕੌਰ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਤਨੀ ਦਾ ਇਸ ਮਸਲੇ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੈ, ਸਗੋਂ ਇਹ ਸਿਰਫ਼ ਉਨ੍ਹਾਂ ਦੀ ਦਿੱਖ ਖ਼ਰਾਬ ਕਰਨ ਲਈ ਕੋਈ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਉਹ ਸੱਚੇ ਹਨ ਅਤੇ ਹਰ ਜਾਂਚ ਲਈ ਤਿਆਰ ਹਨ, ਸੱਚ ਤੋਂ ਪਰਦਾ ਜ਼ਰੂਰ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਇੰਸਪੈਕਟਰ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਸਿਆਸੀ ਵਿਰੋਧੀਆਂ ਕਾਂਗਰਸ ਅਤੇ ਅਕਾਲੀ ਦਲ ਵਲੋਂ ਸਰਕਾਰ ਅਤੇ ਮੰਤਰੀ ਬੈਂਸ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਇਸ ਮਾਮਲੇ ‘ਚ ਬਣੀ ਐੱਸ. ਆਈ. ਟੀ. ਜਾਂਚ ਮਗਰੋਂ ਸਭ ਸਾਫ਼ ਕਰ ਦੇਵੇਗੀ।
ਦੱਸਿਆ ਜਾ ਰਿਹਾ ਹੈ ਕਿ ਇਸ ਐੱਸ.ਆਈ.ਟੀ. ‘ਚ ਬੇਹੱਦ ਸਾਫ਼ ਤੇ ਇਮਾਨਦਾਰ ਜ਼ਖ਼ਸੀਅਤ ਵਾਲੇ ਪੁਲਿਸ ਅਫ਼ਸਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਮਗਰੋਂ ਸੱਚ ਵੀ ਸਾਹਮਣੇ ਆ ਸਕੇ ਅਤੇ ਜਾਂਚ ‘ਤੇ ਕੋਈ ਉਂਗਲ ਵੀ ਨਾ ਉੱਠਾ ਸਕੇ। ਦੱਸਣਯੋਗ ਹੈ ਕਿ ਸਾਈਬਰ ਕ੍ਰਾਈਮ ‘ਚ ਸੇਵਾ ਨਿਭਾਅ ਚੁੱਕੀ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਰੁਪਏ ਦੇ ਵੱਡੇ ਸਾਈਬਰ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ, ਜਿਸ ਮਗਰੋਂ ਉਸ ਵਲੋਂ ‘ਆਪ’ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਨ੍ਹਾਂ ਦੀ ਪਤਨੀ ਐਸ. ਪੀ. ਜੋਤੀ ਯਾਦਵ ‘ਤੇ ਗੰਭੀਰ ਦੋਸ਼ ਲਗਾਏ ਗਏ ਸਨ। ਉਸ ਵਲੋਂ ਇਸ ਮਾਮਲੇ ‘ਚ ਡੀ. ਜੀ. ਪੀ. ਗੌਰਵ ਯਾਦਵ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਮਗਰੋਂ ਮਾਮਲੇ ਨੇ ਸਿਆਸੀ ਰੰਗਤ ਲੈ ਲਈ ਸੀ। ਡੀ.ਜੀ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਇੰਸਪੈਕਟਰ ਅਮਨਜੋਤ ਕੌਰ ਨੇ ਦੋਸ਼ ਲਗਾਏ ਸਨ ਕਿ ਫਰਜ਼ੀ ਕਾਲ ਸੈਂਟਰ ਦੇ ਮਾਲਕ ਨਾਲ ਮੰਤਰੀ ਬੈਂਸ ਦੇ ਡੂੰਘੇ ਸੰਬੰਧ ਹਨ ਅਤੇ ਉਸ ਵਲੋਂ ਮੰਤਰੀ ਨੂੰ ਫ਼ੰਡ ਵੀ ਦਿੱਤੇ ਗਏ ਹਨ। ਹੁਣ ਸਾਰੇ ਪਹਿਲੂਆਂ ਅਤੇ ਦੋਸ਼ਾਂ ਦੀ ਐੱਸ.ਆਈ.ਟੀ.ਡੂੰਘਾਈ ਨਾਲ ਜਾਂਚ ਕਰੇਗੀ ਅਤੇ ਆਪਣੀ ਰਿਪੋਰਟ ਜਲਦ ਡੀ.ਜੀ.ਪੀ. ਨੂੰ ਸੌਂਪੇਗੀ।
