ਪਠਾਨਕੋਟ, 6 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀਰਵਾਰ ਸਵੇਰੇ ਕਰੀਬ 9:26 ਵਜੇ ਪਠਾਨਕੋਟ ਵਿਖੇ ਜੀਐਸਟੀ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਕੁੱਲ 16 ਮੁਲਾਜ਼ਮਾਂ ਵਿੱਚੋਂ 8 ਮੁਲਾਜ਼ਮ ਗੈਰਹਾਜ਼ਰ ਪਾਏ ਗਏ। ਇਨ੍ਹਾਂ ਵਿੱਚੋਂ ਇੱਕ ਮੁਲਾਜ਼ਮ ਨੇ ਆਪਣੀ ਛੁੱਟੀ ਰੱਖੀ ਹੋਈ ਸੀ।
ਇਸ ਤਰ੍ਹਾਂ ਅੱਧੇ ਮੁਲਾਜ਼ਮ ਗੈਰਹਾਜ਼ਰ ਪਾਏ ਗਏ। ਮੰਤਰੀਆਂ ਨੇ ਚੈਕਿੰਗ ਕਰਨ ਉਪਰੰਤ ਹਾਜ਼ਰੀ ਰਜਿਸਟਰ ਜ਼ਬਤ ਕਰ ਲਿਆ ਅਤੇ ਆਪਣੇ ਨਾਲ ਲੈ ਗਏ। ਇਸ ਮੌਕੇ ਚੀਮਾ ਨੇ ਕਿਹਾ ਕਿ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਡਿਊਟੀ ਤੋਂ ਕੁਤਾਹੀ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਉਨ੍ਹਾਂ ਦਾ ਨਿਸ਼ਾਨਾ ਹੈ ਕਿ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਦਾ ਲੋਕਾਂ ਨੂੰ ਬਿਨਾਂ ਕਿਸੇ ਤਰ੍ਹਾਂ ਦੀ ਦੇਰੀ, ਖੱਜਲ-ਖੁਆਰੀ ਦੇ ਲਾਭ ਮਿਲੇ। ਇਸ ਕਰਕੇ ਪ੍ਰਸ਼ਾਸਨ ਦੀ ਜਵਾਦੇਹੀ ਯਕੀਨੀ ਬਣਾਉਣ ਲਈ ਇਹ ਚੈਕਿੰਗ ਕੀਤੀ ਗਈ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀਆਂ ਅਚਨਚੇਤ ਚੈਕਿੰਗਾਂ ਚਲਦੀਆਂ ਰਹਿਣਗੀਆਂ ਤਾਂ ਜੋ ਆਮ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਹੂਲਤਾਂ ਸਮੇਂ ਸਿਰ ਮਿਲਦੀਆਂ ਰਹਿਣ। ਉਨ੍ਹਾਂ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕੀ ਉਹ ਆਪਣੀ ਡਿਊਟੀ ਤੇ ਸਮੇਂ ਸਿਰ ਹਾਜ਼ਰ ਹੋਣ ਅਤੇ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਕਰਨਾ ਯਕੀਨੀ ਬਣਾਉਣ।
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬੀਤੀ ਸ਼ਾਮ ਪਠਾਨਕੋਟ ਵਿਖੇ ਪੁੱਜੇ ਹੋਏ ਸਨ ਅਤੇ ਉਹ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੋਨੋਂ ਲੰਘੀ ਰਾਤ ਰਣਜੀਤ ਸਾਗਰ ਡੈਮ ਉੱਪਰ ਰੁਕੇ ਹੋਏ ਸਨ।
previous post