newslineexpres

Home Article ????????ਔਰਤ ਕੋਮਲ ਹੈ, ਕਮਜ਼ੋਰ ਨਹੀਂ

????????ਔਰਤ ਕੋਮਲ ਹੈ, ਕਮਜ਼ੋਰ ਨਹੀਂ

by Newslineexpres@1

ਔਰਤ ਕੋਮਲ ਹੈ, ਕਮਜ਼ੋਰ ਨਹੀਂ

ਕਹਿੰਦੇ ਨੇ ਪਰਮਾਤਮਾ ਨੇ ਜਦੋਂ ਇਨਸਾਨ ਤੋਂ ਸਵਰਗ ਖੋਹਿਆ ਤਾਂ ਉਸਨੇ ਬਦਲੇ ਵਿੱਚ ਇਨਸਾਨ ਨੂੰ ਔਰਤ ਦੇ ਦਿੱਤੀ। ਔਰਤ ਜਿਸਨੇ ਇਨਸਾਨ ਦੀ ਜ਼ਿੰਦਗੀ ਨੂੰ ਸਵਰਗ ਤੋਂ ਵੀ ਸੋਹਣਾ ਬਣਾ ਦਿੱਤਾ। ਕਦੀਂ ਔਰਤ ਨੇ ਮਾਂ ਬਣ ਕੇ ਇਨਸਾਨ ਨੂੰ ਜਨਮ ਦਿੱਤਾ, ਤਾਂ ਕਦੀਂ ਭੈਣ ਬਣ ਕੇ ਭਰਾ ਦੀ ਕਲਾਈ ਸਜਾਈ । ਕਿਤੇ ਔਰਤ ਨੇ ਧੀ ਬਣ ਕੇ ਪਿਓ ਲਈ ਦੁਆਵਾਂ ਮੰਗੀਆਂ ਤੇ ਕਿਤੇ ਪਤਨੀ ਬਣ ਕੇ ਪਤੀ ਦੇ ਹਰ ਕੰਮ ਵਿੱਚ ਸਾਥ ਦਿੱਤਾ। ਔਰਤ, ਜਿਹਦਾ ਸਭ ਤੋਂ ਵੱਡਾ ਗੁਨਾਹ ਇਹੀ ਹੈ ਕਿ ਉਹ ਇੱਕ ਔਰਤ ਹੈ। ਅੱਜ ਕੱਲ ਦੇ ਸਮੇਂ ਵਿੱਚ ਵੀ ਜੇਕਰ ਕਿਸੇ ਮਾਂ ਦੇ ਧੀ ਜੰਮ ਪਏ ਤਾਂ ਪੂਰਾ ਟੱਬਰ ਬੈਠ ਕੇ ਹੰਜੂ ਕੇਰਨ ਲੱਗ ਪੈਂਦਾ ਹੈ। ਉਸ ਨੂੰ ਬਹੁਤ ਤਾਨੇ ਮੇਣੇ ਸੁਣਣੇ ਪੈਂਦੇ ਹਨ ਅਤੇ ਜੇ ਉਸੇ ਪਰਿਵਾਰ ਵਿੱਚ ਮੁੰਡਾ ਜੰਮ ਪਏ ਤਾਂ ਲੱਡੂ ਵੰਡੇ ਜਾਂਦੇ ਹਨ, ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਧੀਆਂ ਤੇ ਹੁੰਦੇ ਅੱਤਿਆਚਾਰ ਨੂੰ ਵੇਖ ਕੇ ਕਵੀ ਦੀ ਕਲਮ ਇਹ ਲਿਖਣ ਨੂੰ ਮਜਬੂਰ ਹੋ ਜਾਂਦੀ ਹੈ ਕਿ-
ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਹੈ।
ਕੁੜੀਆਂ ਤਾਂ ਚਿੜੀਆਂ ਨੇ, ਚਿੜੀਆਂ ਦਾ ਕੀ ਹੈ।
ਸਾਡੇ ਧਾਰਮਿਕ ਗ੍ਰੰਥਾਂ ਵਿੱਚ ਔਰਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ ਲਿਖਿਆ ਗਿਆ ਹੈ – “ਯਦਾ ਨਾਰੀ ਭੁਜਯਤੀ, ਰਮਨੰਤੇ ਤਤ੍ਰ ਦੇਵਤਾ”। ਇਸ ਦਾ ਮਤਲਬ ਹੈ ਕਿ ਜਿੱਥੇ ਨਾਰੀ ਦੀ ਪੂਜਾ ਹੁੰਦੀ ਹੈ ਉੱਥੇ ਦੇਵਤਾ ਨਿਵਾਸ ਕਰਦੇ ਹਨ। ਗੁਰਬਾਣੀ ਵਿੱਚ ਵੀ ਲਿਖਿਆ ਗਿਆ ਹੈ “ਸੋ ਕਿਉਂ ਮੰਦਾ ਆਖੀਏ, ਜਿਸ ਜੰਮੇ ਰਾਜਾਨ”। ਇਹ ਕਿੱਥੇ ਤੱਕ ਠੀਕ ਹੈ ਕਿ ਇੱਕ ਪਾਸੇ ਤਾਂ ਔਰਤ ਦੀ ਪੂਜਾ ਦੇਵੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਉਸਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ। ਉਸ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਹਨ।
ਮੇਰੇ ਖਿਆਲ ਵਿੱਚ ਅੱਜ ਬਦਲਣ ਦੀ ਲੋੜ ਕਿਸੇ ਨੂੰ ਨਹੀਂ ਬਲਕਿ ਔਰਤ ਨੂੰ ਖੁਦ ਨੂੰ ਬਦਲਣ ਦੀ ਲੋੜ ਹੈ। ਔਰਤ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੇ , ਬਲਕਿ ਪੂਰੀ ਤਾਕਤ ਦੇ ਨਾਲ ਅੱਗੇ ਵਧੇ। ਕਦੇ ਨਾ ਕਦੇ ਸਮਾਜ ਵਿੱਚ ਬਦਲਾਅ ਜਰੂਰ ਆਏਗਾ ਅਤੇ ਹਰ ਔਰਤ ਨੂੰ ਉਹ ਦਰਜਾ ਜਰੂਰ ਮਿਲੇਗਾ ਜਿਸ ਦੀ ਉਹ ਅਸਲ ਵਿੱਚ ਹੱਕਦਾਰ ਹੈ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ –
ਭਾਵੇਂ ਕੱਲੀ ਹੈ, ਪਰ ਲਾਚਾਰ ਨਹੀਂ ।
ਕਿਸੇ ਦਾ ਪਾਉਂਦੀ ਔਰਤ ਪਿਆਰ ਨਹੀਂ ।।
ਜਿੱਤਣਾ ਚਾਹੁੰਦੀ ਹੈ ,ਜਿੰਦਗੀ ਦੀ ਜੰਗ ਇਕੱਲੇ ਹੀ ।
ਹੁਣ ਹਾਰਨ ਨੂੰ ਔਰਤ ਤਿਆਰ ਨਹੀਂ ।
ਹੁਣ ਹਾਰਨ ਨੂੰ ਔਰਤ ਤਿਆਰ ਨਹੀਂ।।
– ਪਾਇਲ 
ਹਿੰਦੀ ਅਧਿਆਪਕਾ
ਸਰਕਾਰੀ ਮਿਡਲ ਸਕੂਲ ,ਖੁੱਡਾ।

Related Articles

Leave a Comment