???? ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਮੇਤ 5 ਅਧਿਕਾਰੀਆਂ ਖਿਲਾਫ਼ ਐਫ.ਆਈ.ਆਰ. ਦਰਜ਼
???? ਵੀ.ਸੀ. ਰਹਿੰਦਿਆਂ ਪੁਲਿਸ ਪਰਚੇ ‘ਚ ਨਾਮਜ਼ਦ ਹੋਣੇ ਵਾਲੇ ਦੂਜੇ ਵੀ.ਸੀ.
ਪਟਿਆਲਾ, 29 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਤਰੁੱਟੀਆਂ ਯੁਕਤ ਮਹਾਨ ਕੋਸ਼ ਦੀ ਕਾਪੀ ਨਸ਼ਟ ਇਕਕਰਨ ਦੇ ਮਾਮਲੇ ਵਿੱਚ ਪਟਿਆਲਾ ਪੁਲਸ ਨੇ ਵਿਦਿਆਰਥੀਆਂ ਦੀ ਸ਼ਿਕਾਇਤ ਤੇ ਵੀਸੀ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰ ਸਿੰਘ, ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਡਾ. ਹਰਜਿੰਦਰਪਾਲ ਸਿੰਘ ਕਾਲੜਾ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 298 ਤਹਿਤ ਪਰਚਾ ਦਰਜ ਕਰ ਲਿਆ ਹੈ।
ਇਸ ਦੇ ਨਾਲ ਹੀ ਡਾ. ਜਗਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਜਿਹੇ ਦੂਜੇ ਵੀਸੀ ਬਣ ਗਏ ਹਨ, ਜਿਨ੍ਹਾਂ ਉੱਪਰ ਵੀਸੀ ਦੀ ਕੁਰਸੀ ਤੇ ਰਹਿੰਦਿਆਂ ਪੁਲਸ ਪਰਚਾ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2002 ਵਿੱਚ ਤਤਕਾਲੀ ਵੀਸੀ ਡਾ. ਜਸਬੀਰ ਸਿੰਘ ਆਹਲੂਵਾਲੀਆ ਤੇ ਵਿਦਿਆਰਥਣ ਸਾਰੂ ਰਾਣਾ ਦੀ ਸ਼ਿਕਾਇਤ ਤੇ ਬਲਾਤਕਾਰ ਦੀ ਕੋਸ਼ਿਸ਼ ਦਾ ਪਰਚਾ ਦਰਜ ਹੋਇਆ ਸੀ। ਉਸ ਤੋਂ ਵੀ ਪਹਿਲਾਂ ਵੀਸੀ ਡਾ. ਜੋਗਿੰਦਰ ਸਿੰਘ ਪੁਆਰ ਤੇ ਵੀਸੀ ਦੇ ਅਹੁਦੇ ਤੋਂ ਮੁਕਤ ਹੋਣ ਉਪਰੰਤ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕੀਤਾ ਸੀ।
ਮੌਜੂਦਾ ਮਾਮਲੇ ਵਿੱਚ ਪਟਿਆਲਾ ਦੇ ਥਾਣਾ ਅਰਬਨ ਅਸਟੇਟ ਵਿਖੇ ਦਰਜ ਐਫਆਈਆਰ ਨੰਬਰ 139 ਮਿਤੀ 28-8-2025 ਮੁਤਾਬਕ ਮਨਵਿੰਦਰ ਸਿੰਘ, ਨਿਰਮਲਜੀਤ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਿੰਘ, ਸਾਹਿਲਦੀਪ ਸਿੰਘ, ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਵੱਲੋਂ ਸਾਂਝੇ ਤੌਰ ਕੇ ਬਿਆਨ ਦਰਜ ਕਰਵਾਇਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਉਕਤ ਸ਼ਿਕਾਇਤੀਆਂ ਦੇ ਧਿਆਨ ਵਿੱਚ ਆਇਆ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਭਾਈ ਕਾਨ ਸਿੰਘ ਨਾਭਾ ਜੀ ਦੀ ਲਿਖਤ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੀਆਂ ਪੋਥੀਆ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਗਦੀਪ ਸਿੰਘ ਵੱਲੋਂ ਨਾਮਜਦ ਕਮੇਟੀ ਨੇ ਇੱਕ ਸਾਜ਼ਿਸ਼ ਤਹਿਤ ਉਕਤ ਪੋਥੀਆਂ ਨੂੰ ਬਿਨਾ ਮਰਿਆਦਾ ਅਤੇ ਸਤਿਕਾਰ ਦੇ ਯੂਨੀਵਰਸਿਟੀ ਦੇ ਕੈਂਪਸ ਅੰਦਰ ਬਾਗਬਾਨੀ ਵਿਭਾਗ ਦੇ ਅੰਦਰ ਟੋਏ ਪੁੱਟ ਕੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਨੂੰ ਪੈਰਾਂ ਵਿੱਚ ਲੜਾਤਦੇ ਹੋਏ ਡੂੰਗੇ ਟੋਏ ਵਿੱਚ ਪਾਣੀ ਭਰ ਕੇ ਬੇਅਦਬੀ ਕੀਤੀ ਹੈ।
ਇਸ ਬਾਰੇ ਪਤਾ ਲੱਗਣ ਤੇ ਅਸੀਂ ਸਮੂਹ ਵਿਦਿਆਰਥੀਆਂ ਨੇ ਬੇਅਦਬੀ ਦੀ ਘਟਣਾ ਵਾਲੀ ਥਾਂ ਤੇ ਪਹੁੰਚਣ ਲਈ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਕਿਹਾ ਕਿ ਬਾਗਬਾਨੀ ਵਿਭਾਗ ਵਿਖੇ ਬੇਅਦਬੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਸੀਂ ਉਕਤ ਵਿਦਿਆਰਥੀਆਂ ਅਤੇ ਹੋਰ ਵਿਦਿਆਰਥੀਆਂ ਦੀ ਸਹਾਇਤਾ ਨਾਲ ਇਸ ਬੇਅਦਬੀ ਨੂੰ ਰੁਕਵਾਇਆ।
ਇਸ ਬੇਅਦਬੀ ਲਈ ਹਰਜਿੰਦਰਪਾਲ ਸਿੰਘ ਕਾਲੜਾ ਇੰਚਾਰਜ ਪਬਲੀਕੇਸ਼ਨ ਬਿਉਰੋ, ਡਾ. ਦਵਿੰਦਰਪਾਲ ਸਿੰਘ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਸਵਿੰਦਰ ਸਿੰਘ ਬਰਾੜ ਡੀਨ ਅਕਾਦਮਿਕ ਮਾਮਲੇ, ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਉਹਨਾਂ ਵੱਲੋ ਮਹਾਨ ਕੋਸ਼ ਨੂੰ ਨਸ਼ਟ ਕਰਨ ਲਈ ਬਣਾਈ ਕਮੇਟੀ ਦੇ ਮੈਂਬਰ ਜਿੰਮੇਵਾਰ ਹਨ, ਜਿਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਵਿਦਿਆਰਥੀਆਂ ਦੀ ਇਸ ਸ਼ਿਕਾਇਤ ਤੇ ਪੁਲਸ ਨੇ ਧਾਰਾ 298 ਤਹਿਤ ਪਰਚਾ ਦਰਜ ਕਰ ਲਿਆ ਹੈ। ਇਹ ਧਾਰਾ ਕਿਸੀ ਵਰਗ ਦੇ ਧਰਮ ਦੇ ਅਪਮਾਨ ਦੇ ਇਰਾਦੇ ਨਾਲ ਪੂਜਾ ਸਥਾਨ ਜਾਂ ਪਵਿੱਤਰ ਵਸਤੂ ਨੂੰ ਨੁਕਸਾਨ ਪਹੁੰਚਾਉਣ ਜਾਂ ਅਪਵਿੱਤਰ ਕਰਨ ਨਾਲ ਸਬੰਧਤ ਹੈ। ਇਸਦੇ ਤਹਿਤ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਜਾਂ ਵਿਅਕਤੀਆਂ ਨੂੰ ਦੋ ਸਾਲ ਦੀ ਕੈਦ, ਜਾਂ ਜੁਰਮਾਨਾ ਜਾਂ ਦੋਵਾਂ ਨਾਲ ਦੰਡਤ ਕੀਤਾ ਜਾ ਸਕਦਾ ਹੈ।
???? ਪੰਜਾਬੀ ਯੂਨੀਵਰਸਿਟੀ ਦੇ ਮੁਖੀ ਨੇ ਸਮੁੱਚੀ ਕੌਮ ਤੋਂ ਮੰਗੀ ਮੁਆਫ਼ੀ
ਪਟਿਆਲਾ, 29 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬੀ ਯੂਨੀਵਰਸਿਟੀ ਵੱਲੋਂ ਲਗਭਗ 16 ਸਾਲ ਪਹਿਲਾਂ ਛਾਪੇ ਗਏ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਦੇ ਗਲਤੀਆਂ ਵਾਲੇ ਐਡੀਸ਼ਨਾਂ ਨੂੰ ਨਸ਼ਟ ਕਰਨ ਦੀ ਅਪਣਾਈ ਗਈ ਵਿਧੀ ਕਾਰਨ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਕਾਪੀਆਂ ਨੂੰ ‘ਜਲ ਪ੍ਰਵਾਹ’ ਕਰਨ ਦੇ ਫੈਸਲੇ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸ ਤੋਂ ਬਾਅਦ ਯੂਨੀਵਰਸਿਟੀ ਮੁਖੀ ਨੇ ਸਮੁੱਚੀ ਕੌਮ ਤੋਂ ਮੁਆਫ਼ੀ ਮੰਗੀ ਹੈ।
???? SGPC ਪ੍ਰਧਾਨ ਨੇ ਮਹਾਨ ਕੋਸ਼ ਦੀ ਬੇਅਦਬੀ ਕਰਨ ਦੀ ਕੀਤੀ ਨਿਖੇਧੀ
ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਿੱਖ ਸਾਹਿਤ ਦੇ ਸਸਕਾਰ ਲਈ ਸ਼੍ਰੋਮਣੀ ਕਮੇਟੀ ਨਾਲ ਕਰਨਾ ਚਾਹੀਦਾ ਸੀ ਰਾਬਤਾ : ਐਡਵੋਕੇਟ ਧਾਮੀ
ਅੰਮ੍ਰਿਤਸਰ, 29 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਮਹਾਨ ਕੋਸ਼ ਨੂੰ ਜਮੀਨ ਹੇਠਾਂ ਦੱਬ ਕੇ ਕੀਤੀ ਬੇਅਦਬੀ ਦੀ ਹਰਕਤ ਨੂੰ ਮੰਦਭਾਗੀ, ਨਿੰਦਣਯੋਗ ਅਤੇ ਸਿੱਖ ਰਹੁਰੀਤਾਂ ਵਿਰੁੱਧ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਵਨ ਗੁਰਬਾਣੀ ਅਤੇ ਸਿੱਖ ਸਾਹਿਤ ਦੇ ਪ੍ਰਤੀ ਆਦਰ-ਸਨਮਾਨ ਰੱਖਣਾ ਹਰ ਸੰਸਥਾ ਦੀ ਜ਼ਿੰਮੇਵਾਰੀ ਹੈ। ਮਹਾਨ ਕੋਸ਼ ਕੋਈ ਸਿਰਫ਼ ਕਿਤਾਬ ਨਹੀਂ ਹੈ, ਸਗੋਂ ਇਹ ਸਿੱਖ ਕੌਮ ਦੀ ਵਿਰਾਸਤ ਹੈ, ਜਿਨ੍ਹਾਂ ਦਾ ਸਹੀ ਮਰਿਆਦਾ ਨਾਲ ਸਸਕਾਰ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਇਸ ਵਿੱਚ ਗੁਰਬਾਣੀ ਦੀਆਂ ਪਾਵਨ ਪੰਕਤੀਆਂ ਅਤੇ ਸਿੱਖ ਇਤਿਹਾਸ ਤੇ ਸਿਧਾਂਤਾਂ ਬਾਰੇ ਜਾਣਕਾਰੀ ਦਰਜ ਹੈ, ਇਸ ਲਈ ਸਿੱਖ ਭਾਵਨਾਵਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਯੂਨੀਵਰਸਿਟੀ ਨੂੰ ਗਲਤੀਆਂ ਵਾਲੇ ਮਹਾਨ ਕੋਸ਼ ਦੇ ਕੁਝ ਅੰਕ ਖਤਮ ਕਰਨ ਦੀ ਲੋੜ ਸੀ, ਤਾਂ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਿਛਲੇ ਲੰਮੇ ਸਮੇਂ ਤੋਂ ਪਾਵਨ ਗੁਰਬਾਣੀ, ਪੁਰਾਣੇ ਸਿੱਖ ਧਾਰਮਿਕ ਗ੍ਰੰਥਾਂ ਅਤੇ ਸਾਹਿਤ ਦਾ ਗੁਰਮਤਿ ਅਨੁਸਾਰ ਸਸਕਾਰ ਕੀਤਾ ਜਾ ਰਿਹਾ ਹੈ। ਇਸ ਲਈ ਕਿਸੇ ਵੀ ਸੰਸਥਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨਮਰਜ਼ੀ ਦੇ ਫ਼ੈਸਲੇ ਕਰਨ ਦੀ ਬਜਾਏ ਧਾਰਮਿਕ ਮਰਿਆਦਾ ਅਨੁਸਾਰ ਕਦਮ ਚੁੱਕੇ। Newsline Express
