ਚੰਡੀਗੜ, 29 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਓਰੋ – ਨਿਊ ਚੰਡੀਗੜ (ਮੋਹਾਲੀ) ਵਿਖੇ ਮੈਡੀਸਿਟੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨੂੰ ਛੇਤੀ ਸ਼ੁਰੂ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਇਸ ਵੱਕਾਰੀ ਪ੍ਰਾਜੈਕਟ ਦੀ ਪ੍ਰਗਤੀ ਦੀ ਹਫ਼ਤਾਵਾਰੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਉਨਾਂ ਨੇ ਸਾਰੇ ਭਾਈਵਾਲਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਅਤਿ ਆਧੁਨਿਕ ਕੈਂਸਰ ਟਰਸ਼ਰੀ ਕੇਅਰ ਫੈਸਲਿਟੀ ਨੂੰ ਨਵੰਬਰ ਤੱਕ ਕਾਰਜਸ਼ੀਲ ਕੀਤਾ ਜਾਵੇ। ਮੁੱਖ ਸਕੱਤਰ, ਡਾਇਰੈਕਟਰ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਡਾ. ਆਰ.ਏ. ਬਡਵੇ, ਪ੍ਰਮੁੱਖ ਸਕੱਤਰ ਸਿਹਤ ਅਤੇ ਮੈਡੀਕਲ ਸਿੱਖਿਆ ਅਲੋਕ ਸ਼ੇਖਰ, ਪੀ.ਡਬਲਿਊ.ਡੀ. ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਨਾਲ ਇੱਥੇ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਨੇ ਪੀ.ਜੀ.ਆਈ. ਚੰਡੀਗੜ ਨੇੜੇ ਬਣਨ ਵਾਲੇ ਇਸ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਇਸਦੀ ਮੌਜੂਦਾ ਸਥਿਤੀ ਦਾ ਜਾਇਜਾ ਲੈਣ ਲਈ ਪਿਛਲੇ ਹਫਤੇ ਸਾਈਟ ਦਾ ਦੌਰਾ ਕੀਤਾ ਸੀ। ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਸੀ-ਵਿੰਗ ਦੇ ਸਾਰੇ ਬਕਾਇਆ ਕੰਮ 15 ਸਤੰਬਰ ਤੋਂ ਪਹਿਲਾਂ ਮੁਕੰਮਲ ਕੀਤੇ ਜਾਣਗੇ ਤਾਂ ਜੋ ਰੇਡੀਓਲੋਜੀ ਉਪਕਰਨਾਂ ਦੀ ਸਥਾਪਨਾ ਦਾ ਕਾਰਜ ਛੇਤੀ ਸੁਰੂ ਕੀਤਾ ਜਾ ਸਕੇ।
ਮਰੀਜ਼ਾਂ ਦੀ ਦੇਖਭਾਲ ਵਾਲੇ ਖੇਤਰਾਂ ਨੂੰ ਕਾਰਜਸ਼ੀਲ ਕਰਨ ਅਤੇ ਮਸ਼ੀਨਾਂ ਦੀ ਸਥਾਪਨਾ ਜਿਹੇ ਕਾਰਜ ਪਹਿਲ ਦੇ ਆਧਾਰ ‘ਤੇ ਮੁਕੰਮਲ ਕਰਨ ਲਈ ਆਖਦਿਆਂ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਡੀ-ਵਿੰਗ ਵਿੱਚ ਲਿਨਾਕ ਮਸ਼ੀਨ ਦੀ ਸਥਾਪਨਾ 3 ਸਤੰਬਰ ਤੋਂ ਸੁਰੂ ਕੀਤੀ ਜਾਵੇ। ਉਨਾਂ ਨੇ ਹਸਪਤਾਲ ਅਤੇ ਦਫ਼ਤਰ ਦੇ ਵੱਖ-ਵੱਖ ਫ਼ਰਨੀਚਰ ਸਬੰਧੀ ਵੀ ਜਾਣਕਾਰੀ ਲਈ। ਡਾ. ਆਰ.ਏ. ਬਡਵੇ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਫਰਨੀਚਰ ਅਤੇ ਹੋਰ ਉਪਕਰਣਾਂ ਦੀ ਖਰੀਦ ਪ੍ਰਗਤੀ ਅਧੀਨ ਹੈ ਅਤੇ ਨਿਰਧਾਰਤ ਸਮਾਂ ਸੀਮਾ ਅੰਦਰ ਸਾਈਟ ’ਤੇ ਪਹੁੰਚਾ ਦਿੱਤੇ ਜਾਣਗੇ।
ਪ੍ਰਾਜੈਕਟ ਦੀ ਪ੍ਰਗਤੀ ‘ਤੇ ਖੁਸ਼ੀ ਜਾਹਿਰ ਕਰਦਿਆਂ, ਮੁੱਖ ਸਕੱਤਰ ਨੇ ਸਮੁੱਚੇ ਪ੍ਰੋਜੈਕਟ ਨੂੰ ਚਲਾਉਣ ਵਾਲੀ ਟੀਮ ਨੂੰ ਨਿਰਧਾਰਤ ਸਮੇਂ ਅਨੁਸਾਰ ਟੀਚਿਆਂ ਨੂੰ ਹਾਸਲ ਅਤੇ ਪੂਰਾ ਕਰਨ ਲਈ ਕਿਹਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 300 ਬਿਸਤਰਿਆਂ ਵਾਲੇ ਇਸ ਅਤਿ ਆਧੁਨਿਕ ਕੈਂਸਰ ਹਸਪਤਾਲ ਨੂੰ ਲੋਕਾਂ ਲਈ ਛੇਤੀ ਤੋਂ ਛੇਤੀ ਉਪਲੱਬਧ ਕਰਵਾਉਣ ਲਈ ਕਿਹਾ ਹੈ।ਇਹ ਹਸਪਤਾਲ ਪੂਰੇ ਉੱਤਰੀ ਖੇਤਰ ਨੂੰ ਟਰਸ਼ਰੀ ਕੇਅਰ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਏਗਾ।
ਜ਼ਿਕਰਯੋਗ ਹੈ ਕਿ 663.74 ਕਰੋੜ ਰੁਪਏ ਦੀ ਮਨਜ਼ੂਰਸ਼ੁਦਾ ਲਾਗਤ ਨਾਲ ਸਥਾਪਤ ਕੀਤੇ ਜਾ ਰਹੇ ਇਸ ਅਹਿਮ ਪਾ੍ਜੈਕਟ ਲਈ ਪੰਜਾਬ ਸਰਕਾਰ ਵੱਲੋਂ 50 ਏਕੜ ਜ਼ਮੀਨ ਮੁਫਤ ਮੁਹੱਈਆ ਕਰਵਾਈ ਗਈ ਹੈ। ਇਹ ਕੈਂਸਰ ਕੇਅਰ ਸੈਂਟਰ ਅਤਿ-ਆਧੁਨਿਕ ਡਾਇਗਨੌਸਟਿਕ ਅਤੇ ਇਲਾਜ ਸਹੂਲਤਾਂ ਜਿਵੇਂ ਦੋ ਲੀਨੀਅਰ ਐਕਸਲਰੇਟਰ, ਬੈ੍ਰਚੀਥੈਰੇਪੀ, ਪੀਈਸੀਟੀ ਸੀਟੀ, ਬੋਨ ਮੈਰੋ ਟ੍ਰਾਂਸਪਲਾਂਟ (ਬੀਐਮਟੀ), ਸੀਟੀ ਸਿਮੂਲੇਟਰ, ਐਮਆਰ ਸਿਮੂਲੇਟਰ, ਇੰਟਰਵੈਂਸ਼ਨਲ ਰੇਡੀਓਲੋਜੀ ਅਤੇ ਸਰਜੀਕਲ ਸਹੂਲਤਾਂ ਨਾਲ ਲੈਸ ਹੋਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮਡੀ ਪੀਐਚਐਸਸੀ ਤਨੂ ਕਸ਼ਯਪ, ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਡਾ. ਸੁਜਾਤਾ ਸ਼ਰਮਾ, ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਨਿਊ ਚੰਡੀਗੜ ਦੇ ਡਾਇਰੈਕਟਰ ਡਾ. ਰਾਕੇਸ਼ ਕਪੂਰ, ਐਚ.ਬੀ.ਸੀ.ਐਚ. ਐਂਡ ਆਰ.ਸੀ. ਦੇ ਇੰਚਾਰਜ ਅਧਿਕਾਰੀ ਡਾ. ਅਸ਼ੀਸ਼ ਗੁਲੀਆ, ਸਹਾਇਕ ਮੈਡੀਕਲ ਸੁਪਰਡੈਂਟ ਐਚ.ਬੀ.ਸੀ.ਐਚ. ਐਂਡ ਆਰ.ਸੀ. ਡਾ. ਨਿਤਿਨ ਮਰਾਠੇ, ਐਸ.ਪੀ.ਸੀ.ਐਲ. ਦੇ ਮੁਖੀ ਐਸ. ਦੀਕਸ਼ਿਤ, ਏਜੀਐਮ ਐਸਪੀਸੀਐਲ ਡਾ. ਗੁਰਪ੍ਰੀਤ ਮਾਨ ਮੌਜੂਦ ਸਨ।