???? ਕਿਸਾਨਾਂ ਉਤੇ ਕਾਤਿਲਾਨਾ ਹਮਲਾ ਕਰਨ ਵਾਲੇ ਹਰਿਆਣਾ ਵਿਚ ਕਰਨਾਲ ਦੇ ਐਸਡੀਐਮ ਅਤੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ: ਜਗਸੀਰ ਕਰੜਾ
ਪਟਿਆਲਾ, 30 ਅਗਸਤ :
-ਨਿਊਜ਼ਲਾਈਨ ਐਕਸਪ੍ਰੈਸ-
ਕਿਸਾਨ ਮਜ਼ਦੂਰ ਸੰਘਰਸ਼ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਗਸੀਰ ਸਿੰਘ ਕਰੜਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਰਿਆਣਾ ਦੇ ਕਰਨਾਲ ਵਿਖੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਸ਼ਾਂਤੀਪੂਰਨ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲਸ ਵੱਲੋਂ ਕੀਤੇ ਗਏ ਕੀਤੇ ਗਏ ਵਹਿਸ਼ੀਆਨਾ ਲਾਠੀਚਾਰਜ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ।
ਜਗਸੀਰ ਸਿੰਘ ਕਰੜਾ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਸ਼ਾਂਤੀਪੂਰਨ ਘੋਲ ਨੂੰ ਜਾਬਰ ਹਥਕੰਡਿਆਂ ਰਾਹੀਂ ਦਬਾਉਣ ਦੀ ਹਿਟਲਰੀ ਚਾਲ ਭਾਜਪਾ ਅਤੇ ਖੱਟੜ ਦੀ ਹਰਿਆਣਾ ਸਰਕਾਰ ਨੂੰ ਬਹੁਤ ਭਾਰੀ ਪਵੇਗੀ।
ਉਹਨਾਂ ਦੱਸਿਆ ਕਿ ਪੁਲਿਸ ਦੇ ਇਸ ਅੰਨੇ ਤਸੱਦਦ ਵਿਚ ਹਰਿਆਣਾ ਦੇ ਇਕ ਕਿਸਾਨ ਦੀ ਅਨਮੋਲ ਜ਼ਿੰਦਗੀ ਚਲੀ ਗਈ ਹੈ ਅਤੇ ਦਰਜਨਾਂ ਕਿਸਾਨਾਂ ਨੂੰ ਬਹੁਤ ਗੰਭੀਰ ਚੋਟਾਂ ਲੱਗੀਆਂ ਹਨ।
ਇੱਕ ਕਿਸਾਨ ਦੇ ਨੱਕ ਦੀ ਹੱਡੀ ਟੁੱਟ ਗਈ ਅਤੇ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਬੇਕਸੂਰ ਕਿਸਾਨਾਂ ਦਾ ਖੂਨ ਵਹਾਅ ਕੇ ਹਰਿਆਣਾ ਸਰਕਾਰ ਦੇ ਇਸ ਤਸੱਦਦ ਨੇ ਅੰਗਰੇਜ਼ਾਂ ਦੇ ਜ਼ਾਲਮ ਰਾਜ ਨੂੰ ਦੁਹਰਾ ਦਿੱਤਾ ਹੈ।
ਹਰਿਆਣਾ ਸਰਕਾਰ ਦੀ ਪੁਲਿਸ ਦੀ ਇਸ ਅਣਮਨੁੱਖੀ ਕਾਰਵਾਈ ਨੇ ਪੂਰੇ ਦੇਸ਼ ਦੇ ਮਿਹਨਤਕੱਸ ਕਿਸਾਨਾਂ ਦੇ ਦਿਲਾਂ ਨੂੰ ਬਹੁਤ ਗਹਿਰੀ ਸੱਟ ਮਾਰੀ ਹੈ।
ਦੇਸ਼ ਦੇ ਕਿਸਾਨ ਭਾਜਪਾ ਦੇ ਇਸ ਘਟੀਆ ਕਾਰਨਾਮੇ ਨੂੰ ਕਦੇ ਨਹੀਂ ਭੁਲਣਗੇ।
ਉਹਨਾਂ ਕਿਹਾ ਬੇਕਸੂਰ ਕਿਸਾਨਾਂ ਤੇ ਕਾਤਲਾਨਾ ਹਮਲਾ ਕਰਨ ਦਾ ਹੁਕਮ ਦੇਣ ਵਾਲੇ ਕਰਨਾਲ ਦੇ ਦੋਸ਼ੀ ਅਧਿਕਾਰੀ ਐੱਸ ਡੀ ਐਮ ਅਤੇ ਉਸਦੇ ਹੁਕਮਾਂ ‘ਤੇ ਬੇਕਸੂਰ ਕਿਸਾਨਾਂ ਉਤੇ ਜਾਨਲੇਵਾ ਹਮਲਾ ਕਰਕੇ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦੇਣ ਵਾਲੇ ਅਤੇ ਕਿਸਾਨ ਦੀ ਮੌਤ ਦੇ ਜੁੰਮੇਵਾਰ ਦੋਸ਼ੀ ਅਤੇ ਜ਼ਾਲਮ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਕੇ ਸਭ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਸਭ ਉਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ।
ਉਹਨਾਂ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਕਿਸਾਨਾਂ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਐਸ ਡੀ ਐਮ ਅਤੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਨਹੀ ਕੀਤੀ ਜਾਂਦੀ ਤਦ ਤੱਕ ਹਰਿਆਣਾ ਦੇ ਸਾਰੇ ਰੋਡ ਜਾਮ ਕਰਕੇ ਹਰਿਆਣਾ ਨੂੰ ਪੱਕੇ ਤੌਰ ‘ਤੇ ਜਾਮ ਕਰ ਦਿੱਤਾ ਜਾਵੇ। ਹਰਿਆਣਾ ਸਰਕਾਰ ਦੇ ਇਸ ਜਬਰ ਦਾ ਡੱਟ ਕੇ ਜਬਾਬ ਦਿੱਤਾ ਜਾਵੇ।
ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਅੱਗੇ ਜ਼ਾਬਰ ਦਾ ਜ਼ੁਲਮ ਹੁਣ ਬਹੁਤੀ ਦੇਰ ਟਿਕ ਨਹੀਂ ਪਾਵੇਗਾ। ਇਹ ਜੋ ਕਿਸਾਨਾਂ ਦਾ ਖ਼ੂਨ ਵਹਿਆ ਹੈ ਇਹ ਇੱਕ ਨਵੀ ਕ੍ਰਾਂਤੀ ਪੈਦਾ ਕਰੇਗਾ। ਕਿਸਾਨਾਂ ਦਾ ਇਹ ਖੂਨ ਇੱਕ ਮਹਾਂ ਅੰਦੋਲਨ ਨੂੰ ਜਨਮ ਦੇਵੇਗਾ ਜਿਸ ਨਾਲ ਭਾਜਪਾ ਦੀਆਂ ਦੇਸ ਵਿਚੋਂ ਜੜ੍ਹਾਂ ਪੁੱਟ ਦਿਤੀਆਂ ਜਾਣਗੀਆਂ।
ਉਹਨਾਂ ਦੇਸ਼ ਦੇ ਜਾਗਦੀ ਜ਼ਮੀਰ ਵਾਲੇ ਸਾਰੇ ਕਿਸਾਨਾਂ ਨੂੰ ਭਾਜਪਾ ਸਰਕਾਰ ਦੇ ਇਸ ਜ਼ਾਲਮ ਕਾਰਨਾਮੇ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸਾਨ ਵੀਰ ਇਸ ਜ਼ਾਲਿਮਾਨਾ ਪੁਲਸ ਕਾਰਵਾਈ ਵਿਰੁੱਧ ਹਰ ਪੱਧਰ ‘ਤੇ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਤਿੱਖੇ ਰੋਸ ਐਕਸ਼ਨ ਕਰਨ ਅਤੇ ਹਰਿਆਣਾ ਸਰਕਾਰ ਵਿਰੁੱਧ ਚੱਕੇ ਜਾਮ ਕਰਕੇ ਸਾਰੇ ਹਰਿਆਣਾ ਨੂੰ ਜਾਮ ਕਰ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ।
ਸ. ਕਰੜਾ ਨੇ ਸਮੂਹ ਮਿਹਨਤੀ ਵਰਗਾਂ ਨੂੰ ਇਸ ਜਬਰ ਵਿਰੁੱਧ ਮੈਦਾਨ ‘ਚ ਨਿੱਤਰਨ ਦੀ ਅਪੀਲ ਕੀਤੀ।
Newsline Express