ਚੰਡੀਗੜ੍ਹ, 8 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਕਾਂਗਰਸ ਪਾਰਟੀ ਨੇ ਨਵਜੋਤ ਕੌਰ ਸਿੱਧੂ ਖਿਲਾਫ ਵੱਡਾ ਐਕਸ਼ਨ ਲਿਆ ਹੈ। ਉਨ੍ਹਾਂ ਨੂੰ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਖਿਲਾਫ 5 ਕਰੋੜ ਵਾਲੇ ਬਿਆਨ ਮਗਰੋਂ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ। ਉਨ੍ਹਾਂ ਨੂੰ ਸਸਪੈਂਡ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ। ਪਿਛਲੇ ਕੁਝ ਦਿਨਾਂ ਤੋਂ ਨਵਜੋਤ ਕੌਰ ਸਿੱਧੂ ਪੰਜਾਬ ਵਿੱਚ ਕਾਂਗਰਸ ਅਤੇ ਇਸਦੇ ਸੀਨੀਅਰ ਨੇਤਾਵਾਂ ਵਿਰੁੱਧ ਸਿੱਧੇ ਬਿਆਨ ਦੇ ਰਹੇ ਹਨ, ਜਿਸ ਨਾਲ ਪਾਰਟੀ ਅੰਦਰ ਸਖ਼ਤ ਵਿਰੋਧ ਹੋ ਰਿਹਾ ਸੀ।
ਮੁੱਖ ਮੰਤਰੀ ਅਹੁਦੇ ਲਈ 500 ਕਰੋੜ ਰੁਪਏ ਦੇਣ ਬਾਰੇ ਨਵਜੋਤ ਕੌਰ ਦੇ ਬਿਆਨ ਨੇ ਪਹਿਲਾਂ ਹੀ ਪਾਰਟੀ ਅੰਦਰ ਹਲਚਲ ਮਚਾ ਦਿੱਤੀ ਸੀ। ਇਸ ਤੋਂ ਬਾਅਦ ਨਵਜੋਤ ਕੌਰ ਨੇ ਸੋਮਵਾਰ ਨੂੰ ਇੱਕ ਮੀਡੀਆ ਚੈਨਲ ‘ਤੇ ਫਿਰ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ 5 ਕਰੋੜ ਰੁਪਏ ਵਿੱਚ ਕੌਂਸਲਰ ਦੀ ਟਿਕਟ ਵੇਚੀ। ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਸ ਦੇ ਲਈ ਉਹ ਕਾਂਗਰਸ ਨੂੰ ਖ਼ਤਮ ਕਰਨ ‘ਚ ਲੱਗੇ ਹੋਏ ਹਨ।
ਅੱਜ ਸਵੇਰੇ 500 ਕਰੋੜ ਦੇ ਬਿਆਨ ‘ਤੇ ਲਿਆ ਸੀ ਯੂ-ਟਰਨ
ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਸੋਮਵਾਰ ਸਵੇਰੇ CM ਕੁਰਸੀ ਲਈ 500 ਕਰੋੜ ਦੀ ਟੈਚੀ ਦੇਣ ਵਾਲੇ ਆਪਣੇ ਬਿਆਨ ‘ਤੇ ਯੂ-ਟਰਨ ਲਿਆ ਸੀ। ਨਵਜੋਤ ਕੌਰ ਸਿੱਧੂ ਨੇ ਕਿਹਾ, “ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਮੇਰੇ ਸਿੱਧੇ -ਸਿੱਧੇ ਬਿਆਨ ਨੂੰ ਕਿਵੇਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਮੈਂ ਸਿਰਫ਼ ਇਹ ਕਿਹਾ ਕਿ ਸਾਡੀ ਕਾਂਗਰਸ ਪਾਰਟੀ ਨੇ ਕਦੇ ਵੀ ਸਾਡੇ ਤੋਂ ਕੁਝ ਨਹੀਂ ਮੰਗਿਆ।”
