???? ਦੇਰ ਰਾਤ ਦੇ ਸਮੇਂ ਡੀ.ਜੇ. ਦੇ ਭਿਆਨਕ ਸ਼ੋਰ ਨਾਲ ਲੋਕ ਹੋਏ ਪ੍ਰੇਸ਼ਾਨ: ਚੰਡੀਗੜ੍ਹ ਤੱਕ ਵਜਾਉਣੀ ਪਈ ਘੰਟੀ
???? ਪੁਲਿਸ ਥਾਣਾ ਲਾਹੌਰੀ ਗੇਟ ਦੀ ਤੁਰੰਤ ਕਾਰਵਾਈ, 11:30 ਵਜੇ ਸ਼ੋਰ ਬੰਦ ਕਰਾਇਆ
???? ਜਿਲ੍ਹਾ ਪ੍ਰਸ਼ਾਸ਼ਨ ਸਖ਼ਤ ਨਿਰਦੇਸ਼ ਜਾਰੀ ਕਰਕੇ ਲੋਕਾਂ ਦੀ ਪ੍ਰੇਸ਼ਾਨੀ ਬੰਦ ਕਰੇ
ਪਟਿਆਲਾ, 20 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਰੋਜ਼ ਰੋਜ਼ ਦੀਆਂ ਪਰੇਸ਼ਾਨੀਆਂ ਕਾਰਨ ਲੋਕ ਅਕਸਰ ਦੁਖੀ ਹੋ ਰਹੇ ਹਨ, ਇਨ੍ਹਾਂ ਕਈ ਪਰੇਸ਼ਾਨੀਆਂ ਵਿਚ ਇਕ ਵੱਡੀ ਪ੍ਰੇਸ਼ਾਨੀ ਹੈ ਆਵਾਜ਼ ਪ੍ਰਦੂਸ਼ਣ, ਕੁਝ ਲੋਕ ਵੱਡੇ ਵੱਡੇ ਸਪੀਕਰਾਂ ਵਾਲੇ ਡੀ.ਜੇ. ਲਗਾ ਕੇ ਆਪਣੀ ਖੁਸ਼ੀ ਦੇ ਚੱਕਰ ਵਿਚ ਨਿਯਮ ਕਾਨੂੰਨ ਛਿੱਟੇ ਟੰਗ ਕੇ ਹਜ਼ਾਰਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ।
ਅੱਜ ਦੇਰ ਰਾਤ ਪਟਿਆਲਾ ਸ਼ਹਿਰ ਦੀ ਰਾਜਪੁਰਾ ਕਲੋਨੀ ਵਿੱਚ ਝੁੱਗੀਆਂ ਦੇ ਨਾਲ ਲੱਗਦੇ ਪਾਰਕ ਵਿੱਚ ਰਾਤ ਦੇ ਸਮੇਂ ਉੱਚੀ ਆਵਾਜ਼ ਵਿੱਚ ਡੀ.ਜੇ. ਵਜਾ ਕੇ ਗਾਣੇ ਚਲਾਉਣ ਕਾਰਨ ਇਲਾਕੇ ਦੇ ਵਸਨੀਕਾਂ ਵਿੱਚ ਭਾਰੀ ਰੋਸ ਅਤੇ ਪ੍ਰੇਸ਼ਾਨੀ ਦਾ ਮਾਹੌਲ ਬਣ ਗਿਆ। ਸਪੀਕਰਾਂ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਉਸ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦੇ ਰਹੀ ਸੀ ਅਤੇ ਨੇੜਲੇ ਘਰਾਂ ਦੀਆਂ ਕੰਧਾਂ ਤੱਕ ਕੰਬਦੀਆਂ ਮਹਿਸੂਸ ਹੋਈਆਂ।
ਡੀ.ਜੇ. ਵਾਲੀ ਥਾਂ ਦੇ ਆਲੇ-ਦੁਆਲੇ ਸੈਂਕੜੇ ਪਰਿਵਾਰ ਵਸਦੇ ਹਨ, ਜਿਨ੍ਹਾਂ ਵਿੱਚ ਲਗਭਗ 100 ਤੋਂ ਵੱਧ ਪਰਿਵਾਰ ਤਾਂ ਸਰਕਾਰੀ ਮੁਲਾਜ਼ਮਾਂ ਦੇ ਹਨ। ਇਸ ਤੋਂ ਇਲਾਵਾ ਇਲਾਕੇ ਵਿੱਚ ਕਾਰੋਬਾਰੀ ਤੇ ਰਿਟਾਇਰਡ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਹਰ ਘਰ ਵਿਚ ਛੋਟੇ ਵੱਡੇ ਬੱਚੇ ਤੇ ਪੜ੍ਹਾਈ ਕਰਦੇ ਵਿਦਿਆਰਥੀ ਹਨ। ਇਸ ਸਮੇਂ ਪੇਪਰਾਂ ਦੀ ਤਿਆਰੀ ਚੱਲ ਰਹੀ ਹੈ ਅਤੇ ਕਈ ਬੱਚੇ ਦਿਨ-ਰਾਤ ਪੜ੍ਹਾਈ ਵਿੱਚ ਲੱਗੇ ਹੋਏ ਹਨ। ਅਜਿਹੇ ਵਿੱਚ ਰਾਤ ਦੇ ਸਮੇਂ ਇਹ ਸ਼ੋਰ ਸ਼ਰਾਬਾ ਸਭ ਲਈ ਵੱਡੀ ਮੁਸ਼ਕਲ ਬਣ ਗਿਆ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਚੱਲ ਰਹੇ ਡੀ.ਜੇ. ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਬੀਮਾਰ ਤੇ ਬੁਜ਼ੁਰਗ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਰ ਰਾਤ ਨੂੰ, ਇੱਕ ਪੱਤਰਕਾਰ ਦੇ ਕਹਿਣ ’ਤੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਦੁੱਖੀ ਹੋ ਕੇ ਚੰਡੀਗੜ੍ਹ ਤੱਕ ਫੋਨ ਦੀ ਘੰਟੀ ਖੜਕਾਉਣੀ ਪਈ, ਜਿਸ ਤੋਂ ਬਾਅਦ ਪੁਲਿਸ ਥਾਣਾ ਲਾਹੌਰੀ ਗੇਟ, ਪਟਿਆਲਾ ਦੀ ਟੀਮ ਨੇ ਰਾਤ ਕਰੀਬ 11:30 ਵਜੇ ਮੌਕੇ ’ਤੇ ਪਹੁੰਚ ਕੇ ਡੀ.ਜੇ. ਦਾ ਸ਼ੋਰ ਤੁਰੰਤ ਬੰਦ ਕਰਵਾਇਆ।
ਪੁਲਿਸ ਦੀ ਇਸ ਤੁਰੰਤ ਕਾਰਵਾਈ ਨਾਲ ਇਲਾਕੇ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਬੱਚਿਆਂ ਨੂੰ ਪੜ੍ਹਾਈ ਦਾ ਮਾਹੌਲ ਮੁੜ ਮਿਲਿਆ। ਪੁਲਿਸ ਦੇ ਸਹਿਯੋਗ ਲਈ ਧੰਨਵਾਦ ਵੀ ਪ੍ਰਗਟ ਕੀਤਾ।
???? ਸਰਕਾਰ ਅਤੇ ਪ੍ਰਸ਼ਾਸਨ ਲਈ ਮੰਗਾਂ ਤੇ ਨਿਰਦੇਸ਼
ਅਜਿਹੀਆਂ ਘਟਨਾਵਾਂ, ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰਦੀਆਂ ਹਨ ਕਿ ਰਾਤ ਦੇ ਸਮੇਂ ਰਿਹਾਇਸ਼ੀ ਇਲਾਕਿਆਂ ਵਿੱਚ ਉੱਚੀ ਆਵਾਜ਼ ਵਿੱਚ ਡੀ.ਜੇ. ਵਜਾਉਣ ’ਤੇ ਪ੍ਰਭਾਵਸ਼ਾਲੀ ਨਿਗਰਾਨੀ ਕਿਉਂ ਨਹੀਂ ਹੋ ਰਹੀ। ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪਸ਼ਟ ਨਿਰਦੇਸ਼ ਜਾਰੀ ਕੀਤੇ ਜਾਣ ਕਿ ਰਾਤ 10 ਵਜੇ ਤੋਂ ਬਾਅਦ ਰਿਹਾਇਸ਼ੀ ਇਲਾਕਿਆਂ ਵਿੱਚ ਡੀ.ਜੇ. ਜਾਂ ਉੱਚੀ ਆਵਾਜ਼ ਵਾਲੇ ਸਾਊਂਡ ਸਿਸਟਮ ’ਤੇ ਪੂਰੀ ਪਾਬੰਦੀ ਲਾਗੂ ਕੀਤੀ ਜਾਵੇ, ਬਿਨਾਂ ਇਜਾਜ਼ਤ ਡੀ.ਜੇ. ਲਗਾਉਣ ਵਾਲਿਆਂ ਖ਼ਿਲਾਫ਼ ਕੜੀ ਕਾਨੂੰਨੀ ਕਾਰਵਾਈ ਹੋਵੇ, ਪੁਲਿਸ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਨਿਯਮਿਤ ਚੈਕਿੰਗ ਕੀਤੀ ਜਾਵੇ, ਇਸ ਸਬੰਧੀ ਜਿਲ੍ਹਾ ਮੈਜਿਸਟਰੇਟ ਵੱਲੋਂ ਲੋਕ ਸੰਪਰਕ ਤੇ ਸੂਚਨਾ ਦਫਤਰ ਰਾਹੀਂ ਅਖ਼ਬਾਰਾਂ, ਟੀਵੀ ਤੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਵਿਦਿਆਰਥੀਆਂ, ਬੁਜ਼ੁਰਗਾਂ ਅਤੇ ਬੀਮਾਰ ਲੋਕਾਂ ਦੀ ਸਿਹਤ ਅਤੇ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੋਰ ਪ੍ਰਦੂਸ਼ਣ ’ਤੇ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਵੇ ਅਤੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਜਾਣ।
ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਕੜੇ ਕਦਮ ਨਾ ਚੁੱਕੇ ਗਏ ਤਾਂ ਅਜਿਹੀਆਂ ਘਟਨਾਵਾਂ ਮੁੜ ਵਾਪਰ ਸਕਦੀਆਂ ਹਨ, ਜੋ ਸ਼ਹਿਰੀ ਜੀਵਨ ਲਈ ਗੰਭੀਰ ਚੁਣੌਤੀ ਬਣ ਰਹੀਆਂ ਹਨ। Newsline Express
