???? ਪਟਿਆਲਾ ਸਮੇਤ ਸੂਬੇ ਭਰ ਦੇ ਡੀ.ਸੀ. ਦਫਤਰਾਂ ਵਿੱਚ ਕੰਮ ਬੰਦ, ਸਰਕਾਰ ਖਿਲਾਫ਼ ਨਾਰੇਬਾਜ਼ੀ
???? ਮੁਲਾਜ਼ਮ ਪ੍ਰਧਾਨ ਨੂੰ ਅੱਧੀ ਰਾਤੀਂ ਗ੍ਰਿਫਤਾਰੀ ਦੇ ਰੋਸ ’ਚ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ ਹੋਰ ਤੇਜ਼
???? ਪਟਿਆਲਾ ਸਮੇਤ ਸੂਬੇ ਭਰ ਦੇ ਡੀ.ਸੀ. ਦਫਤਰਾਂ ਵਿੱਚ ਕੰਮ ਬੰਦ, ਸਰਕਾਰ ਖਿਲਾਫ਼ ਨਾਰੇਬਾਜ਼ੀ
???? ਯੂਨੀਅਨ ਆਗੂਆਂ ਦੀ ਚੇਤਾਵਨੀ ; ਜੇਕਰ ਅੱਜ ਸ਼ਾਮ ਤੱਕ ਤਜਿੰਦਰ ਸਿੰਘ ਨੰਗਲ ਨੂੰ ਰਿਹਾ ਨਾ ਕੀਤਾ ਤਾਂ ਜਥੇਬੰਦੀ ਕਰੇਗੀ ਹੋਰ ਵੱਡਾ ਸੰਘਰਸ਼
ਪਟਿਆਲਾ, 10 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਟੇਟ ਮਿਨਿਸਟੀਰੀਅਲ ਸਰਵਿਸਿਜ਼ ਯੂਨੀਅਨ (PSMSU) ਅਤੇ ਡੀ.ਸੀ. ਦਫਤਰ ਕਰਮਚਾਰੀ ਯੂਨੀਅਨਾਂ ਦੇ ਸੱਦੇ ’ਤੇ ਅੱਜ ਸੂਬੇ ਭਰ ਦੇ ਡੀ.ਸੀ. ਦਫਤਰਾਂ ਵਿੱਚ ਮੁਲਾਜ਼ਮਾਂ ਨੇ ਮੁਕੰਮਲ ਕਲਮਛੋੜ ਹੜਤਾਲ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟਾਇਆ। ਇਹ ਰੋਸ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਮੁੱਖ ਸਲਾਹਕਾਰ ਸ੍ਰੀ ਤਜਿੰਦਰ ਸਿੰਘ ਨੰਗਲ ਨੂੰ ਅੱਧੀ ਰਾਤ ਘਰ ਤੋਂ ਗ੍ਰਿਫਤਾਰ ਕਰਕੇ ਹਵਾਲਾਤ ਵਿੱਚ ਬੰਦ ਕਰਨ ਦੇ ਵਿਰੋਧ ਵਿੱਚ ਕੀਤਾ ਗਿਆ।

ਮੁਲਾਜ਼ਮ ਆਗੂਆਂ ਨੇ ਦੱਸਿਆ ਕਿ 8 ਮਾਰਚ ਨੂੰ ਮੋਹਾਲੀ ਵਿਖੇ ਮੁਲਾਜ਼ਮਾਂ ਉੱਤੇ ਹੋਏ ਪੁਲਿਸ ਤਸ਼ੱਦਦ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਨ ਲਈ ਯੂਨੀਅਨ ਆਗੂ ਕੱਲ੍ਹ ਜਲੰਧਰ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ। ਇਸ ਦੌਰਾਨ ਜਲੰਧਰ ਪੁਲਿਸ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਆਸਵਾਸਨ ਵੀ ਦਿੱਤਾ ਗਿਆ ਸੀ, ਪਰ ਇਸਦੇ ਉਲਟ ਰਾਤ ਕਰੀਬ 12 ਵਜੇ ਸ੍ਰੀ ਤਜਿੰਦਰ ਸਿੰਘ ਨੰਗਲ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕਰਕੇ ਜੰਡਿਆਲਾ ਥਾਣੇ ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ।

ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਗ੍ਰਿਫਤਾਰੀ ਦੌਰਾਨ ਪੁਲਿਸ ਵੱਲੋਂ ਪਰਿਵਾਰ ਦੀਆਂ ਮਹਿਲਾਵਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਬੱਚਿਆਂ ਨਾਲ ਵੀ ਅਣਛੰਗਾ ਵਤੀਰਾ ਕੀਤਾ ਗਿਆ, ਜਿਸ ਦੀ ਜਥੇਬੰਦੀ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ।
ਇਸ ਘਟਨਾ ਦੇ ਰੋਸ ਵਜੋਂ ਅੱਜ ਸੂਬੇ ਭਰ ਦੇ ਡੀ.ਸੀ. ਦਫਤਰਾਂ ਵਿੱਚ ਮੁਲਾਜ਼ਮਾਂ ਨੇ ਦਫਤਰੀ ਕੰਮ ਮੁਕੰਮਲ ਤੌਰ ’ਤੇ ਬੰਦ ਰੱਖਿਆ ਅਤੇ ਸਰਕਾਰ ਖਿਲਾਫ਼ ਨਾਰੇਬਾਜ਼ੀ ਕੀਤੀ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਤਜਿੰਦਰ ਸਿੰਘ ਨੰਗਲ ਨੂੰ ਰਿਹਾ ਨਹੀਂ ਕੀਤਾ ਜਾਂਦਾ, ਤਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਨਾਲ ਹੀ ਨੇੜਲੇ ਜ਼ਿਲ੍ਹਿਆਂ ਦੇ ਕਰਮਚਾਰੀ ਜੰਡਿਆਲਾ ਥਾਣੇ ਦੇ ਬਾਹਰ ਇਕੱਠੇ ਹੋ ਕੇ ਰਿਹਾਈ ਦੀ ਮੰਗ ਕਰਨਗੇ।

ਪਟਿਆਲਾ ਵਿਖੇ ਵੀ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ, ਜਨਰਲ ਸਕੱਤਰ ਨਿਸ਼ਾਂਤ ਕੁਮਾਰ ਅਤੇ ਸਮੂਹ ਕਰਮਚਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਰੇਬਾਜ਼ੀ ਕੀਤੀ ਗਈ ਅਤੇ ਦਫਤਰੀ ਕੰਮ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਜ਼ਿਲ੍ਹਾ ਪਟਿਆਲਾ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਰਘੁਬੀਰ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਸ਼ਾਮ ਤੱਕ ਸ੍ਰੀ ਤਜਿੰਦਰ ਸਿੰਘ ਨੰਗਲ ਨੂੰ ਰਿਹਾ ਨਾ ਕੀਤਾ ਗਿਆ ਤਾਂ ਜਥੇਬੰਦੀ ਅਗਲੇ ਪੜਾਅ ਵਿੱਚ ਹੋਰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। Newsline Express
*Newsline Express*
