????ਬੀਐਲਓ ਅਤੇ SIR ਡਿਊਟੀ ਕਰ ਰਹੇ ਕਰਮਚਾਰੀਆਂ ਦਾ ਫੁੱਟਿਆ ਗੁੱਸਾ, ਨਗਰ ਨਿਗਮ ਚੋਣਾਂ ਨੇ ਵਧਾਇਆ ਮਾਨਸਿਕ ਦਬਾਅ
????“ਕੀ ਅਸੀਂ ਮਸ਼ੀਨਾਂ ਹਾਂ?”
????ਲਗਾਤਾਰ ਡਿਊਟੀਆਂ ਤੋਂ ਕਰਮਚਾਰੀ ਤੰਗ, ਸਰਕਾਰ ਅੱਗੇ ਲਾਈ ਇਨਸਾਨੀਅਤ ਦੀ ਗੁਹਾਰ
ਚੰਡੀਗੜ੍ਹ/ਪਟਿਆਲਾ/ਲੁਧਿਆਣਾ – ਨਿਊਜ਼ਲਾਈਨ ਐਕਸਪ੍ਰੈਸ — ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਮਿਉਂਸੀਪਲ ਕੌਂਸਲ ਚੋਣਾਂ ਲਈ ਇੱਕ ਵਾਰ ਫਿਰ ਬੀਐਲਓ (ਬੂਥ ਲੈਵਲ ਅਫ਼ਸਰ) ਅਤੇ SIR ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਚੋਣੀ ਡਿਊਟੀਆਂ ਵਿੱਚ ਝੋਂਕ ਦਿੱਤਾ ਗਿਆ ਹੈ। ਪਹਿਲਾਂ ਹੀ Special Intensive Revision (SIR) ਦੇ ਭਾਰੀ ਕੰਮ ਅਤੇ ਵਿਭਾਗੀ ਜ਼ਿੰਮੇਵਾਰੀਆਂ ਨਾਲ ਦਬੇ ਕਰਮਚਾਰੀਆਂ ਵਿੱਚ ਹੁਣ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਵੱਧਦਾ ਜਾ ਰਿਹਾ ਹੈ।
ਕਰਮਚਾਰੀਆਂ ਦਾ ਕਹਿਣਾ ਹੈ ਕਿ ਇੱਕ ਤੋਂ ਬਾਅਦ ਇੱਕ ਡਿਊਟੀ ਦੇ ਕੇ ਉਨ੍ਹਾਂ ਨੂੰ “24 ਘੰਟੇ ਚੱਲਣ ਵਾਲੀ ਮਸ਼ੀਨ” ਸਮਝਿਆ ਜਾ ਰਿਹਾ ਹੈ। ਕਦੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ, ਕਦੇ ਵੋਟਰ ਵੈਰੀਫਿਕੇਸ਼ਨ, ਕਦੇ ਜਨਗਣਨਾ, ਕਦੇ ਡਰੱਗ ਸੈਂਸਸ, ਕਦੇ ਖੇਤਾਂ ਵਿੱਚ ਅੱਗ ਰੋਕਣ ਦੀ ਮੁਹਿੰਮ ਅਤੇ ਹੁਣ ਨਗਰ ਨਿਗਮ ਚੋਣਾਂ — ਹਰ ਸਰਕਾਰੀ ਕੰਮ ਲਈ ਇੱਕੋ ਹੀ ਸਟਾਫ ਨੂੰ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਚੋਣ ਕਮਿਸ਼ਨ ਵੱਲੋਂ ਪਹਿਲਾਂ ਹੀ ਡਿਪਟੀ ਕਮਿਸ਼ਨਰਾਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ BLO ਕਰਮਚਾਰੀਆਂ ਦੀ ਡਿਊਟੀ ਹੋਰ ਥਾਵਾਂ ‘ਤੇ ਨਾ ਲਗਾਈ ਜਾਵੇ। ਇਸਦੇ ਬਾਵਜੂਦ ਹੁਕਮਾਂ ਦੀ ਲਗਾਤਾਰ ਉਲੰਘਣਾ ਹੋ ਰਹੀ ਹੈ। ਕਈ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਨਾ ਜੁਆਇਨ ਕਰਨ ‘ਤੇ ਸ਼ੋ ਕਾਜ਼ ਨੋਟਿਸ ਜਾਰੀ ਹੋਣ ਕਾਰਨ ਮਾਨਸਿਕ ਤਣਾਅ ਦਾ ਸਾਹਮਣਾ ਵੀ ਕਰਨਾ ਪਿਆ।
ਕਰਮਚਾਰੀਆਂ ਨੇ ਸਵਾਲ ਉਠਾਇਆ ਕਿ ਕੀ ਸਰਕਾਰ ਕੋਲ ਹੋਰ ਕੋਈ ਸਟਾਫ ਨਹੀਂ ਬਚਿਆ? ਹਰ ਵਾਰ BLO ਅਤੇ SIR ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਵੱਧਦੇ ਕੰਮ ਦੇ ਬੋਝ ਕਾਰਨ ਨਾ ਸਿਰਫ਼ ਦਫ਼ਤਰੀ ਕੰਮ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਉਨ੍ਹਾਂ ਦੀ ਸਿਹਤ, ਪਰਿਵਾਰਕ ਜੀਵਨ ਅਤੇ ਮਾਨਸਿਕ ਸੰਤੁਲਨ ‘ਤੇ ਵੀ ਅਸਰ ਪੈ ਰਿਹਾ ਹੈ।
ਕਰਮਚਾਰੀਆਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇ ਲਗਾਤਾਰ ਇਸੇ ਤਰ੍ਹਾਂ ਡਿਊਟੀਆਂ ਦਾ ਬੋਝ ਪਾਇਆ ਜਾਂਦਾ ਰਿਹਾ ਅਤੇ ਕਿਸੇ ਕਰਮਚਾਰੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ BLO ਅਤੇ SIR ਡਿਊਟੀ ਕਰ ਰਹੇ ਕਰਮਚਾਰੀਆਂ ਦੀਆਂ ਮਜ਼ਬੂਰੀਆਂ ਨੂੰ ਸਮਝਦਿਆਂ ਡਿਊਟੀਆਂ ਦੀ ਵੰਡ ਲਈ ਤੁਰੰਤ ਕੋਈ ਢੁਕਵਾਂ ਅਤੇ ਸੰਤੁਲਿਤ ਹੱਲ ਕੱਢਿਆ ਜਾਵੇ, ਤਾਂ ਜੋ ਕਰਮਚਾਰੀਆਂ ਨੂੰ ਲਗਾਤਾਰ ਮਾਨਸਿਕ ਦਬਾਅ ਅਤੇ ਤਣਾਅ ਤੋਂ ਰਾਹਤ ਮਿਲ ਸਕੇ।
