????ਰਾਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਨੇ ਕੀਤਾ ਚਮਤਕਾਰੀ ਇਲਾਜ, ਦੁਰਲੱਭ ਜਨਮਜਾਤ ਬਿਮਾਰੀ ਨਾਲ ਜੂਝ ਰਹੀ ਨਵਜੰਮੀ ਬੱਚੀ ਦੀ ਬਚਾਈ ਜਾਨ : ਡਾਕਟਰ ਬਲਬੀਰ ਸਿੰਘ
????ਨਵਜੰਮੀ ਬੱਚੀ ਦੇ ਸ਼ਰੀਰ ਵਿੱਚ ਭੋਜਨ ਨਲੀ ਦਾ ਇੱਕ ਮਹੱਤਵਪੂਰਨ ਹਿੱਸਾ ਬਣਿਆ ਹੀ ਨਹੀਂ ਸੀ ; ਗਰੀਬ ਪਰਿਵਾਰ ਲਈ ਬਣੀ ਜੀਵਨਦਾਨੀ ਸਕੀਮ
????ਨਿੱਜੀ ਹਸਪਤਾਲ ‘ਚ 15 ਲੱਖ ਰੁਪਏ ਤੱਕ ਹੋਣ ਵਾਲਾ ਇਲਾਜ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੋਇਆ ਮੁਫ਼ਤ ਵਿੱਚ : ਸਿਹਤ ਮੰਤਰੀ ਪੰਜਾਬ
????ਪੰਜਾਬ ਦੀ ਸਿਹਤ ਕ੍ਰਾਂਤੀ ਦਾ ਵੱਡਾ ਸਬੂਤ, ਸਰਕਾਰੀ ਹਸਪਤਾਲਾਂ ਵਿੱਚ ਹੁਣ ਨਿੱਜੀ ਹਸਪਤਾਲਾਂ ਵਰਗੀਆਂ ਅਧੁਨਿਕ ਸਹੂਲਤਾਂ
ਪਟਿਆਲਾ, 22 ਮਈ – ਅਸ਼ੋਕ ਵਰਮਾ/ ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੀ ਸਰਕਾਰੀ ਸਿਹਤ ਪ੍ਰਣਾਲੀ ਨੇ ਇੱਕ ਵਾਰ ਫਿਰ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਚਮਤਕਾਰੀ ਢੰਗ ਨਾਲ ਨਵਜੰਮੀ ਬੱਚੀ ਨੂੰ ਨਵੀਂ ਜ਼ਿੰਦਗੀ ਬਖ਼ਸ਼ੀ ਹੈ। ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਡਾਕਟਰਾਂ ਨੇ ਇੱਕ ਅਜਿਹੀ ਬੱਚੀ ਦੀ ਸਫਲ ਸਰਜਰੀ ਕਰਕੇ ਉਸਦੀ ਜਾਨ ਬਚਾਈ ਹੈ, ਜੋ ਇੱਕ ਦੁਰਲੱਭ ਜਨਮਜਾਤ ਵਿਗਾੜ ਨਾਲ ਪੈਦਾ ਹੋਈ ਸੀ। ਬੱਚੀ ਦੇ ਸ਼ਰੀਰ ਵਿੱਚ ਭੋਜਨ ਨਲੀ ਦਾ ਇੱਕ ਮਹੱਤਵਪੂਰਨ ਹਿੱਸਾ ਬਣਿਆ ਹੀ ਨਹੀਂ ਸੀ, ਜਿਸ ਕਾਰਨ ਉਹ ਦੁੱਧ ਜਾਂ ਲਾਰ ਆਪਣੇ ਪੇਟ ਤੱਕ ਨਹੀਂ ਪਹੁੰਚਾ ਸਕਦੀ ਸੀ ਅਤੇ ਉਸਦੀ ਜਾਨ ਨੂੰ ਗੰਭੀਰ ਖਤਰਾ ਬਣ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਪੂਰਾ ਇਲਾਜ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਬਿਲਕੁਲ ਮੁਫ਼ਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਕਾਰਨ ਹੁਣ ਆਮ ਲੋਕਾਂ ਨੂੰ ਆਪਣੇ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਹੀ ਉੱਚ ਪੱਧਰੀ ਇਲਾਜ ਮਿਲ ਰਿਹਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਰਾਜਪੁਰਾ ਦੇ ਰਹਿਣ ਵਾਲੇ ਕਰਨ ਕੁਮਾਰ ਅਤੇ ਨੇਹਾ ਲਈ ਇਹ ਬੱਚੀ ਬੇਹੱਦ ਕੀਮਤੀ ਸੀ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਬੱਚਿਆਂ ਦੀ ਗਰਭ ਅਵਸਥਾ ਦੌਰਾਨ ਮੌਤ ਹੋ ਚੁੱਕੀ ਸੀ। 20 ਅਪ੍ਰੈਲ 2026 ਦੀ ਰਾਤ ਨੂੰ ਰਾਜਿੰਦਰਾ ਹਸਪਤਾਲ ਵਿੱਚ 2 ਕਿਲੋ 100 ਗ੍ਰਾਮ ਭਾਰ ਵਾਲੀ ਇਸ ਬੱਚੀ ਦਾ ਜਨਮ ਹੋਇਆ। ਜਨਮ ਤੋਂ ਤੁਰੰਤ ਬਾਅਦ ਡਾਕਟਰਾਂ ਨੂੰ ਪਤਾ ਲੱਗਿਆ ਕਿ ਬੱਚੀ ਦੀ ਭੋਜਨ ਨਲੀ ਦਾ ਲੰਬਾ ਹਿੱਸਾ ਬਣਿਆ ਹੀ ਨਹੀਂ, ਜਿਸ ਕਾਰਨ ਉਸਦੇ ਫੇਫੜਿਆਂ ਵਿੱਚ ਇੰਫੈਕਸ਼ਨ ਅਤੇ ਨਿਮੋਨੀਆ ਦਾ ਖਤਰਾ ਬਣ ਗਿਆ ਸੀ।
ਇਸ ਗੰਭੀਰ ਹਾਲਤ ਵਿੱਚ ਬੱਚਾ ਸਰਜਰੀ ਵਿਭਾਗ ਦੇ ਡਾਕਟਰ ਰਵੀ ਗਰਗ ਅਤੇ ਉਨ੍ਹਾਂ ਦੀ ਟੀਮ ਨੇ ਬੇਹੱਦ ਮੁਸ਼ਕਲ ਸਰਜਰੀ ਕਰਦਿਆਂ ਬੱਚੀ ਦੀ ਜਾਨ ਬਚਾਈ। ਡਾਕਟਰਾਂ ਨੇ ਇੱਕ ਨਾਲੀ ਰਾਹੀਂ ਲਾਰ ਨੂੰ ਬਾਹਰ ਕੱਢਣ ਅਤੇ ਦੂਜੀ ਨਾਲੀ ਰਾਹੀਂ ਪੇਟ ਵਿੱਚ ਦੁੱਧ ਪਹੁੰਚਾਉਣ ਦੀ ਵਿਵਸਥਾ ਕੀਤੀ। ਓਪਰੇਸ਼ਨ ਤੋਂ ਬਾਅਦ ਬੱਚੀ ਨੂੰ 26 ਦਿਨ ਤੱਕ ਨਿਕੂ ਆਈਸੀਯੂ ਵਿੱਚ ਰੱਖਿਆ ਗਿਆ, ਜਿੱਥੇ ਉਸਦੀ ਲਗਾਤਾਰ ਨਿਗਰਾਨੀ ਕੀਤੀ ਗਈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਦੁਰਲੱਭ ਜਨਮਜਾਤ ਬਿਮਾਰੀ ਲਗਭਗ ਹਰ 4500 ਨਵਜੰਮੇ ਬੱਚਿਆਂ ਵਿੱਚੋਂ ਇੱਕ ਨੂੰ ਹੁੰਦੀ ਹੈ ਅਤੇ ਭਾਰਤ ਵਿੱਚ ਅਜਿਹੇ ਕੇਵਲ 40 ਫੀਸਦੀ ਬੱਚੇ ਹੀ ਬਚ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿੱਚ ਕਈ ਸਾਲਾਂ ਬਾਅਦ ਇਸ ਤਰ੍ਹਾਂ ਦਾ ਜਟਿਲ ਆਪਰੇਸ਼ਨ ਸਫਲਤਾਪੂਰਵਕ ਕੀਤਾ ਗਿਆ ਹੈ, ਜੋ ਪੰਜਾਬ ਦੀ ਸਰਕਾਰੀ ਸਿਹਤ ਸੇਵਾਵਾਂ ਲਈ ਵੱਡੀ ਉਪਲਬਧੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਜੇ ਇਹ ਇਲਾਜ ਕਿਸੇ ਨਿੱਜੀ ਹਸਪਤਾਲ ਵਿੱਚ ਕਰਵਾਇਆ ਜਾਂਦਾ ਤਾਂ ਇਸਦਾ ਖਰਚਾ 12 ਤੋਂ 15 ਲੱਖ ਰੁਪਏ ਤੱਕ ਆ ਸਕਦਾ ਸੀ, ਪਰ ਪੰਜਾਬ ਸਰਕਾਰ ਦੀ ਸਿਹਤ ਯੋਜਨਾ ਤਹਿਤ ਇਹ ਸਾਰਾ ਇਲਾਜ ਮੁਫ਼ਤ ਕੀਤਾ ਗਿਆ। ਬੱਚੀ ਦੇ ਮਾਪਿਆਂ ਨੇ ਭਾਵੁਕ ਹੋ ਕੇ ਪੰਜਾਬ ਸਰਕਾਰ, ਸਿਹਤ ਮੰਤਰੀ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ। ਅੱਜ ਇੱਕ ਵਿਸ਼ੇਸ਼ ਪੱਤਰਕਾਰ ਮਿਲਣੀ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉਪਰੋਕਤ ਅਦਭੁੱਤ ਤੇ ਸਫ਼ਲ ਆਪ੍ਰੇਸ਼ਨ ਕਰਨ ਵਾਲੇ ਡਾਕਟਰਾਂ ਤੇ ਸਮੂਹ ਟੀਮ ਦੀ ਭਰਪੂਰ ਪ੍ਰਸ਼ੰਸਾ ਕੀਤੀ। Newsline Express
