-ਸਾਂਭ-ਸੰਭਾਲ ਦੇ ਪੱਖ ਤੋਂ ਵਾਤਾਵਰਨ ਪਾਰਕ ਅੱਵਲ-ਪੂਨਮਦੀਪ ਕੌਰ
ਪਟਿਆਲਾ, 17 ਅਕਤੂਬਰ : ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਇੱਥੇ ਵਾਤਾਵਰਣ ਪਾਰਕ ਵਿਖੇ ਕੌਮੀ ਪੱਧਰ ‘ਤੇ ਤਗਮੇ ਜਿੱਤਣ ਵਾਲੇ ਤਿੰਨ ਖਿਡਾਰੀਆਂ ਦਾ ਸਨਮਾਨ ਕੀਤਾ। ਉਨ੍ਹਾਂ ਨੇ ਇਨਵਾਇਰਨਮੈਂਟ ਪਾਰਕ ਦੇ ਪ੍ਰਬੰਧਕਾਂ ਵੱਲੋਂ ਇਸ ਵਾਤਾਵਰਣ ਪਾਰਕ ਦੀ ਸਾਂਭ-ਸੰਭਾਲ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਾਰਕ ਸੰਭਾਲ ਪੱਖੋਂ ਸ਼ਹਿਰ ਦਾ ਸਭ ਤੋਂ ਅੱਵਲ ਪਾਰਕ ਹੈ। ਨਗਰ ਨਿਗਮ ਕਮਿਸ਼ਨਰ ਨੇ ਕੌਮੀ ਪੱਧਰ ‘ਤੇ ਡਿਸਕਸ ਸੁੱਟਣ ਵਾਲੇ ਕ੍ਰਿਪਾਲ ਸਿੰਘ, ਸੋਨ ਤਗਮਾ ਜੇਤੂ, ਮਨਪ੍ਰੀਤ ਕੌਰ ਜੂਨੀਅਰ ਅਤੇ ਦਵਿੰਦਰ ਸਿੰਘ, ਦੋਵੇਂ ਗੋਲਾ ਸੁੱਟਣ ‘ਚ ਚਾਂਦੀ ਤਗਮਾ ਜੇਤੂ, ਦਾ ਸਨਮਾਨ ਕੀਤਾ। ਉਨ੍ਹਾਂ ਨੇ ਇਸ ਦੇ ਨਾਲ ਹੀ ਕੋਚ ਲਖਵਿੰਦਰ ਸਿੰਘ ਦੀ ਵੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵੀ ਸਨਮਾਨ ਕੀਤਾ।
ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਇਸ ਪਾਰਕ ‘ਚ ਰੋਜ਼ਾਨਾ ਹਜ਼ਾਰਾਂ ਲੋਕ ਸਵੇਰ-ਸ਼ਾਮ ਸੈਰ ਤੇ ਕਸਰਤਾਂ ਕਰਕੇ ਤਾਜ਼ਗੀ ਲੈਂਦੇ ਹਨ, ਇਸ ਪਾਰਕ ਨੂੰ ਸੰਭਾਲਣ ਵਾਲੀ ਸੰਸਥਾ ਤੋਂ ਸਿੱਖਿਆ ਲੈਣ ਦੀ ਲੋੜ ਹੈ। ਉਨ੍ਹਾਂ ਨੇ ਖਿਡਾਰੀਆਂ ਅਤੇ ਪਾਰਕ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਇਸ ਪਾਰਕ ਦੀ ਸੰਭਾਲ ਲਈ ਨਗਰ ਨਿਗਮ ਦੀ ਤਰਫ਼ੋਂ ਹਰ ਸੰਭਵ ਸਹਾਇਤਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪਾਰਕ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪਾਰਕ ਦੀਆਂ ਗਤੀਵਿਧੀਆਂ ਬਾਰੇ ਦੱਸਿਆ, ਮੰਚ ਸੰਚਾਲਨ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ ਨਲੀਨਾ ਨੇ ਕੀਤਾ। ਸਮਾਰੋਹ ‘ਚ ਮੈਂਬਰ ਅਮਰਜੀਤ ਸਿੰਘ ਚੌਹਾਨ, ਬਲਬੀਰ ਸਿੰਘ ਬਲਿੰਗ, ਸੁਖਦੇਵ ਸਿੰਘ ਵਿਰਕ, ਡਾ. ਅਨਿਲ ਗਰਗ, ਗੱਜਣ ਸਿੰਘ, ਬੀ.ਐਸ. ਗੇਰਾ, ਸੁਖਦੇਵ ਸਿੰਘ ਸੰਧੂ, ਪ੍ਰਿੰਸੀਪਲ ਜਸਪਾਲ ਸਿੰਘ, ਐਚ.ਪੀ.ਐਸ. ਵਾਲੀਆ, ਵੀ.ਕੇ. ਅਗਰਵਾਲ, ਜੋਗਾ ਸਿੰਘ, ਰਵਿੰਦਰ ਚਾਹਲ, ਅੰਗਰੇਜ ਸਿੰਘ, ਮਨਜੀਤ ਸਿੰਘ ਚਾਹਲ ਤੇ ਤਰਨਜੀਤ ਸਿੰਘ ਆਦਿ ਹਾਜਰ ਸਨ।