-ਟਰਾਂਸਪੋਰਟ ਮੰਤਰੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡੇ ਦਾ ਜਾਇਜ਼ਾ, 56 ਲੱਖ ਰੁਪਏ ਨਾਲ ਦਿੱਤੀ ਜਾਵੇਗੀ ਨਵੀਂ ਦਿੱਖ
-ਬੱਸ ਸਟੈਂਡ ਵਿੱਚ ਬੈਠੇ ਮੋਚੀ ਦਾ ਕਿਰਾਇਆ 1200 ਤੋਂ ਘਟਾ ਕੇ 700 ਰੁਪਏ ਪ੍ਰਤੀ ਮਹੀਨਾ ਕੀਤਾ
ਚੰਡੀਗੜ੍ਹ, 18 ਅਕਤੂਬਰ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਧੱਕੇ ਦੇ ਲਾਏ ਜਾ ਰਹੇ ਦੋਸ਼ਾਂ ਬਾਰੇ ਸਪੱਸ਼ਟ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਵਲੋਂ ਸਿਰਫ਼ ਸਾਲ 2021 ਦਾ ਹੀ ਟੈਕਸ ਪ੍ਰਾਈਵੇਟ ਬੱਸ ਮਾਲਕਾਂ ਤੋਂ ਵਸੂਲਿਆ ਜਾ ਰਿਹਾ ਹੈ ਅਤੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ। ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਰੋਡਵੇਜ਼ ਦੇ ਬੱਸ ਡਿਪੂ ਦਾ ਜਾਇਜ਼ਾ ਲੈਣ ਪਹੁੰਚੇ ਸ੍ਰੀ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਵੀ ਪ੍ਰਾਈਵੇਟ ਬੱਸਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ, ਸਗੋਂ ਸੂਬਾ ਸਰਕਾਰ ਵੱਲੋਂ ਬੱਸ ਟਰਾਂਸਪੋਰਟਰਾਂ ਦਾ ਕੋਰੋਨਾ ਮਹਾਂਮਾਰੀ ਦੇ ਸਮੇਂ ਦਾ ਟੈਕਸ ਮੁਆਫ਼ ਕੀਤਾ ਗਿਆ ਹੈ।
ਉਨ੍ਹਾਂ ਉਚੇਚੇ ਤੌਰ ‘ਤੇ ਕਿਹਾ ਕਿ ਜਿਹੜਾ ਟੈਕਸ ਦੇਣ ਤੋਂ ਪ੍ਰਾਈਵੇਟ ਬੱਸ ਆਪ੍ਰੇਟਰ ਪਿਛਲੇ ਕਰੀਬ 10 ਮਹੀਨੇ ਤੋਂ ਟਾਲਾ ਵੱਟ ਰਹੇ ਹਨ, ਉਹ ਟੈਕਸ ਬੱਸਾ ਆਪ੍ਰੇਟਰਾਂ ਵੱਲੋਂ ਸਵਾਰੀ ਤੋਂ ਟਿਕਟ ਦੇ ਰੂਪ ਵਿੱਚ ਪਹਿਲਾਂ ਹੀ ਵਸੂਲ ਲਿਆ ਗਿਆ ਹੈ। ਟਰਾਂਸਪੋਰਟ ਮੰਤਰੀ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਸਰਕਾਰੀ ਬੱਸਾਂ ਦੀ ਰੋਜ਼ਾਨਾ ਆਮਦਨ ਵਿੱਚ 40 ਲੱਖ ਰੁਪਏ ਦਾ ਵਾਧਾ ਹੋਇਆ ਹੈ ਅਤੇ ਸਰਕਾਰੀ ਡਿਪੂ ਹੁਣ ਮੁਨਾਫ਼ੇ ਵਿੱਚ ਚੱਲ ਪਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸਥਾਨਕ ਬੱਸ ਸਟੈਡ ਨੂੰ ਨਵੀਂ ਦਿੱਖ ਦੇਣ ਲਈ 56 ਲੱਖ ਰੁਪਏ ਲਗਾ ਕੇ ਇਸ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਇਹ ਕੰਮ ਪੀ.ਡਬਲਯੂ.ਡੀ. (ਬੀ ਐਡ ਆਰ) ਵੱਲੋਂ ਕਰਵਾਇਆ ਜਾਵੇਗਾ ਤਾਂ ਜੋ ਕੰਮ ਨੂੰ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ।
ਇਸ ਮੌਕੇ ਕੈਬਨਿਟ ਮੰਤਰੀ ਨੇ ਸਥਾਨਕ ਬੱਸ ਸਟੈਂਡ ਦੀ ਵਰਕਸ਼ਾਪ, ਡੀਜ਼ਲ ਪੰਪ ਆਟੋ ਮਿਸ਼ਨ ਸਿਸਟਮ, ਬੱਸ ਸਟੈਂਡ ਦੀ ਸਾਫ਼-ਸਫ਼ਾਈ ਅਤੇ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਤੋਂ ਸਰਕਾਰੀ ਬੱਸਾਂ ਵਿੱਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ। ਸ੍ਰੀ ਰਾਜਾ ਵੜਿੰਗ ਨੇ ਬੱਸ ਸਟੈਂਡ ਵਿੱਚ ਬੂਟ ਪਾਲਿਸ਼ ਕਰਨ ਵਾਲੇ ਹੰਸ ਰਾਜ ਤੋਂ ਵੀ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਹੰਸ ਰਾਜ ਤੋਂ 1200 ਰੁਪਏ ਪ੍ਰਤੀ ਮਹੀਨੇ ਦੀ ਬਜਾਏ 700 ਰੁਪਏ ਪ੍ਰਤੀ ਮਹੀਨਾ ਕਿਰਾਇਆ ਲਿਆ ਜਾਵੇ।