-ਨੌਜਵਾਨ, ਦਿਵਿਆਂਗਜਨ, ਟਰਾਂਸਜੈਂਡਰ ਤੇ ਬਜ਼ੁਰਗ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਕੀਤੀ ਹਦਾਇਤ
ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਲਈ 30 ਨਵੰਬਰ ਤੱਕ ਕੀਤਾ ਜਾ ਸਕਦਾ ਅਪਲਾਈ : ਜ਼ਿਲ੍ਹਾ ਚੋਣ ਅਫ਼ਸਰ
-7, 20 ਤੇ 21 ਨਵੰਬਰ ਨੂੰ ਵੀ ਸੁਧਾਈ ਲਈ ਬੂਥ ਲੈਵਲ ‘ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ
– ਪਟਿਆਲਾ ਜ਼ਿਲ੍ਹੇ ‘ਚ 1784 ਪੋਲਿੰਗ ਸਟੇਸ਼ਨ ਤੇ ਹੁਣ ਤੱਕ ਵੋਟਰਾਂ ਦੀ ਗਿਣਤੀ 14,75,754
ਪਟਿਆਲਾ, 6 ਨਵੰਬਰ : ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜ਼ਿਲ੍ਹਾ ਚੋਣ ਅਫ਼ਸਰ ਕਮ- ਡਿਪਟੀ ਕਮਿਸ਼ਨਰ ਸੰਦੀਪ ਹੰਸ ਵੱਲੋਂ ਅੱਜ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਲਗਾਏ ਗਏ ਵਿਸ਼ੇਸ਼ ਕੈਂਪਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਡਿਊਟੀ ‘ਤੇ ਤਾਇਨਾਤ ਅਮਲੇ ਨੂੰ ਨੌਜਵਾਨ, ਦਿਵਿਆਂਗਜਨ, ਟਰਾਂਸਜੈਂਡਰ ਤੇ ਬਜ਼ੁਰਗ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨਵੀਂਆਂ ਵੋਟਾਂ ਬਣਵਾਉਣ ਆਏ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਨੌਜਵਾਨਾਂ ਨੂੰ ਵੋਟਰ ਜਾਗਰੂਕਤਾ ਮੁਹਿੰਮ ‘ਚ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਸ੍ਰੀ ਸੰਦੀਪ ਹੰਸ ਨੇ ਬੂਥ ਲੈਵਲ ‘ਤੇ ਕੰਮ ਕਰ ਰਹੇ ਬੀ.ਐਲ.ਓਜ਼ ਕੋਲ ਜਮਾਂ ਹੋਏ ਫਾਰਮਾਂ ਦੀ ਪੜਤਾਲ ਕੀਤੀ ਅਤੇ ਇਹ ਹਦਾਇਤ ਕੀਤੀ ਕਿ ਕੈਂਪ ‘ਚ ਜਿਨੇ ਫਾਰਮ ਜਮਾਂ ਹੋਏ ਹਨ, ਉਨ੍ਹਾਂ ਦੀ ਬੂਥ ਲੈਵਲ ਰਿਪੋਰਟ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਕੈਂਪ ਤੋਂ ਤੁਰੰਤ ਬਾਅਦ ਜਮਾਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦੀ ਸੁਧਾਈ ਅਤੇ ਨਵੀਂਆਂ ਵੋਟਾਂ ਬਣਾਉਣ ਲਈ ਚੋਣ ਕਮਿਸ਼ਨ ਵੱਲੋਂ ਵਿਕਸਤ ਕੀਤੀ ਗਈ ਗਰੁੜ ਐਪ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਕੰਮ ‘ਚ ਹੋਰ ਤੇਜ਼ੀ ਆ ਸਕੇ। ਇਸ ਮੌਕੇ ਤਾਇਨਾਤ ਅਮਲੇ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਰੁੜ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ, ਤੇ ਵੋਟਰਾਂ ਨੂੰ ਵੀ ਵੋਟਰ ਹੈਲਪ ਲਾਈਨ ਐਪ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਅੱਜ ਪਟਿਆਲਾ ਦਿਹਾਤੀ ਦੇ ਬੂਥ ਨੰਬਰ 149 ਤੋਂ 152 ਬੀ.ਐਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬੂਥ ਨੰਬਰ 159 ਤੇ 160 ਪ੍ਰਾਇਮ ਪਬਲਿਕ ਸਕੂਲ ਘੁੰਮਣ ਨਗਰ, ਬੂਥ ਨੰਬਰ 161 ਤੋਂ 164 ਜ਼ਿਲ੍ਹਾ ਉਦਯੋਗ ਕੇਂਦਰ ਸਰਹਿੰਦ ਰੋਡ ਤੇ 177 ਤੋਂ 180 ਮਾਰਕਿਟ ਕਮੇਟੀ ਦਫ਼ਤਰ ਅਨਾਜ ਮੰਡੀ ਪਟਿਆਲਾ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਪਟਿਆਲਾ ਜ਼ਿਲ੍ਹੇ ਦੇ ਕੁੱਲ ਅੱਠ ਵਿਧਾਨ ਸਭਾ ਚੋਣ ਹਲਕਿਆਂ ‘ਚ ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਿਵੀਜ਼ਨ ਦਾ ਕੰਮ ਮਿਤੀ 01 ਨਵੰਬਰ ਤੋਂ ਸ਼ੁਰੂ ਕੀਤਾ ਗਿਆ ਹੈ, ਜੋ 30 ਨਵੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ, ਜਿਸ ਤਹਿਤ ਪਹਿਲਾਂ ਕੈਂਪ ਅੱਜ ਬੂਥ ਪੱਧਰ ‘ਤੇ ਲਗਾਇਆ ਜਾ ਰਿਹਾ ਹੈ ਤੇ ਅਗਲਾ ਕੈਂਪ 7 ਨਵੰਬਰ 2021 (ਦਿਨ ਐਤਵਾਰ), 20 ਨਵੰਬਰ 2021 (ਦਿਨ ਸ਼ਨੀਵਾਰ) ਅਤੇ ਮਿਤੀ 21 ਨਵੰਬਰ 2021 (ਦਿਨ ਐਤਵਾਰ) ਨੂੰ ਸਮੂਹ ਪੋਲਿੰਗ ਬੂਥਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣੇ ਹਨ, ਜਿੱਥੇ ਬੀ.ਐਲ.ਓਜ਼ ਵੱਲੋਂ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਆਪਣੇ ਪੋਲਿੰਗ ਬੂਥਾਂ ਤੇ ਬੈਠ ਕੇ ਆਮ ਜਨਤਾ/ ਬਿਨੈਕਾਰਾਂ ਪਾਸੋਂ ਫਾਰਮ 6,7, 8, 8 ਓ ਪ੍ਰਾਪਤ ਕੀਤੇ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਹਰੇਕ ਨੌਜਵਾਨ ਜਿਸਦੀ ਉਮਰ 1 ਜਨਵਰੀ 2022 ਨੂੰ 18 ਸਾਲ ਜਾਂ ਵੱਧ ਹੈ, ਦਾ ਨਾਮ ਲਾਜ਼ਮੀ ਤੌਰ ‘ਤੇ ਵੋਟਰ ਸੂਚੀ ਵਿਚ ਸ਼ਾਮਲ ਕਰਵਾਉਣ ਅਤੇ ਇਨ੍ਹਾਂ ਦੀ ਭਾਰਤ ਦੇ ਲੋਕਤੰਤਰ ਵਿੱਚ 100 ਪ੍ਰਤੀਸ਼ਤ ਸਮੂਲੀਅਤ ਕਰਨ ਦਾ ਟੀਚਾ ਰੱਖਿਆ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਮਾਜ ਦੇ ਕੁਝ ਖਾਸ ਵਰਗ ਜਿਵੇਂ ਕਿ ਦਿਵਿਆਂਗ ਵਰਗ, ਟਰਾਂਸਜੈਂਡਰ ਵਰਗ ਆਦਿ ਦੇ ਯੋਗ ਵਿਅਕਤੀ ਦੀ ਵੋਟਰ ਰਜਿਸਟਰੇਸ਼ਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪਟਿਆਲਾ ਵਿਚ ਕੁੱਲ 1784 ਪੋਲਿੰਗ ਸਟੇਸ਼ਨ ਹਨ ਅਤੇ ਹਰੇਕ ਪੋਲਿੰਗ ਸਟੇਸ਼ਨ ਤੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਵੱਲੋਂ ਬੀ.ਐਲ.ਓ ਦੀ ਨਿਯੁਕਤੀ ਕੀਤੀ ਗਈ ਹੈ। ਜ਼ਿਲਾ ਪਟਿਆਲਾ ਵਿਚ ਹੁਣ ਤੱਕ ਕੁੱਲ ਵੋਟਰਾਂ ਦੀ ਗਿਣਤੀ 14,75,754 ਹੈ, ਜਿਸ ਵਿਚ ਕੁੱਲ 772467 ਮਰਦ ਅਤੇ 703228 ਔਰਤ ਅਤੇ 59 ਟਰਾਂਸਜੈਂਡਰ ਹਨ।