????ਕਿਸਾਨਾਂ ਨੇ ਅਕਸ਼ੇ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਨੂੰ ਪਟਿਆਲਾ ਵਿੱਚ ਕਰਵਾਇਆ ਬੰਦ
???? ਕਿਸਾਨ ਵਿਰੋਧੀ ਫਿਲਮੀ ਕਲਾਕਾਰਾਂ ਦੀਆਂ ਫਿਲਮਾਂ ਦਾ ਪੂਰਨ ਬਾਈਕਾਟ : ਐਡਵੋਕੇਟ ਪ੍ਰਭਜੀਤ ਪਾਲ ਸਿੰਘ, ਮੰਨੂੰ ਬੁੱਟਰ
ਪਟਿਆਲਾ, 6 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਦੀ ਮਾਲ ਰੋਡ ਉਤੇ ਸਥਿਤ ਓਮੈਕਸ ਮਾਲ ਦੇ ਸਿਨੇਮਾ ਘਰ ਵਿਚ ਚੱਲ ਰਹੀ ਫਿਲਮ ਐਕਟਰ ਅਕਸ਼ੈ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਨੂੰ ਅੱਜ ਕਿਸਾਨਾਂ ਦੇ ਵਿਰੋਧ ਕਾਰਨ ਬੰਦ ਕਰਵਾ ਦਿੱਤਾ ਗਿਆ।
ਇਸ ਮੌਕੇ ‘ਤੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਅਤੇ ਮਨੂੰ ਬੁੱਟਰ ਸੂਬਾ ਪ੍ਰਧਾਨ ਯੂਥ ਭਾਰਤੀ ਕਿਸਾਨ ਮੰਚ ਏਕਤਾ, ਸੁਰਜੀਤ ਸਿੰਘ ਲਚਕਾਣੀ, ਗੁਰਵਿੰਦਰ ਸਿੰਘ ਲੰਗ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਗੁਰਤੇਜ ਸਿੰਘ ਚਲੈਲਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ
ਕਿਸਾਨ ਅੰਦੋਲਨ ਚਲਦਿਆਂ ਇੱਕ ਸਾਲ ਤੋਂ ਉੱਪਰ ਹੋ ਗਿਆ ਹੈ, ਦੇਸ਼ ਦੇ ਕੋਨੇ-ਕੋਨੇ ਵਿੱਚ ਕਿਸਾਨ ਧਰਨੇ ਉਪਰ ਬੈਠੇ ਹਨ ਅਤੇ ਦੇਸ਼-ਵਿਰੋਧੀ ਕਾਰਪੋਰੇਟ ਘਰਾਣਿਆਂ ਦੇ ਨਾਲ ਨਾਲ ਬੀਜੇਪੀ ਸਰਕਾਰ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਹੋਇਆ ਹੈ। ਕਿਸਾਨ ਅੰਦੋਲਨ ਦੇ ਚਲਦਿਆਂ ਹਾਲੀਵੁੱਡ ਸਟਾਰ ਰਿਹਾਨਾ ਵੱਲੋਂ ਜਨਵਰੀ 2021 ਵਿੱਚ ਕਿਸਾਨਾਂ ਦੀ ਦਿੱਲੀ ਦੀਆਂ ਬਰੂਹਾਂ ਉਪਰ ਬੈਠਿਆਂ ਦੀ ਤਰਸਯੋਗ ਹਾਲਤ ਨੂੰ ਵੇਖਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਟਵੀਟ ਕੀਤਾ ਗਿਆ ਸੀ ਤੇ ਉਸ ਦੀ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼ ਨਾਲ ਬਾਲੀਵੁੱਡ ਸਟਾਰ ਅਦਾਕਾਰ ਅਕਸ਼ੈ ਕੁਮਾਰ, ਅਜੈ ਦੇਵਗਨ ਸੁਨੀਲ ਸ਼ੈਟੀ, ਸੰਨੀ ਦਿਓਲ, ਬੋਬੀ ਦਿਓਲ, ਕੰਗਨਾ ਰਨੌਤ, ਸਚਿਨ ਤੇਂਦੁਲਕਰ ਆਦਿ ਨੇ ਕਿਸਾਨ ਅੰਦੋਲਨ ਖਿਲਾਫ ਭਾਜਪਾ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ। ਰਿਹਾਨਾ ਦੇ ਟਵੀਟ ਤੋਂ ਬਾਅਦ ਕਿਸਾਨ ਵਿਰੋਧੀ ਬਾਲੀਵੁੱਡ ਕਲਾਕਾਰਾਂ ਦੀਆਂ ਸ਼ੂਟਿੰਗਜ਼ ਨੂੰ ਬੰਦ ਕਰਵਾਇਆ ਗਿਆ ਸੀ ਤੇ ਐਲਾਨ ਕੀਤਾ ਸੀ ਕਿ ਜੋ ਵੀ ਆਦਾਕਾਰ ਕਿਸਾਨ-ਵਿਰੋਧੀ ਬੋਲੇ ਉਨ੍ਹਾਂ ਦੀਆਂ ਫਿਲਮਾਂ ਦੀਆ ਨਾਂ ਤਾਂ ਪੰਜਾਬ ਵਿਚ ਸ਼ੂਟਿੰਗਾਂ ਹੋਣਗੀਆਂ ਅਤੇ ਨਾ ਹੀ ਪੰਜਾਬ ਦੇ ਸਿਨੇਮਾ ਘਰ ਵਿਚ ਲੱਗਣ ਦਿੱਤੀਆਂ ਜਾਣਗੀਆਂ। ਇਸੇ ਲੜੀ ਤਹਿਤ ਅੱਜ ਪਟਿਆਲਾ ਵਿਚ ਅਕਸ਼ੈ ਕੁਮਾਰ ਦੀ ਲੱਗੀ ਸੂਰਿਆਵੰਸ਼ੀ ਫਿਲਮ ਦਾ ਕਿਸਾਨ ਜਥੇਬੰਦੀਆਂ ਨੇ ਭਾਰੀ ਵਿਰੋਧ ਕੀਤਾ ਤੇ ਵਿਰੋਧ ਨੂੰ ਦੇਖਦੇ ਹੋਏ ਸਿਨੇਮਾ ਮੈਨੇਜਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਹੋਏ ਮੌਕੇ ‘ਤੇ ਫਿਲਮ ਨੂੰ ਬੰਦ ਕਰ ਦਿੱਤਾ ਅਤੇ ਅੱਗੇ ਤੋਂ ਕੋਈ ਵੀ ਕਿਸਾਨ ਵਿਰੋਧੀ ਬਾਲੀਵੁੱਡ ਅਦਾਕਾਰ ਦੀ ਫਿਲਮ ਨਾ ਲਗਾਉਣ ਦਾ ਆਸ਼ਵਾਸਨ ਦਿੱਤਾ। ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਆਮ ਲੋਕਾਂ ਨੂੰ ਵੀ ਬੇਨਤੀ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਹ ਪਹਿਲੇ ਦਿਨ ਤੋਂ ਕਿਸਾਨ ਅੰਦੋਲਣ ਦਾ ਸਾਥ ਦਿੰਦੇ ਆ ਰਹੇ ਹਨ, ਉਸੇ ਤਰ੍ਹਾਂ ਕਿਸਾਨ ਵਿਰੋਧੀ ਬਾਲੀਵੁੱਡ ਅਦਾਕਾਰਾ ਦੀਆਂ ਫਿਲਮਾਂ ਦਾ ਵੀ ਬਾਈਕਾਟ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਫ਼ਿਲਮਾਂ ਨਾ ਦੇਖਣ। ਫਿਲਮ ਨੂੰ ਬੰਦ ਕਰਵਾਉਣ ਤੋਂ ਬਾਅਦ ਕਿਸਾਨਾਂ ਵੱਲੋਂ ਜੈਕਾਰੇ ਛੱਡਦੇ ਹੋਏ ਸਿਨੇਮਾ ਮੈਨੇਜਮੈਂਟ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਆ ਕੇ ਫਿਲਮ ਨੂੰ ਤੁਰੰਤ ਬੰਦ ਕੀਤਾ।
ਇਸ ਮੌਕੇ ਸੁਰਿੰਦਰ ਪਾਲ ਸਿੰਘ ਚਹਿਲ, ਗੁਰਿੰਦਰ ਸਿੰਘ, ਅਜ਼ਾਦ ਬਾਜਵਾ, ਨਵੀਨ ਜੈਨ, ਪਵਨਪ੍ਰੀਤ ਸਿੰਘ, ਜਸਵੀਰ ਬਨਰੀ, ਸੁੱਖਾ ਬਾਠ, ਸੁੱਚਾ ਸਿੰਘ, ਰਣਧੀਰ ਸਿੰਘ, ਸਵਰਨ ਸਿੰਘ ਤੋਂ ਅਲਾਵਾ ਵੱਡੀ ਗਿਣਤੀ ਵਿਚ ਹੋਰ ਕਿਸਾਨ ਵੀ ਹਾਜਰ ਸਨ। *Newsline Express*