newslineexpres

Home Chandigarh ਅੱਜ ਅੱਧੀ ਰਾਤ ਤੋਂ ਪੈਟਰੋਲ 10 ਰੁਪਏ ਅਤੇ ਡੀਜ਼ਲ 5 ਰੁਪਏ ਹੋਵੇਗਾ ਸਸਤਾ

ਅੱਜ ਅੱਧੀ ਰਾਤ ਤੋਂ ਪੈਟਰੋਲ 10 ਰੁਪਏ ਅਤੇ ਡੀਜ਼ਲ 5 ਰੁਪਏ ਹੋਵੇਗਾ ਸਸਤਾ

by Newslineexpres@1

-ਚੰਡੀਗੜ੍ਹ ਨੂੰ ਛੱਡ ਕੇ ਪੰਜਾਬ ਵਿਚ ਹੁਣ ਪੂਰੇ ਖਿੱਤੇ ਵਿੱਚੋਂ ਤੇਲ ਦੀਆਂ ਕੀਮਤਾਂ ਸਭ ਤੋਂ ਘੱਟ

-ਪੰਜਾਬ ਵਿਚ ਅੱਜ ਅੱਧੀ ਰਾਤ ਤੋਂ ਤੇਲ ਦੀਆਂ ਨਵੀਆਂ ਕੀਮਤਾਂ ਲਾਗੂ ਹੋਣਗੀਆਂ, 95 ਰੁਪਏ ਪ੍ਰਤੀ ਲਿਟਰ ਪੈਟਰੋਲ ਅਤੇ 83.75 ਰੁਪਏ ਪ੍ਰਤੀ ਲਿਟਰ ਡੀਜ਼ਲ ਹੋਵੇਗਾ

ਚੰਡੀਗੜ੍ਹ, 7 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੂਬਾ ਭਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕ੍ਰਮਵਾਰ 10 ਰੁਪਏ ਅਤੇ 5 ਰੁਪਏ ਪ੍ਰਤੀ ਲਿਟਰ ਕਟੌਤੀ ਕਰਨ ਦਾ ਐਲਾਨ ਕੀਤਾ ਹੈ।

       ਅੱਜ ਇੱਥੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਵਿਚ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਛੱਡ ਕੇ ਖਿੱਤੇ ਵਿਚ ਤੇਲ ਦੀਆਂ ਕੀਮਤਾਂ ਸਭ ਤੋਂ ਘੱਟ ਹਨ ਅਤੇ ਪੰਜਾਬ ਵਿਚ ਡੀਜ਼ਲ ਦੀਆਂ ਕੀਮਤਾਂ ਹੁਣ ਹਰਿਆਣਾ ਅਤੇ ਰਾਜਸਥਾਨ ਨਾਲੋਂ ਘੱਟ ਹਨ। ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਪੈਟਰੋਲ ਦੀਆਂ ਕੀਮਤਾਂ ਉਤੇ ਵੈਟ ਦੀ ਦਰ ਘਟਾ ਕੇ 27.27 ਫੀਸਦੀ (24.79 ਫੀਸਦੀ+10  ਫੀਸਦੀ ਸਰਚਾਰਜ) ਤੋਂ 15.15 ਫੀਸਦੀ (13.77 ਫੀਸਦੀ+10 ਫੀਸਦੀ ਸਰਚਾਰਜ) ਅਤੇ ਡੀਜ਼ਲ ਉਤੇ 17.57 ਫੀਸਦੀ (15.93 ਫੀਸਦੀ+10 ਫੀਸਦੀ ਸਰਚਾਰਜ) ਤੋਂ 10.91 ਫੀਸਦੀ (9.92 ਫੀਸਦੀ+10 ਫੀਸਦੀ) ਕਰ ਦਿੱਤੀਆਂ ਗਈਆਂ।

       ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਸੱਚਮੁਚ ਬਹੁਤ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਵਿਚ ਕਟੌਤੀ ਕਰਕੇ 4 ਨਵੰਬਰ 2021 ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 5 ਰੁਪਏ ਅਤੇ 10 ਰੁਪਏ ਪ੍ਰਤੀ ਲਿਟਰ ਘਟਾਈਆਂ ਹਨ ਜਿਸ ਨਾਲ ਪੰਜਾਬ ਸਮੇਤ ਸਾਰੇ ਸੂਬਿਆਂ ਦੀ ਆਮਦਨ ਉਤੇ ਬੁਰਾ ਪ੍ਰਭਾਵ ਪਿਆ ਹੈ ਕਿਉਂ ਜੋ ਕੇਂਦਰ ਵਲੋਂ ਉਗਰਾਹੀ ਜਾਂਦੀ ਐਕਸਾਈਜ਼ ਡਿਊਟੀ ਵਿਚ ਪੰਜਾਬ ਦੀ 42 ਫੀਸਦੀ ਹਿੱਸੇਦਾਰੀ ਹੁੰਦੀ ਹੈ।

       ਐਕਸਾਈਜ਼ ਡਿਊਟੀ ਅਤੇ ਵੈਟ ਦੀਆਂ ਦਰਾਂ ਵਿਚ ਕਟੌਤੀ ਤੋਂ ਬਾਅਦ ਪੰਜਾਬ ਤੇ ਗੁਆਂਢੀ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੀ ਤੁਲਨਾ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਹੇਠ ਲਿਖੇ ਵੇਰਵਿਆਂ ਦਾ ਜ਼ਿਕਰ ਕੀਤਾ-

ਸੂਬਾ /ਕੇਂਦਰੀ ਸ਼ਾਸਿਤ ਪ੍ਰਦੇਸ਼ ਪੈਟਰੋਲ ਦੀ ਪ੍ਰਤੀ ਲਿਟਰ ਕੀਮਤ  (ਰੁਪਏ /ਲਿਟਰ) ਡੀਜ਼ਲ ਦੀ ਪ੍ਰਤੀ ਲਿਟਰ ਕੀਮਤ  (ਰੁਪਏ /ਲਿਟਰ)
ਪੰਜਾਬ 95.00

(ਅੱਜ ਅੱਧੀ ਰਾਤ ਤੋਂ)

83.75

(ਅੱਜ ਅੱਧੀ ਰਾਤ ਤੋਂ)

ਦਿੱਲੀ 104.01 86.71
ਹਰਿਆਣਾ 95.29 86.53
ਹਿਮਾਚਲ ਪ੍ਰਦੇਸ਼ 95.76 80.34
ਜੰਮੂ ਤੇ ਕਸ਼ਮੀਰ 96.13 80.31
ਚੰਡੀਗੜ੍ਹ 94.21 80.89
ਰਾਜਸਥਾਨ 116.27 100.46

       ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਉਤੇ ਵੈਟ ਘਟਾਉਣ ਤੋਂ ਬਾਅਦ ਪੰਜਾਬ ਵਿਚ ਅੱਜ ਅੱਧੀ ਰਾਤ ਤੋਂ ਪੈਟਰੋਲ ਦੀ ਕੀਮਤ 105 ਰੁਪਏ ਪ੍ਰਤੀ ਲਿਟਰ ਦੀ ਬਜਾਏ ਹੁਣ 95 ਰੁਪਏ ਪ੍ਰਤੀ ਲਿਟਰ ਹੋਵੇਗੀ। ਇਸੇ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਵੀ ਅੱਜ ਅੱਧੀ ਰਾਤ ਤੋਂ 88.75 ਰੁਪਏ ਪ੍ਰਤੀ ਲਿਟਰ ਦੀ ਬਜਾਏ 83.75 ਰੁਪਏ ਪ੍ਰਤੀ ਲਿਟਰ ਹੋਵੇਗੀ ਜਦਕਿ ਇਸ ਦੇ ਮੁਕਾਬਲੇ ਦਿੱਲੀ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 104.01 ਪ੍ਰਤੀ ਲਿਟਰ ਅਤੇ 86.71 ਰੁਪਏ ਪ੍ਰਤੀ ਲਿਟਰ ਹਨ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਦੀਆਂ ਦਰਾਂ ਨੂੰ ਗੁਆਂਢੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਬਰਾਬਰ ਲਿਆਉਣ ਅਤੇ ਹਾੜ੍ਹੀ ਦੇ ਆਗਾਮੀ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਆਮ ਖਪਤਕਾਰਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ 7 ਨਵੰਬਰ ਅਤੇ 8 ਨਵੰਬਰ ਦੀ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ’ਤੇ ਕ੍ਰਮਵਾਰ 10 ਰੁਪਏ ਅਤੇ 5 ਰੁਪਏ  ਵੈਟ ਦੀ ਕਟੌਤੀ ਕਰਨ ਦਾ ਅਹਿਮ ਫੈਸਲਾ ਲਿਆ ਹੈ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਵੇਗੀ। ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਦਰਾਂ ‘ਚ ਕਟੌਤੀ ਨਾਲ ਖਪਤ ਵਧੇਗੀ, ਗ਼ਰੀਬ ਅਤੇ ਮੱਧ ਵਰਗਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ ਅਤੇ ਸਮੁੱਚੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਇਸ ਕਟੌਤੀ ਦੇ ਸਿੱਟੇ ਵਜੋਂ ਪੰਜਾਬ ਵਿੱਚ ਪੈਟਰੋਲ ਦਾ ਰੇਟ (ਚੰਡੀਗੜ੍ਹ ਨੂੰ ਛੱਡ ਕੇ) ਖੇਤਰ ਵਿੱਚ ਸਭ ਤੋਂ ਘੱਟ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ 2019-20 ਦੇ ਅੰਕੜਿਆਂ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀ ਸਾਲਾਨਾ ਖਪਤ ਕ੍ਰਮਵਾਰ 1352260 ਕੇ.ਐਲ.ਐਸ. ਅਤੇ 3886897 ਕੇ.ਐਲ.ਐਸ. ਸੀ। ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਿੱਚ ਕ੍ਰਮਵਾਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਨਾਲ ਪੈਟਰੋਲ ਅਤੇ ਡੀਜ਼ਲ ’ਤੇ ਕ੍ਰਮਵਾਰ ਸਾਲਾਨਾ 1352 ਕਰੋੜ ਅਤੇ 1943 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ’ਚ ਕਟੌਤੀ ਕਰਨ ਨਾਲ ਪੈਟਰੋਲ ਅਤੇ ਡੀਜ਼ਲ ਲਈ ਵੈਟ ਮਾਲੀਏ ਦਾ ਕ੍ਰਮਵਾਰ 684.68 ਕਰੋੜ ਰੁਪਏ ਅਤੇ 172.11 ਕਰੋੜ ਰੁਪਏ ਦੇ ਅਨੁਮਾਨਿਤ ਸਾਲਾਨਾ ਨੁਕਸਾਨ ਹੋਵੇਗਾ।

Related Articles

Leave a Comment