-ਪੱਕਾ ਮੋਰਚਾ ਲਾਉਣ ਦੀ ਦਿੱਤੀ ਚੇਤਾਵਨੀ
ਪਟਿਆਲਾ, 10 ਨਵੰਬਰ – ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਝੰਡੇ ਹੇਠ ਪਿਛਲੇ 4 ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅੱਜ ਪਟਿਆਲਾ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸਮਾਪਤੀ ਉਪਰੰਤ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਚੇਅਰਮੈਨ ਇੰਜੀ: ਸੁਖਮਿੰਦਰ ਸਿੰਘ ਲਵਲੀ ਨੇ ਦੱਸਿਆ ਕਿ 22 ਨਵੰਬਰ ਨੂੰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਹਜਾਰਾਂ ਇੰਜੀਨੀਅਰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੀ ਇੰਜੀਨੀਅਰ ਵਿਰੋਧੀ ਨੀਤੀ ਦੇ ਖਿਲਾਫ ਵਿਸ਼ਾਲ ਰੋਸ ਰੈਲੀ ਕਰਨਗੇ ਅਤੇ ਇਸ ਉਪਰੰਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਮੂਹ ਵਿਭਾਗਾਂ ਦੇ ਇੰਜੀਨੀਅਰ 18 ਅਤੇ 19 ਨਵੰਬਰ ਨੂੰ ਸਰਕਾਰੀ ਕੰਮਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਕਲਮ ਛੋੜ ਹੜਤਾਲ ਦੇ ਰੂਪ ਵਿੱਚ ਜ਼ਿਲ੍ਹਾ ਹੈੱਡ ਕੁਆਟਰ ‘ਤੇ ਮੁਜਾਹਰੇ ਕਰਨਗੇ। ਕੌਂਸਲ ਦੇ ਸੁਬਾਈ ਆਗੂ ਇੰਜੀ: ਕਰਮਜੀਤ ਸਿੰਘ ਬੀਹਲਾ ਅਤੇ ਕਮਰਜੀਤ ਸਿੰਘ ਮਾਨ ਨੇ ਦੱਸਿਆ ਕਿ 8 ਅਤੇ 9 ਨਵੰਬਰ ਨੂੰ ਮੋਰਿੰਡਾ ਵਿਖੇ ਦਿਨ ਰਾਤ ਦੇ ਧਰਨਿਆਂ ਤੋਂ ਬਾਅਦ ਵੀ ਸਰਕਾਰ ਨੇ ਕੌਂਸਲ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਦੀ ਕੋਈ ਜ਼ਰੂਰਤ ਨਹੀਂ ਸਮਝੀ ਜਿਸ ਕਾਰਨ ਪੰਜਾਬ ਦੇ ਸਮੂਹ ਇੰਜੀਨੀਅਰਾਂ ਵਿੱਚ ਰੋਸ ਦੀ ਲਹਿਰ ਫੈਲ ਗਈ। ਉਹਨਾਂ ਐਲਾਨ ਕੀਤਾ ਕਿ ਜੇਕਰ 22 ਨਵੰਬਰ ਤੱਕ ਸਰਕਾਰ ਵੱਲੋਂ ਦੋ ਧਿਰੀ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਰੈਲੀ ਤੋਂ ਤੁਰੰਤ ਬਾਅਦ ਪੰਜਾਬ ਵਿੱਚ ਕਿਸੇ ਥਾਂ ‘ਤੇ ਵੀ ਪੱਕਾ ਮੋਰਚਾ ਲਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਇੰਜੀਨੀਅਰ ਪਿਛਲੇ ਕਈ ਮਹੀਨਿਆਂ ਤੋਂ ਆਪਣੀਆਂ ਮੰਗਾਂ ਲਈ ਲੜਾਈ ਲੜ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ: ਕਰਮਜੀਤ ਸਿੰਘ ਖੋਖਰ, ਇੰਜ: ਕੁਲਜੀਤ ਸਿੰਘ ਮਠਾੜੂ, ਇੰਜ: ਗੁਰਦੀਪ ਸਿੰਘ, ਇੰਜ: ਗੁਰਜੀਤ ਸਿੰਘ ਪਟਿਆਲਾ, ਇੰਜ: ਬਿਕਰਮਜੀਤ ਸਿੰਘ ਪੰਨੂ, ਇੰਜ: ਅਸ਼ਵਨੀ ਕੁਮਾਰ, ਇੰਜ: ਲਖਵਿੰਦਰ ਸਿੰਘ ਭੌਰ ਅਤੇ ਇੰਜ: ਸੁਖਰਾਜ ਸਿੰਘ, ਇੰਜ: ਪਵਨਦੀਪ ਸੇਖੋਂ ਆਦਿ ਹਾਜ਼ਰ ਸਨ।