-ਆਪ ਵਿਧਾਇਕ ਜਗਦੇਵ ਸਿੰਘ ਕਮਾਲੂ ਵੱਲੋਂ ਵੀ ਟਰਾਂਸਪੋਰਟ ਮਾਫੀਆ ਵਿਰੁੱਧ ਕਾਰਵਾਈ ਲਈ ਰਾਜ ਸਰਕਾਰ ਦੀ ਪ੍ਰਸੰਸਾ
ਚੰਡੀਗੜ੍ਹ, 11 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮ ਆਦਮੀ ਦੇ ਮਸੀਹਾ ਵਜੋਂ ਅਕਸ ਨੂੰ ਅੱਜ ਉਸ ਵੇਲੇ ਹੋਰ ਹੁਲਾਰਾ ਮਿਲਿਆ ਜਦੋਂ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਵੀ ਉਨ੍ਹਾਂ ਦੀ ਹਰਮਨ ਪਿਆਰਤਾ ਨੂੰ ਸਵੀਕਾਰ ਕੀਤਾ। 15ਵੀਂ ਪੰਜਾਬ ਵਿਧਾਨ ਸਭਾ ਦੇ 16ਵੇਂ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਇਕ ਮੁੱਖ ਮੰਤਰੀ ਨੇ ਉਨ੍ਹਾਂ ਦੀ ਆਮ ਲੋਕਾਂ ਦਾ ਮੁੱਖ ਮੰਤਰੀ ਹੋਣ ਦੀ ਸਾਖ ਦਾ ਮਜ਼ਾਕ ਉਡਾਇਆ ਹੈ ਅਤੇ ਸਵਾਲ ਵੀ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਵਿਰੋਧੀ ਧਿਰ ਵਿੱਚੋਂ ਕੋਈ ਇਹ ਸਮਝਦਾ ਹੈ ਕਿ ਉਹ (ਚੰਨੀ) ‘ਆਮ ਆਦਮੀ’ ਹਨ ਤਾਂ ਉਨ੍ਹਾਂ ਨੂੰ ਖੁੱਲ੍ਹ ਕੇ ਕਹਿਣਾ ਚਾਹੀਦਾ ਹੈ।
ਇਸ ‘ਤੇ ਹਲਕਾ ਰਾਏਕੋਟ ਤੋਂ ‘ਆਪ’ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਖੜ੍ਹੇ ਹੋ ਕੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਸਹੀ ਮਾਇਨਿਆਂ ਵਿੱਚ ਆਮ ਆਦਮੀ ਮੰਨਦੇ ਹਨ।
ਇਸ ਉਪਰੰਤ ‘ਆਪ’ ਦੇ ਇੱਕ ਹੋਰ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਖਾਸ ਕਰਕੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਮਾਫੀਆ ‘ਤੇ ਸ਼ਿਕੰਜਾ ਕੱਸਣ ਅਤੇ ਇਸ ਨੂੰ ਖਤਮ ਕਰਨ ਦੀ ਸ਼ਲਾਘਾ ਕੀਤੀ।