ਪਟਿਆਲਾ, 13 ਨਵੰਬਰ : ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਪ੍ਰੀਤ ਸਿੰਘ ਥਿੰਦ ਨੇ ਡਿਪਟੀ ਕਮਿਸ਼ਨਰ ਦਫ਼ਤਰ ਸਮੇਤ ਹੋਰ ਵਿਭਾਗਾਂ ਦੀਆਂ ਬ੍ਰਾਂਚਾਂ ਦੇ ਸੀਨੀਅਰ ਸਹਾਇਕਾਂ ਨੂੰ ਹਦਾਇਤ ਕੀਤੀ ਹੈ ਕਿ ਸਰਕਾਰੀ ਦਫ਼ਤਰਾਂ ਵਿਚ ਈ-ਸੇਵਾ ਰਾਹੀਂ ਸੇਵਾ ਕੇਂਦਰਾਂ ਤੋਂ ਅਤੇ ਈ-ਆਫਿਸ ਰਾਹੀਂ ਅੰਤਰ ਵਿਭਾਗੀ ਫਾਇਲਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।
ਏ.ਡੀ.ਸੀ. (ਜ) ਨੇ ਈ-ਸੇਵਾ ਤੇ ਈ-ਆਫਿਸ ਦੀਆਂ ਲੰਬਿਤ ਫਾਇਲਾਂ ਬਾਬਤ ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਸੁਪਰਡੈਂਟ ਹਮੀਰ ਸਿੰਘ ਤੇ ਹਰਜੀਤ ਸਿੰਘ, ਐਮ.ਏ. ਸੁਖਬੀਰ ਸਿੰਘ, ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਰੌਬਿਨ ਸਿੰਘ ਸਮੇਤ ਵਿਭਾਗੀ ਬ੍ਰਾਂਚਾਂ ਦੇ ਸਹਾਇਕਾਂ ਨਾਲ ਵਿਭਾਗੀ ਸਮੀਖਿਆ ਮੀਟਿੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਵੀ ਯਕੀਨੀ ਬਣਾਈ ਜਾਵੇ।
ਸ. ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਬਿਹਤਰ, ਨਿਰਵਿਘਨ ਤੇ ਤੇਜੀ ਨਾਲ ਪ੍ਰਸ਼ਾਸਕੀ ਸੇਵਾਵਾਂ ਪ੍ਰਦਾਨ ਕਰਨ ਲਈ ਈ-ਸੇਵਾ ਅਤੇ ਈ-ਆਫਿਸ ਪ੍ਰਣਾਲੀ ਅਪਣਾਈ ਹੈ, ਇਸ ਲਈ ਸਮੁੱਚਾ ਪ੍ਰਸ਼ਾਸਨਿਕ ਅਮਲਾ ਇਸ ਪ੍ਰਣਾਲੀ ਰਾਹੀਂ ਉਨ੍ਹਾਂ ਕੋਲ ਆਉਦੀਆਂ ਫਾਇਲਾਂ ਨੂੰ ਨਿਪਟਾਅ ਕੇ ਸਮੇਂ ਸਿਰ ਵਾਪਸ ਭੇਜੇ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਵਿਸ਼ੇਸ਼ ਪਹਿਲਕਦਮੀ ਹੈ ਕਿ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ।
previous post