-ਬੱਸਾਂ ਦੀ ਰਿਪੇਅਰ ਦੇ ਕੰਮ ‘ਚ ਲਿਆਂਦੀ ਜਾਵੇ ਤੇਜ਼ੀ : ਸਤਵਿੰਦਰ ਸਿੰਘ ਚੈੜੀਆਂ
ਪਟਿਆਲਾ, 24 ਨਵੰਬਰ : ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੀ.ਆਰ.ਟੀ.ਸੀ. ਦੇ ਨਵ-ਨਿਯੁਕਤ ਚੇਅਰਮੈਨ ਸ. ਸਤਵਿੰਦਰ ਸਿੰਘ ਚੈੜੀਆਂ ਵੱਲੋਂ ਅੱਜ ਪੀ.ਆਰ.ਟੀ.ਸੀ. ਦੇ ਸਰਹਿੰਦੀ ਗੇਟ ਸਥਿਤ ਪਟਿਆਲਾ ਡਿਪੂ ਦਾ ਦੌਰਾ ਕੀਤਾ ਗਿਆ। ਨਿਰੀਖਣ ਦੌਰਾਨ ਉਨ੍ਹਾਂ ਵਰਕਸ਼ਾਪ ‘ਚ ਰਿਪੇਅਰ ਲਈ ਖੜੀਆਂ ਬੱਸਾਂ ਦਾ ਜਾਇਜ਼ਾ ਲਿਆ ਅਤੇ ਮੌਕੇ ‘ਤੇ ਮੌਜੂਦ ਸਟਾਫ਼/ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੰਨੀਆਂ ਬੱਸਾਂ ਵਰਕਸ਼ਾਪ ‘ਚ ਰਿਪੇਅਰ ਲਈ ਖੜੀਆਂ ਹਨ ਉਨ੍ਹਾਂ ਦੀ ਤੁਰੰਤ ਤਸੱਲੀਬਖਸ਼ ਰਿਪੇਅਰ ਕੀਤੀ ਜਾਵੇ। ਉਨ੍ਹਾਂ ਬੱਸਾਂ ਦੇ ਪੁਰਾਣੇ ਤੇ ਫੱਟੇ ਸੀਟ ਕਵਰਾਂ ਨੂੰ ਤੁਰੰਤ ਬਦਲਣ ਲਈ ਵੀ ਹਦਾਇਤ ਜਾਰੀ ਕੀਤੀ।
ਚੇਅਰਮੈਨ ਸਤਵਿੰਦਰ ਸਿੰਘ ਚੈੜੀਆਂ ਨੇ ਕਿਹਾ ਕਿ ਜਿਹੜੀਆਂ ਬੱਸਾਂ ਰਿਪੇਅਰ ਲਈ ਆਈਆ ਹਨ ਉਹ ਆਉਂਦੇ ਸੋਮਵਾਰ ਤੱਕ ਰੂਟ ‘ਤੇ ਹੋਣੀਆਂ ਯਕੀਨੀ ਬਣਾਈਆਂ ਜਾਣ ਤੇ ਪੀ.ਆਰ.ਟੀ.ਸੀ. ਦੇ ਦਫ਼ਤਰਾਂ ‘ਚ ਤਾਇਨਾਤ ਸਟਾਫ਼, ਬੱਸ ਸਟੈਂਡ ਅਤੇ ਅੱਡਿਆਂ ‘ਤੇ ਤਾਇਨਾਤ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਨਿਰੀਖਣ ਦੌਰਾਨ ਜੇਕਰ ਕੋਈ ਅਣਗਹਿਲੀ ਪਾਈ ਗਈ ਤਾਂ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ ਕਮ ਜਨਰਲ ਮੈਨੇਜਰ ਜਤਿੰਦਰਪਾਲ ਸਿੰਘ ਗਰੇਵਾਲ ਅਤੇ ਜਨਰਲ ਮੈਨੇਜਰ ਮਨਿੰਦਰਪਾਲ ਸਿੰਘ ਸਿੱਧੂ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।