*????ਐਕਸਪਾਇਰੀ ਡੇਟ ਵਾਲੇ ਦੁੱਧ ਪਾਊਡਰ, ਦਵਾਈਆਂ ਦੇ ਪੱਤੇ, ਡੱਬੀਆਂ ਅਤੇ ਸ਼ਰਿੰਜਾਂ ਬਰਾਮਦ
????ਪਟਿਆਲਾ ‘ਚ ਬੱਚਿਆਂ ਦੇ ਦੁੱਧ ਵਾਲੇ ਪਾਊਡਰ ਦੇ ਕਰੋੜਾਂ ਰੁਪਏ ਦੇ ਐਕਸਪਾਇਰੀ ਡੇਟ ਦੇ ਡਬਿਆਂ ਉਤੇ ਨਵੀਂ ਡੇਟ ਪ੍ਰਿੰਟ ਕਰਨ ਵਾਲੀ ਫ਼ੈਕਟਰੀ ਦਾ ਪਰਦਾਫਾਸ਼
ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ / ਗਰੋਵਰ, ਰਜਨੀਸ਼, ਮੋਹਿਤ, ਅਸ਼ੋਕ ਵਰਮਾ – ਚੰਦ ਰੁਪਈਆਂ ਦੇ ਲਾਲਚ ਵਿਚ ਭੋਲੇ ਭਾਲੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕਿਸ ਕਿਸ ਤਰ੍ਹਾਂ ਖਿਲਵਾੜ ਕੀਤਾ ਜਾ ਰਿਹਾ ਹੈ, ਇਸ ਦੀ ਤਾਜ਼ਾ ਮਿਸਾਲ ਅੱਜ ਪਟਿਆਲਾ ਵਿਚ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਕੁਝ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਮੀਡੀਆ ਨੂੰ ਨਾਲ ਲੈਕੇ ਇੱਕ ਅਜਿਹੀ ਫੈਕਟਰੀ ਦਾ ਦੌਰਾ ਕੀਤਾ ਜਿੱਥੇ ਨਾ ਸਿਰਫ ਇਸਤਰੀ ਪੁਰਸ਼ਾਂ ਦੀ ਚੰਗੀ ਸਿਹਤ ਲਈ ਬਣੀਆਂ ਦਵਾਈਆਂ, ਸਗੋਂ ਛੋਟੇ ਛੋਟੇ ਬੱਚਿਆਂ ਲਈ ਦੁੱਧ ਦੇ ਡੇਢ ਤੋਂ ਦੋ ਦੋ ਸਾਲ ਦੇ ਐਕਸਪਾਇਰੀ ਵਾਲੇ ਡੱਬਿਆਂ ਉਤੇ ਗੈਰ ਕਾਨੂੰਨੀ ਢੰਗ ਨਾਲ ਨਵੀਆਂ ਡੇਟਾਂ ਪਾਈਆਂ ਜਾ ਰਹੀਆਂ ਸਨ। ਸਥਾਨਕ ਫੈਕਟਰੀ ਏਰੀਆ ਵਿਚ ਇੱਕ ਸੁਸ਼ੀਲ ਪੈਲੇਸ ਦੇ ਨੇੜੇ ਸਥਿਤ ਇਕ ਫੈਕਟਰੀਨੁਮਾ ਥਾਂ ਅੰਦਰ ਚੱਲ ਰਹੇ ਕਰੋੜਾਂ ਦੇ ਨਾਜਾਯਜ਼ ਕਾਰੋਬਾਰ ਦਾ ਪਰਦਾਫਾਸ਼ ਕਰਨ ਲਈ ਜਦੋਂ ਕੁੱਝ ਸੀਨੀਅਰ ਪੱਤਰਕਾਰ ਉਕਤ ਫੈਕਟਰੀ ਵਿੱਚ ਦਾਖਲ ਹੋਏ ਤਾਂ ਫੈਕਟਰੀ ਵਾਲਿਆਂ ਨੇ ਉਨ੍ਹਾਂ ਨੂੰ ਇੱਕਲੇ ਸਮਝ ਕੇ ਅੰਦਰ ਬੰਦ ਕਰਨ ਦੇ ਉਦੇਸ਼ ਨਾਲ ਫੈਕਟਰੀ ਦਾ ਸ਼ਟਰ ਬੰਦ ਕਰਵਾ ਦਿੱਤਾ ਅਤੇ ਮੀਡੀਆ ਨੂੰ ਧਮਕਾਉਣ ਲੱਗ ਪਏ। ਪਰੰਤੂ ਬਾਹਰ ਖੜ੍ਹੇ ਹੋਰ ਵਿਅਕਤੀਆਂ ਨੇ ਵਿਰੋਧ ਕੀਤਾ ਅਤੇ ਸ਼ਟਰ ਖੋਲ੍ਹ ਦਿੱਤਾ। ਕੈਮਰਿਆਂ ਨੂੰ ਦੇਖ ਕੇ ਕਈ ਵਰਕਰ ਉਥੋਂ ਭੱਜ ਨਿਕਲੇ ਜਦਕਿ ਪੁਲਿਸ ਨੇ ਮੌਕੇ ਉਤੇ ਸਥਿਤੀ ਉਤੇ ਕਾਬੂ ਪਾ ਕੇ ਰੱਖਿਆ। ਦੋਪਹਿਰ ਤੋਂ ਲੈਕੇ ਸ਼ਾਮ ਤੱਕ ਸਮਾਜ ਸੇਵੀ ਅਤੇ ਮੀਡੀਆ ਵਾਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਫ਼ੋਨ ਤੇ ਫੋਨ ਕਰਦੇ ਰਹੇ ਪਰ ਕੋਈ ਅਧਿਕਾਰੀ ਮੌਕੇ ਉਤੇ ਨਾ ਪੁੱਜਿਆ। ਚੰਡੀਗੜ੍ਹ ਵਿਖੇ ਸਥਿਤ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਫ਼ੋਨ ਕਰਕੇ ਹਾਲਾਤ ਦੱਸੇ ਗਏ ਤਾਂ ਦੀ ਸ਼ਾਮ ਨੂੰ ਸਿਹਤ ਵਿਭਾਗ ਦੇ ਕਈ ਅਧਿਕਾਰੀ ਮੌਕੇ ਉਤੇ ਪਹੁੰਚੇ। ਉਸ ਵੇਲੇ ਤੱਕ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਸੀ ਅਤੇ ਉਹ ਧਰਨਾ ਪ੍ਰਦਸ਼ਨ ਕਰਨ ਦੀਆਂ ਗੱਲਾਂ ਕਰਨ ਲੱਗ ਪਏ ਸਨ ਜਦਕਿ ਕੁਝ ਲੋਕ ਅਧਿਕਾਰੀਆਂ ਦੇ ਕਾਲੇ ਕਾਰੋਬਾਰੀਆਂ ਨਾਲ ਸੰਬੰਧਾਂ ਦੇ ਦੋਸ਼ ਲਗਾਉਣ ਲੱਗ ਪਏ ਸਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਫੈਕਟਰੀ ਦੇ ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਵੀ ਹੋਸ਼ ਉੱਡਦੇ ਦਿਖਾਈ ਦੇ ਰਹੇ ਸਨ ਅਤੇ ਕਿ ਮੀਡੀਆ ਦੇ ਨਾਲ ਸਹੀ ਢੰਗ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੋ ਰਿਹਾ ਸੀ। ਸੈਂਪਲਿੰਗ ਕਰਨ ਤੋਂ ਬਾਅਦ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਲਈ ਵੀ ਸਿਹਤ ਵਿਭਾਗ ਪੁਲਿਸ ਉਤੇ ਗੱਲ ਸੁੱਟ ਰਿਹਾ ਸੀ ਅਤੇ ਪੁਲਿਸ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਲਿਖ ਕੇ ਦੇਵੇ ਤਾਂ ਉਹ ਬਣਦੀ ਕਰਵਾਈ ਕਰੇਗੀ। ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਭੜਕੇ ਲੋਕਾਂ ਨੇ ਜਦੋਂ ਅਧਿਕਾਰੀਆਂ ਦੀ ਕਥਿਤ ਦੋਸ਼ੀਆਂ ਨਾਲ ਮਿਲੀਭੁਗਤ ਦੇ ਦੋਸ਼ ਲਾਉਣੇ ਸ਼ੁਰੂ ਕੀਤੇ ਤਾਂ ਮੌਕੇ ਉਤੇ ਪਹੁੰਚੇ ਡੀ ਐਸ ਪੀ ਮੋਹਿਤ ਅੱਗਰਵਾਲ ਨੇ ਸਥਿਤੀ ਨੂੰ ਭਾਂਪਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਮੀਡੀਆ ਨੂੰ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਦੀ ਰਿਪੋਰਟ ਉਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਫੈਕਟਰੀ ਨੂੰ ਵੀ ਜਾਂਚ ਦੌਰਾਨ ਸੀਲ ਕੀਤਾ ਜਾਵੇਗਾ।
ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਸਿਹਤ ਵਿਭਾਗ ਵਲੋਂ ਪੁਲਿਸ ਦੀ ਹਾਜ਼ਰੀ ਵਿੱਚ ਕਰਵਾਈ ਜਾਰੀ ਸੀ। ਦੇਖਣਾ ਹੈ ਕਿ ਹੁਣ ਅੱਜ ਅੱਗੇ ਕੀ ਕਰਵਾਈ ਹੁੰਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸੀਸਟੈਂਟ ਸਿਵਲ ਸਰਜਨ ਡਾ. ਵਿਕਾਸ ਗੋਇਲ ਨੇ ਦਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਫ਼ੈਕਟਰੀ ਏਰੀਆ ‘ਚ ਐਕਸਪਾਇਰੀ ਡੇਟ ਦੇ ਦੁੱਧ ਦੇ ਪਾਊਡਰਾਂ ਨੂੰ ਨਵੀਂਆਂ ਪੈਕਿੰਗਾਂ ਵਿਚ ਪੈਕ ਕੀਤਾ ਜਾ ਰਿਹਾ ਹੈ ਅਤੇ ਪੁਰਾਣੇ ਡਬਿਆਂ ਦੀ ਐਕਸਪਾਇਰੀ ਡੇਟ ਨੂੰ ਮਿਟਾ ਕੇ ਮਸ਼ੀਨ ਨਾਲ ਨਵੀਆਂ ਡੇਟਾਂ ਪ੍ਰਿੰਟ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਗੈਰ ਕਾਨੂੰਨੀ ਢੰਗ ਨਾਲ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨਾਲ ਸਿੱਧੇ ਤੌਰ ‘ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਬੱਚਿਆਂ ਦੇ ਨਾ ਪੀਣ ਯੋਗ ਦੁੱਧ ਪਾਊਡਰ ਦੇ ਭਾਰੀ ਮਾਤਰਾ ਵਿੱਚ ਡੱਬੇ ਬਰਾਮਦ ਕੀਤੇ ਹਨ ਤੇ ਨਾਲ ਹੀ ਕਈ ਅਜਿਹੀਆਂ ਐਕਸਪਾਇਰੀ ਡੇਟ ਵਾਲੀਆਂ ਦਵਾਈਆਂ ਮਿਲੀਆਂ ਹਨ ਜਿਨ੍ਹਾਂ ਨੂੰ ਫ਼ੂਡ ਸੇਫ਼ਟੀ ਦੀਆਂ ਟੀਮਾਂ ਵੱਲੋਂ ਕਬਜ਼ੇ ਵਿਚ ਲਿਆ ਗਿਆ।
ਸਮਾਜ ਸੇਵਕਾਂ ਨੇ ਨਿਭਾਈ ਮੁੱਖ ਭੂਮਿਕਾ
ਪਟਿਆਲਾ ਦੇ ਫੈਕਟਰੀ ਏਰੀਆ ਵਿਚ ਸਥਿਤ ਐਕਸਪਾਇਰੀ ਡੇਟ ਵਾਲੇ ਬੱਚਿਆਂ ਦੇ ਦੁੱਧ ਅਤੇ ਦਵਾਈਆਂ ਦੇ ਕਰੋੜਾਂ ਦੇ ਘਪਲੇ ਅਤੇ ਗ਼ੈਰ ਕਾਨੂੰਨੀ ਤੇ ਨਾਜਾਯਜ਼ ਕਾਰੋਬਾਰ ਦਾ ਪਰਦਾਫਾਸ਼ ਕਰਨ ਵਿਚ ਸਮਾਜ ਸੇਵੀ ਸ਼ਖ਼ਸੀਅਤਾਂ ਵਿਜੈ ਕਪੂਰ ਸ਼ਿਵ ਸੈਨਾ ਪੰਜਾਬ, ਅਜੇ ਸ਼ਰਮਾ ਰਿਟਾਇਰਡ ਪੁਲਿਸ ਅਧਿਕਾਰੀ, ਸਵਤੰਤਰ ਪਾਸੀ ਹਿੰਦੂ ਸੁਰਕਸ਼ਾ ਸੰਮਤੀ ਤੇ ਹਿੰਦੂ ਤਖ਼ਤ, ਸਤ ਪਾਲ ਬਾਜਵਾ ਰਿਟਾਇਰਡ ਪੁਲਿਸ ਅਧਿਕਾਰੀ, ਅਸ਼ੋਕ ਕੁਮਾਰ ਅਤੇ ਹੋਰਾਂ ਨੇ ਮੁੱਖ ਭੂਮਿਕਾ ਨਿਭਾਈ।
*Newsline Express*