newslineexpres

Breaking News
Home Article ਨਾਨਕ ਤਿਨਾ ਬਸੰਤ ਹੈ, ਜਿਨ ਘਰਿ ਵਸਿਆ ਕੰਤੁ

ਨਾਨਕ ਤਿਨਾ ਬਸੰਤ ਹੈ, ਜਿਨ ਘਰਿ ਵਸਿਆ ਕੰਤੁ

by Newslineexpres@1

ਬਸੰਤ ਪੰਚਮੀ ਮਾਘ ਮਹੀਨੇ ਦੇ ਸ਼ੁਕਲ ਪੱਖ ਦੇ ਪੰਜਵੇਂ ਦਿਨ ਮਨਾਈ ਜਾਂਦੀ ਹੈ। ਬਸੰਤ ਪੰਚਮੀ ਦਾ ਤਿਓਹਾਰ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਬਸੰਤ ਰੁੱਤ ਨੂੰ “ਰਿਤੂ ਰਾਜ” ਕਿਹਾ ਜਾਂਦਾ ਹੈ ਕਿਉਂਕਿ ਬਸੰਤ ਰੁੱਤ ਸਭ ਰੁੱਤਾਂ ਤੋਂ ਉੱਤਮ ਗਿਣੀ ਜਾਂਦੀ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀ ਪੰਚਮੀ ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਸਦਾ ਸੰਬੰਧ ਸਰਸਵਤੀ ਦੇਵੀ ਨਾਲ ਦੱਸਿਆ ਜਾਂਦਾ ਹੈ ਜੋ ਹਿੰਦੂ ਮੱਤ ਵਿੱਚ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਇਸ ਦਿਨ ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਬਸੰਤੀ ਰੰਗ ਦੇ ਕੱਪੜੇ ਤੇ ਫੁੱਲ ਚੜ੍ਹਾਏ ਜਾਂਦੇ ਹਨ। ਇਸ ਸਾਲ ਇਹ ਦਿਨ 5 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਆਪਣੇ ਘਰਾਂ ਵਿੱਚ ਸੁਆਦੀ ਪਕਵਾਨ ਤੇ ਮਿਠਾਈਆਂ ਬਣਾਉਂਦੇ ਹਨ। ਇਸ ਦੇ ਨਾਲ ਹੀ ਬਸੰਤ ਦੀ ਆਮਦ ਨੂੰ ਲੈ ਕੇ ਕਈ ਥਾਵਾਂ ‘ਤੇ ਤਿਉਹਾਰ ਵੀ ਮਨਾਏ ਜਾਂਦੇ ਹਨ ਤੇ ਪੀਲੇ ਕੱਪੜੇ ਪਾ ਕੇ ਲੋਕ ਨੱਚਦੇ-ਗਾਉਂਦੇ ਹਨ।

ਇਸ ਦਿਨ ਸਭ ਤੋਂ ਪਹਿਲਾਂ ਪੀਤਾਂਬਰ ਪਹਿਨ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦੇਵੀ ਸਰਸਵਤੀ ਦੀ ਪੂਜਾ ਮਾਘ ਸ਼ੁਕਲ ਦੀ ਪੰਚਮੀ ਨੂੰ ਕੀਤੀ ਸੀ। ਉਦੋਂ ਤੋਂ ਹੀ ਬਸੰਤ ਪੰਚਮੀ ਦੇ ਦਿਨ ਸਰਸਵਤੀ ਪੂਜਾ ਦਾ ਪ੍ਰਚਲਨ ਹੈ। ਦੇਵੀ ਸਰਸਵਤੀ ਨੂੰ ਭਾਗੀਸ਼ਵਰੀ, ਭਗਵਤੀ, ਸ਼ਾਰਦਾ, ਵੀਨਾਵਾਦਨੀ ਵਰਗੇ ਕਈ ਨਾਵਾਂ ਨਾਲ ਪੂਜਿਆ ਜਾਂਦਾ ਹੈ।

ਬਸੰਤ ਦਾ ਸੰਸਕ੍ਰਿਤ ਵਿੱਚ ਸ਼ਾਬਦਿਕ ਅਰਥ ‘ਬਹਾਰ’ ਹੈ। ਇਸਨੂੰ ਬਸੰਤ ਪੰਚਮੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਮਾਘ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਜੋ ਆਮ ਤੌਰ ਉੱਤੇ ਫ਼ਰਵਰੀ ਵਿੱਚ ਆਉਂਦੀ ਹੈ। ਬਸੰਤ ਪੰਚਮੀ ਰੁੱਤਾਂ ਦੀ ਤਬਦੀਲੀ ਨਾਲ਼ ਸੰਬੰਧਿਤ ਇੱਕ ਪਰਬ ਹੈ ਜੋ ਸਾਰੇ ਪੰਜਾਬ ਵਿੱਚ ਧੂਮ ਧਾਮ ਨਾਲ਼ ਮਨਾਇਆ ਜਾਂਦਾ ਹੈ। ‘ਆਈ ਬਸੰਤ ਪਾਲ਼ਾ ਉਡੰਤ‘ ਬਸੰਤ ਆਉਣ ਨਾਲ਼ ਪਾਲ਼ਾ ਖ਼ਤਮ ਹੋਣਾ ਆਰੰਭ ਹੋ ਜਾਂਦਾ ਹੈ ਅਤੇ ਬਹਾਰ ਆ ਜਾਂਦੀ ਹੈ। ਇਹ ਤਿਉਹਾਰ ਮੁੱਢ ਕਦੀਮ ਤੋਂ ਚੱਲਿਆ ਆ ਰਿਹਾ ਹੈ। ਪ੍ਰਾਚੀਨ ਭਾਰਤ ਵਿੱਚ ਪੂਰੇ ਸਾਲ ਨੂੰ ਜਿਨ੍ਹਾਂ ਛੇ ਰੁੱਤਾਂ ਵਿੱਚ ਵੰਡਿਆ ਜਾਂਦਾ ਸੀ ਉਨ੍ਹਾਂ ਵਿੱਚ ਬਸੰਤ ਰੁੱਤ ਲੋਕਾਂ ਦੀ ਸਭ ਤੋਂ ਮਨਪਸੰਦ ਰੁੱਤ ਸੀ। ਜਦੋਂ ਫੁੱਲਾਂ ਉੱਤੇ ਬਹਾਰ ਆ ਜਾਂਦੀ ਹੈ, ਖੇਤਾਂ ਵਿੱਚ ਸਰ੍ਹੋਂ ਦੇ ਫੁੱਲ ਚਮਕਣ ਲੱਗਦੇ ਹਨ, ਜੌਂ ਅਤੇ ਕਣਕਾਂ ਨਿਸਰਣ ਲੱਗਦੀਆਂ ਹਨ, ਅੰਬਾਂ ਨੂੰ ਬੂਰ ਪੈ ਜਾਂਦਾ ਹੈ ਅਤੇ ਹਰ ਪਾਸੇ ਰੰਗ-ਬਿਰੰਗੀਆਂ ਤਿੱਤਲੀਆਂ ਮੰਡਰਾਉਣ ਲੱਗਦੀਆਂ ਹਨ। ਬਹਾਰ ਰੁੱਤ ਨਾਲ਼ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਸਾਰੇ ਪੰਜਾਬ ਵਿੱਚ ਬੜੇ ਚਾਅ ਤੇ ਮਲਾਹ ਨਾਲ਼ ਮਨਾਇਆ ਜਾਂਦਾ ਹੈ।

ਅੱਜ ਕੱਲ੍ਹ ਬਸੰਤ ਵਾਲ਼ੇ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ। ਪੀਲੇ ਰੰਗ ਨੂੰ ਹਿੰਦੂ ਧਰਮ ਵਿੱਚ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਬਸੰਤ ਪੰਚਮੀ ਦੇ ਦਿਨ ਬਸੰਤ ਤਿਉਹਾਰ ਮਨਾਉਣ ਲਈ ਪੀਲੇ ਰੰਗ ਦੇ ਚੌਲ ਬਣਾਏ ਜਾਂਦੇ ਹਨ। ਹਲਦੀ ਤੇ ਚੰਦਨ ਦਾ ਤਿਲਕ ਲਗਾਇਆ ਜਾਂਦਾ ਹੈ। ਪੀਲੇ ਲੱਡੂ ਅਤੇ ਕੇਸਰ ਦਾ ਹਲਵਾ ਬਣਾਇਆ ਜਾਂਦਾ ਹੈ ਤੇ ਦੇਵੀ ਸਰਸਵਤੀ, ਭਗਵਾਨ ਕ੍ਰਿਸ਼ਨ ਤੇ ਭਗਵਾਨ ਵਿਸ਼ਨੂੰ ਨੂੰ ਚੜ੍ਹਾਇਆ ਜਾਂਦਾ ਹੈ। ਪੀਲੇ ਰੰਗ ਦੇ ਕੱਪੜੇ ਪਹਿਨ ਕੇ ਪੂਜਾ ਕੀਤੀ ਜਾਂਦੀ ਹੈ ਅਤੇ ਆਉਣ ਵਾਲਾ ਸਮਾਂ ਸ਼ੁਭ, ਤਰੱਕੀ ਤੇ ਜੀਵਨ ਵਿੱਚ ਹੋਰ ਸਫਲਤਾਵਾਂ ਵਾਲਾ ਹੋਣ ਲਈ ਅਰਦਾਸ ਕੀਤੀ ਜਾਂਦੀ ਹੈ।

ਬਸੰਤ ਦੇ ਆਗਮਨ ਦੇ ਨਾਲ਼ ਸਾਰੇ ਪੰਜਾਬ ਵਿੱਚ ਨਵੀਂ ਜ਼ਿੰਦਗੀ ਧੜਕ ਉੱਠਦੀ ਹੈ। ਥਾਂ ਥਾਂ ਤੇ ਪਿੰਡਾਂ ਵਿੱਚ ਨਿੱਕੇ-ਵੱਡੇ ਮੇਲੇ ਲੱਗਦੇ ਹਨ ਤੇ ਲੋਕ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਨ੍ਹਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ। ਬਸੰਤ ਪੰਚਮੀ ਨੂੰ ਲੋਕ ਆਪਣੇ ਦਿਲਾਂ ਦਾ ਹੁਲਾਸ ਪਤੰਗਾਂ ਉਡਾ ਕੇ ਕਰਦੇ ਹਨ। ਇਸ ਦਿਨ ਸਾਰਾ ਅਸਮਾਨ ਰੰਗ-ਬਿਰੰਗੀਆਂ ਹਵਾ ਵਿੱਚ ਉੱਡਦੀਆਂ ਤੇ ਨ੍ਰਿਤ ਕਰਦੀਆਂ ਪਤੰਗਾਂ ਨਾਲ਼ ਭਰ ਜਾਂਦਾ ਹੈ । ਇੱਸ ਦਿਨ ਆਕਾਸ਼ ਇੱਕ ਅਥਾਹ ਰੰਗਮੰਚ ਲੱਗਦਾ ਹੈ, ਜਿਸ ‘ਤੇ ਵੰਨ ਸੁਵੰਨੀਆਂ ਗੁੱਡੀਆਂ ਦੇ ਰੂਪ ਵਿੱਚ ਪੰਜਾਬੀਆਂ ਦੇ ਮਨ ਤਰੰਗਿਤ ਹੋਇਆਂ ਅਠਖੇਲੀਆਂ ਭਰ ਰਹੇ ਹੁੰਦੇ ਹੈ। ਬਸੰਤ ਪੰਚਮੀ ਵਾਲ਼ੇ ਦਿਨ   ਔਰਤਾਂ ਬਸੰਤੀ ਕੱਪੜੇ ਪਾ ਕੇ ਗਿੱਧਾ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਬਸੰਤ ਪੰਚਮੀ ਦੇ ਗਿੱਧੇ ਨੂੰ ‘ਬਸੰਤੀ ਗਿੱਧਾ‘ ਕਿਹਾ ਜਾਂਦਾ ਹੈ।

ਬਸੰਤ ਪੰਚਮੀ ਹੈ ਤਾਂ ਨਿਰੋਲ ਲੌਕਿਕ ਤਿਉਹਾਰ ਪਰ ਇਸ ਨਾਲ਼ ਕੁੱਝ ਧਾਰਮਿਕ ਅਤੇ ਇਤਿਹਾਸਿਕ ਭਾਵ ਜੋੜ ਦਿੱਤੇ ਗਏ ਹਨ। ਇਤਿਹਾਸਿਕ ਤੌਰ ਤੇ, ਮਹਾਰਾਜਾ ਰਣਜੀਤ ਸਿੰਘ ਨੇ ਸਲਾਨਾ ਬਸੰਤ ਮੇਲੇ ਦਾ ਆਯੋਜਨ ਕੀਤਾ ਸੀ ਅਤੇ 19 ਵੀਂ ਸਦੀ ਦੇ ਦੌਰਾਨ ਆਯੋਜਿਤ ਕੀਤੇ ਗਏ ਮੇਲਿਆਂ ਦੀ ਨਿਯਮਤ ਵਿਸ਼ੇਸ਼ਤਾ ਦੇ ਤੌਰ ਤੇ ਪਤੰਗ ਉਡਾਉਣ ਦੀ ਸ਼ੁਰੂਆਤ ਕੀਤੀ ਸੀ। ਬਸੰਤ ਦੇ ਨਾਲ ਉੱਡ ਰਹੇ ਪਤੰਗਾਂ ਦਾ ਸੰਬੰਧ ਛੇਤੀ ਹੀ ਇੱਕ ਪੰਜਾਬੀ ਪਰੰਪਰਾ ਬਣ ਗਿਆ ਜੋ ਲਾਹੌਰ ਦਾ ਕੇਂਦਰ ਸੀ ਅਤੇ ਪੰਜਾਬ ਦੇ ਪੂਰੇ ਖੇਤਰ ਵਿੱਚ ਇਸ ਤਿਉਹਾਰ ਦਾ ਖੇਤਰੀ ਕੇਂਦਰ ਰਿਹਾ। ਦੇਸ਼ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਿਆ ਕਰਦਾ ਸੀ। ਹਕੀਕਤ ਰਾਏ ਬਸੰਤ ਪੰਚਮੀ ਵਾਲ਼ੇ ਦਿਨ ਲਾਹੌਰ ਵਿੱਚ ਮੁਗ਼ਲ ਹਾਕਮਾਂ ਦੇ ਤੁਅੱਸਬ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਨੇ ਇਸਲਾਮ ਮੱਤ ਗ੍ਰਹਿਣ ਕਰਨ ਦੀ ਥਾਂ, ਸ਼ਹੀਦ ਹੋਣਾ ਵਧੇਰੇ ਪਸੰਦ ਕੀਤਾ। ਭਾਵੇਂ ਇਹ ਮੇਲਾ ਨਿਰੋਲ ਮੌਸਮੀ ਸੀ। ਪਰ ਹਕੀਕਤ ਰਾਏ ਦੀ ਸ਼ਹੀਦੀ ਨੇ ਇਸ ਨਾਲ਼ ਧਾਰਮਿਕ ਅਤੇ ਇਤਿਹਾਸਕ ਭਾਵਨਾ ਵੀ ਜੋੜ ਦਿੱਤੀ।

ਪੰਜਾਬ ਦੇ ਅਨੇਕਾਂ ਸ਼ਹਿਰਾਂ ਵਿੱਚ ਬਸੰਤ ਪੰਚਮੀ ਦੀਆਂ ਰੌਣਕਾਂ ਧੂਹ ਪਾਉਂਦੀਆਂ ਹਨ। ਪਟਿਆਲਾ ਵਿਖੇ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਅੰਮ੍ਰਿਤਸਰ ਦੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਬਸੰਤ ਦੇ ਦਿਨਾਂ ਵਿੱਚ ਖੇਤਾਂ ਵਿੱਚ ਸਰ੍ਹੋਂ ਦੇ ਖਿੜੇ ਹੋਏ ਪੀਲੇ ਪੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਜਿੱਥੋਂ ਤਕ ਨਿਗਾਹ ਜਾਂਦੀ ਹੈ ਖਿੜੇ ਹੋਏ ਫੁੱਲ ਨਜ਼ਰੀਂ ਪੈਂਦੇ ਹਨ। ਸੰਸਕ੍ਰਿਤਕ ਦ੍ਰਿਸ਼ਟੀ ਤੋਂ ਵੀ ਬਸੰਤ ਪੰਚਮੀ ਦਾ ਮਹੱਤਵਪੂਰਨ ਯੋਗਦਾਨ ਹੈ। ਬੱਚਿਆਂ ਅਤੇ ਨੌਜਵਾਨਾਂ ਦੀ ਖੁਸ਼ੀ ਦਾ ਚਾਅ ਸਾਂਭਿਆ ਨਹੀਂ ਜਾਂਦਾ। ਉਹ ਆਪਣੇ ਕੋਠਿਆਂ ‘ਤੇ ਡੈੱਕ ਲਾ ਕੇ ਪਤੰਗ ਉਡਾਉਂਦੇ ਹਨ। ਪਤੰਗਾਂ ਦੇ ਮੁਕਾਬਲੇ ਹੁੰਦੇ ਹਨ, ਪਤੰਗ ਕੱਟੇ ਜਾਂਦੇ ਹਨ, ਲੁੱਟੇ ਜਾਂਦੇ ਹਨ। ਅਸਮਾਨ ਵਿੱਚ ਉੱਡਦੇ ਰੰਗ-ਬਿਰੰਗੇ ਪਤੰਗ ਅਦੁੱਤੀ ਨਜ਼ਾਰਾ ਪੇਸ਼ ਕਰਦੇ ਹਨ।

-ਵਰਸ਼ਾ ਵਰਮਾ

(ਪਟਿਆਲਾ)

Related Articles

Leave a Comment