ਰੋਹਤਕ, 7 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਾਧਵੀਆਂ ਨਾਲ ਜਬਰਜਨਾਹ ਤੇ ਹੱਤਿਆ ਦੇ ਦੋਸ਼ਾਂ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਾਹੀਮ ਨੂੰ ਪੈਰੋਲ ਮਿਲ ਗਈ ਹੈ। ਡੇਰਾ ਮੁਖੀ ਦੀ 21 ਦਿਨਾਂ ਦੀ ਪੈਰੋਲ ਹਰਿਆਣਾ ਜੇਲ੍ਹ ਵਿਭਾਗ ਵੱਲੋਂ ਮਨਜ਼ੂਰ ਕੀਤਾ ਗਈ ਹੈ। ਜ਼ਿਕਰਯੋਗ ਹੈ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਦੀ ਛੇ ਵਾਰ ਪੈਰੋਲ ਦੀ ਅਰਜ਼ੀ ਨਾਮਨਜ਼ੂਰ ਹੋ ਚੁੱਕੀ ਸੀ। ਚਰਚਾ ਹੈ ਕਿ 20 ਫਰਵਰੀ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਦੀਆਂ 69 ਵਿਧਾਨ ਸਭਾ ਸੀਟਾਂ ’ਤੇ ਡੇਰਾ ਸਿਰਸਾ ਦਾ ਸਿੱਧਾ ਅਸਰ ਹੈ। ਦੋ ਦਿਨ ਪਹਿਲਾਂ ਜੇਲ੍ਹ ਮੰਤਰੀ ਨੇ ਵੀ ਕਿਹਾ ਸੀ ਕਿ ਹਰ ਕੈਦੀ ਨੂੰ ਪੈਰੋਲ ਦਾ ਅਧਿਕਾਰ ਹੈ। ਡੇਰਾ ਮੁਖੀ ਦੀ ਪੈਰੋਲ ਨੂੰ ਦੇਖਦਿਆਂ ਜੇਲ੍ਹ ਦੇ ਬਾਹਰ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਡੇਰਾ ਮੁਖੀ ਨੂੰ ਪੈਰੋਲ ਮਿਲਣ ਤੋਂ ਸ਼ਰਧਾਲੂ ਖੁਸ਼ ਹਨ ਤੇ ਉਨ੍ਹਾਂ ਵੱਲੋਂ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ।