???? ਪਟਿਆਲਾ ਜ਼ਿਲ੍ਹੇ ਦੇ 8 ਹਲਕਿਆਂ ‘ਚ ਕਰੀਬ 72.5 ਫੀਸਦੀ ਮਤਦਾਨ ਸੰਦੀਪ ਹੰਸ
-ਹਲਕਾ ਘਨੌਰ ‘ਚ ਸਭ ਤੋਂ ਵੱਧ 78 ਫ਼ੀਸਦੀ ਮੱਤਦਾਨ
-163 ਦਿਵਿਆਂਗਜਨਾਂ ਤੇ 80 ਸਾਲ ਤੋਂ ਵਧੇਰੇ ਉਮਰ ਦੇ 903 ਵੋਟਰਾਂ ਨੇ ਆਪਣੇ ਘਰਾਂ ‘ਚ ਪੋਸਟਲ ਬੈਲੇਟ ਪੇਪਰ ਰਾਹੀਂ ਵੋਟ ਪਾਈ
ਪਟਿਆਲਾ, 20 ਫਰਵਰੀ – ਸੁਨੀਤਾ ਵਰਮਾ — ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –
ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਲਈ ਅੱਜ ਸ਼ਾਮ ਮੁਕੰਮਲ ਹੋਈ ਵੋਟਾਂ ਦੀ ਪ੍ਰਕ੍ਰਿਆ ਦੌਰਾਨ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਵਿੱਚ ਕਰੀਬ 72.5 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸਵੇਰੇ 8 ਵਜੇ ਸ਼ੁਰੂ ਹੋਇਆ ਚੋਣ ਅਮਲ ਦੇਰ ਸ਼ਾਮ ਸਫ਼ਲਤਾ ਪੂਰਵਕ ਅਮਨ-ਸ਼ਾਂਤੀ ਨਾਲ ਸੰਪੰਨ ਹੋਇਆ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ‘ਚ 15 ਲੱਖ 15 ਹਜ਼ਾਰ 445 ਵੋਟਰਾਂ ‘ਚੋਂ 791776 ਮਰਦ ਅਤੇ 723609 ਮਹਿਲਾ ਵੋਟਰ ਹਨ, ਜਿਨ੍ਹਾਂ ‘ਚ 12401 ਦਿਵਿਆਂਗ ਜਨਾਂ ਤੋਂ ਇਲਾਵਾ ਟਰਾਂਸਜੈਂਡਰ 60 ਵੋਟਰ ਹਨ। ਇਨ੍ਹਾਂ ‘ਚੋਂ ਕਰੀਬ 72.5 ਫੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਸਾਰੇ ਹਲਕਿਆਂ ‘ਚ ਕੁਲ 102 ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ।
ਸ੍ਰੀ ਸੰਦੀਪ ਹੰਸ ਨੇ ਹਲਕਾਵਾਰ ਪਈਆਂ ਵੋਟਾਂ ਦੀ ਸੂਚਨਾ ਦਿੰਦਿਆਂ ਦੱਸਿਆ ਕਿ ਦੇਰ ਰਾਤ ਤੱਕ ਰਿਟਰਨਿੰਗ ਅਧਿਕਾਰੀਆਂ ਤੋਂ ਹਾਸਲ ਹੋਏ ਅੰਕੜਿਆਂ ਮੁਤਾਬਕ ਵਿਧਾਨ ਸਭਾ ਹਲਕਾ 109-ਨਾਭਾ, ਜਿਥੇ, 09 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਇੱਥੇ ਕੁਲ 1 ਲੱਖ 84 ਹਜ਼ਾਰ 623 ਵੋਟਰ ਹਨ, ਇਸ ਹਲਕੇ ਵਿੱਚ ਕਰੀਬ 76.3 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ। ਇਸੇ ਤਰ੍ਹਾਂ 110-ਪਟਿਆਲਾ ਦਿਹਾਤੀ ਵਿੱਚ 19 ਉਮੀਦਵਾਰ ਚੋਣ ਲੜ ਰਹੇ ਹਨ, ਇਸ ਹਲਕੇ ਵਿੱਚ ਕੁਲ 2 ਲੱਖ 25 ਹਜ਼ਾਰ 639 ਵੋਟਰ, ਇਥੇ ਕਰੀਬ 65 ਫ਼ੀਸਦੀ ਵੋਟਰਾਂ ਨੇ ਮਤਦਾਨ ਕੀਤਾ ਹੈ। ਜਦੋਂਕਿ ਵਿਧਾਨ ਸਭਾ ਹਲਕਾ 111-ਰਾਜਪੁਰਾ ਵਿੱਚ 10 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਇਸ ਹਲਕੇ ਅੰਦਰ ਕੁਲ 1 ਲੱਖ 82 ਹਜ਼ਾਰ 228 ਵੋਟਰ ਹਨ, ਇਨ੍ਹਾਂ ‘ਚੋਂ ਕਰੀਬ 74.5 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਇਸੇ ਤਰ੍ਹਾਂ ਹਲਕਾ 113-ਘਨੌਰ ਵਿਖੇ ਕੁਲ 10 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਇੱਥੇ 1 ਲੱਖ 64 ਹਜ਼ਾਰ 546 ਵੋਟਰ ਹਨ, ਜ਼ਿਥੇ ਕਿ 78 ਫ਼ੀਸਦੀ ਵੋਟਾਂ ਪਈਆਂ। ਹਲਕਾ 114-ਸਨੌਰ ਵਿਖੇ ਕੁਲ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਇੱਥੇ 2 ਲੱਖ 22 ਹਜ਼ਾਰ 969 ਵੋਟਰ ਹਨ, ਜਿਨ੍ਹਾਂ ਵਿੱਚੋਂ ਕਰੀਬ 72.9 ਫ਼ੀਸਦੀ ਵੋਟਾਂ ਪਈਆਂ। ਜਦੋਂਕਿ ਹਲਕਾ 115-ਪਟਿਆਲਾ ਵਿਖੇ 17 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਅਤੇ ਇਸ ਹਲਕੇ ਵਿੱਚ ਕੁਲ 1 ਲੱਖ 61 ਹਜ਼ਾਰ 399 ਵੋਟਰ ਹਨ। ਅੱਜ ਪਈਆਂ ਵੋਟਾਂ ਦੌਰਾਨ ਇਥੇ ਕਰੀਬ 63.3 ਫ਼ੀਸਦੀ ਮਤਦਾਨ ਹੋਇਆ ਹੈ।
ਇਸੇ ਤਰ੍ਹਾਂ 116-ਸਮਾਣਾ ਹਲਕੇ ਵਿਖੇ 14 ਉਮੀਦਵਾਰ ਚੋਣਾਂ ਲੜ ਰਹੇ ਹਨ, ਇੱਥੇ ਕੁਲ 1 ਲੱਖ 92 ਹਜ਼ਾਰ 473 ਵੋਟਰ ਹਨ, ਜਿਨ੍ਹਾਂ ਵਿੱਚੋਂ ਕਰੀਬ 75.8 ਫ਼ੀਸਦੀ ਵੋਟਰਾਂ ਨੇ ਵੋਟਾਂ ਪਾਈਆਂ ਹਨ। ਸ੍ਰੀ ਹੰਸ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ 117-ਸ਼ੁਤਰਾਣਾ ਹਲਕੇ 09 ਉਮੀਦਵਾਰ ਚੋਣ ਮੈਦਾਨ ‘ਚ ਖੜ੍ਹੇ ਸਨ, ਇਸ ਹਲਕੇ ਵਿਖੇ ਕੁਲ 1 ਲੱਖ 81 ਹਜ਼ਾਰ 568 ਵੋਟਰ ਹਨ ਅਤੇ ਇਥੇ 75.5 ਫ਼ੀਸਦੀ ਮਤਦਾਨ ਹੋਇਆ ਹੈ।
ਸ੍ਰੀ ਹੰਸ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਅੰਦਰ 100 ਸਾਲ ਦੀ ਉਮਰ ਦੇ 518 ਵੋਟਰ, 90 ਤੋਂ 99 ਸਾਲ ਦੇ 5174 ਵੋਟਰ, 80 ਤੋਂ 89 ਸਾਲ ਦੇ 28873 ਵੋਟਰ, 70 ਤੋਂ 79 ਸਾਲ ਦੇ 85851 ਵੋਟਰ, 60 ਤੋਂ 69 ਸਾਲ ਦੇ 1 ਲੱਖ 42 ਹਜ਼ਾਰ 7455 ਵੋਟਰ, 50 ਤੋਂ 59 ਸਾਲ ਦੇ 2 ਲੱਖ 30 ਹਜ਼ਾਰ 498 ਵੋਟਰ, 40 ਤੋਂ 49 ਸਾਲ ਦੇ 3 ਲੱਖ 554, 30 ਤੋਂ 39 ਸਾਲ ਦੇ 4 ਲੱਖ 13 ਹਜ਼ਾਰ 955, 20 ਤੋਂ 29 ਸਾਲ ਦੇ 2 ਲੱਖ 84 ਹਜ਼ਾਰ 154 ਅਤੇ 18 ਤੋਂ 19 ਸਾਲ ਦੇ 23230 ਨੌਜਵਾਨ ਵੋਟਰ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਫੈਸਿਲੀਟੇਸ਼ਨ ਸੈਂਟਰਾਂ ‘ਤੇ ਚੋਣ ਡਿਊਟੀ ‘ਤੇ ਤਾਇਨਾਤ ਅਮਲੇ ਵੱਲੋਂ ਪਾਈਆਂ ਵੋਟਾਂ 2301 ਪੋਸਟਲ ਬੈਲੇਟ ਪੈਪਰਾਂ ਰਾਹੀਂ ਵੋਟਾਂ ਪਾਈਆਂ ਗਈਆਂ। ਇਸ ਤੋਂ ਇਲਾਵਾ ਸਰਵਿਸ ਵੋਟਰਾਂ ਨੂੰ ਭੇਜੇ 4459 ਪੋਸਟਲ ਬੈਲੇਟ ਪੇਪਰਾਂ ‘ਚੋਂ 155 ਪ੍ਰਾਪਤ ਹੋ ਚੁੱਕੀਆਂ ਹਨ ਜੋ ਕਿ 9 ਮਾਰਚ ਤੱਕ ਵਾਪਸ ਪਰਤਣਗੀਆਂ। ਜਦੋਂਕਿ ਪਟਿਆਲਾ ਜ਼ਿਲ੍ਹੇ ਦੇ ਵਸਨੀਕ ਸਰਕਾਰੀ ਕਰਮਚਾਰੀ ਤੇ ਅਧਿਕਾਰੀ, ਜੋ ਹੋਰਨਾਂ ਜ਼ਿਲ੍ਹਿਆਂ ‘ਚ ਚੋਣ ਡਿਊਟੀ ਕਰ ਰਹੇ ਹਨ, ਉਨ੍ਹਾਂ ਨੂੰ ਸਬੰਧਤ ਆਰ.ਓਜ ਵੱਲੋਂ ਜਾਰੀ ਬੈਲੇਟ ਪੇਪਰਾਂ ‘ਚੋਂ 54 ਵਾਪਸ ਆਏ ਹਨ। ਉਨ੍ਹਾਂ ਹੋਰ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 163 ਦਿਵਿਆਂਗਜਨਾਂ ਅਤੇ 80 ਸਾਲ ਤੋਂ ਵਧੇਰੇ ਉਮਰ ਦੇ 903 ਵੋਟਰਾਂ ਨੇ ਆਪਣੇ ਘਰਾਂ ‘ਚ ਪੋਸਟਲ ਬੈਲੇਟ ਪੇਪਰ ਰਾਹੀਂ ਵੋਟ ਪਾਈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਦੇਰ ਰਾਤ ਤੱਕ ਈ.ਵੀ.ਐਮਜ ਨੂੰ ਪੋਲਿੰਗ ਪਾਰਟੀਆਂ ਵੱਲੋਂ ਵੱਖ-ਵੱਖ ਸਟਰਾਂਗ ਰੂਮਾਂ ਵਿਖੇ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਜਿਥੇ ਸਖ਼ਤ ਸੁਰੱਖਿਆ ਪ੍ਰਬੰਧ ਦੇ ਇੰਤਜਾਮ ਕਰਦਿਆਂ ਸੀ.ਸੀ.ਟੀ.ਵੀ. ਕੈਮਰੇ ਅਤੇ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੀ 24 ਘੰਟੇ ਨਿਗਰਾਨੀ ਯਕੀਨੀ ਬਣਾਈ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਵੱਲੋਂ ਅਮਨ-ਅਮਾਨ ਤੇ ਸ਼ਾਂਤੀਪੂਰਵਕ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਪਾਏ ਗਏ ਯੋਗਦਾਨ ਲਈ ਸਮੂਹ ਵੋਟਰਾਂ ਅਤੇ ਚੋਣ ਅਮਲੇ ਦਾ ਧੰਨਵਾਦ ਕੀਤਾ ਹੈ।
ਇਸ ਦੌਰਾਨ ਪਟਿਆਲਾ ਰੇਂਜ ਦੇ ਆਈ.ਜੀ. ਸ੍ਰੀ ਰਾਕੇਸ਼ ਅਗਰਵਾਲ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਹੰਸ ਨੇ ਦੱਸਿਆ ਕਿ ਸ਼ਾਮ 6 ਵਜੇ ਤੋਂ ਮਗਰੋਂ ਵੋਟਾਂ ਪੁਆਉਣ ਦੀ ਪ੍ਰਕ੍ਰਿਆ ਸਮਾਪਤ ਕਰਕੇ ਈ.ਵੀ.ਐਮਜ਼. ਨੂੰ ਪੋਲਿੰਗ ਏਜੰਟਾਂ ਦੀ ਹਾਜ਼ਰੀ ‘ਚ ਸੀਲ ਕਰਕੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਪੋਲਿੰਗ ਪਾਰਟੀਆਂ ਕੋਲੋਂ ਜਮ੍ਹਾ ਕਰਵਾ ਕੇ ਸਟਰਾਂਗ ਰੂਮਾਂ ‘ਚ ਸੁਰੱਖਿਆ ਬਲਾਂ ਦੇ ਸਖ਼ਤ ਪਹਿਰੇ ਹੇਠ ਰਖਵਾ ਦਿੱਤਾ ਗਿਆ। ਜਦਕਿ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਜ਼ਿਲ੍ਹੇ ਵਿਖੇ ਸਥਾਪਤ ਕੀਤੇ ਗਏ ਵੱਖ-ਵੱਖ ਗਿਣਤੀ ਕੇਂਦਰਾਂ ਵਿਖੇ ਹੋਵੇਗੀ।