ਜ਼ਿਲ੍ਹਾ ਪ੍ਰਸ਼ਾਸਨ ਸੰਕਟ ਦੀ ਘੜੀ ‘ਚ ਜੰਗ ਦਾ ਮੈਦਾਨ ਯੂਕਰੇਨ ‘ਚ ਫਸੇ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ -ਸੰਦੀਪ ਹੰਸ
-ਐਸ.ਡੀ.ਐਮ. ਚਰਨਜੀਤ ਸਿੰਘ ਵੱਲੋਂ ਯੂਕਰੇਨ ਗਏ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੁਲਾਕਾਤ
-ਨਾਭਾ ਤੇ ਰਾਜਪੁਰਾ ਦੇ ਐਸ.ਡੀ.ਐਮਜ਼ ਨੇ ਵੀ ਮਾਪਿਆਂ ਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਸਾਧਿਆ
ਪਟਿਆਲਾ, 2 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਉਨ੍ਹਾਂ ਨਾਗਰਿਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਖੜ੍ਹਾ ਹੈ, ਜਿਹੜੇ ਕਿ ਜੰਗ ਦਾ ਮੈਦਾਨ ਬਣੇ ਦੇਸ਼ ਯੂਕਰੇਨ ‘ਚ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਅਜਿਹੇ ਨਾਗਰਿਕਾਂ ਅਤੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਤੇ ਜਾਣਕਾਰੀ ਇਕੱਤਰ ਕਰਨ ਲਈ ਇੱਕ ਹੈਲਪਲਾਈਨ ਪਹਿਲਾਂ ਹੀ ਜਾਰੀ ਕੀਤੀ ਹੋਈ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਹੈਲਪਲਾਈਨ ‘ਤੇ ਹੁਣ ਤੱਕ 37 ਵਿਦਿਆਰਥੀਆਂ ਤੇ ਹੋਰ ਨਾਗਰਿਕਾਂ ਦੇ ਵੇਰਵੇ ਹਾਸਲ ਹੋਏ ਹਨ, ਜਿਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਇਹ ਵੇਰਵੇ ਰਾਜ ਸਰਕਾਰ ਰਾਹੀਂ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਸਾਂਝੇ ਕੀਤੇ ਗਏ ਹਨ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ ਨੇ ਯੂਕਰੇਨ ‘ਚ ਪੜ੍ਹ ਰਹੇ 2 ਵਿਦਿਆਰਥੀਆਂ ਤੇ ਇੱਕ ਨੌਕਰੀਪੇਸ਼ਾ ਨਾਗਰਿਕ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਜਦੋਂਕਿ ਨਾਭਾ ਦੇ ਐਸ.ਡੀ.ਐਮ. ਕੰਨੂ ਗਰਗ ਦੀ ਤਰਫ਼ੋਂ ਤਹਿਸੀਲਦਾਰ ਰਣਜੀਤ ਸਿੰਘ ਅਤੇ ਰਾਜਪੁਰਾ ਦੇ ਐਸ.ਡੀ.ਐਮ. ਡਾ. ਸੰਜੀਵ ਕੁਮਾਰ ਵੱਲੋਂ ਨਾਇਬ ਤਹਿਸੀਲਦਾਰ ਘਨੌਰ ਅਰਜੁਨ ਗਰੇਵਾਲ ਨੇ ਆਪਣੀ ਸਬ ਡਵੀਜਨ ਦੇ ਵਸਨੀਕ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਐਸ.ਡੀ.ਐਮ. ਚਰਨਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਗੌਰਵ ਗੁਪਤਾ ਅਤੇ ਫ਼ਤਹਿਵੀਰ ਸਿੰਘ ਖਾਰਕੀਵ ਸ਼ਹਿਰ ਛੱਡ ਚੁੱਕੇ ਹਨ ਜਦਕਿ ਲਕਸ਼ਮੀ ਮਿੱਤਲ ਗਰੁਪ ‘ਚ ਨੌਕਰੀ ਕਰਦਾ ਬਿਕਰਮਜੀਤ ਸਿੰਘ ਵੀ ਆਪਣੇ ਦੋਸਤਾਂ ਨਾਲ ਸੁਰੱਖਿਅਤ ਥਾਂ ਵੱਲ ਰਵਾਨਾ ਹੋ ਚੁੱਕਾ ਹੈ ਅਤੇ ਇਹ ਲਗਾਤਾਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਰ ਰਹੇ ਹਨ।
ਐਸ.ਡੀ.ਐਮ. ਕੰਨੂ ਗਰਗ ਨੇ ਦੱਸਿਆ ਕਿ ਨਾਭਾ ਦਾ ਇਕ ਵਿਦਿਆਰਥੀ ਭਾਰਤੀ ਸਿੰਘ ਸੁਰੱਖਿਅਤ ਵਾਪਸ ਪਰਤ ਚੁੱਕਾ ਹੈ ਜਦੋਂਕਿ ਦੂਜਾ ਵਿਦਿਆਰਥੀ ਸਤਪਾਲ ਪੋਲੈਂਡ ਵਿਖੇ ਪੁੱਜ ਗਿਆ ਹੈ। ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਪਿੰਡ ਉਲਾਣਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਸਮੇਤ ਹੋਰ ਵਿਦਿਆਰਥੀਆਂ ਤੇ ਹੋਰ ਕੰਮਾਂ ਲਈ ਯੂਕਰੇਨ ਗਏ ਨਾਗਰਿਕਾਂ ਦੇ ਘਰਾਂ ‘ਚ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਡੀ.ਸੀ. ਸ੍ਰੀ ਸੰਦੀਪ ਹੰਸ ਨੇ ਅੱਗੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਦਿਲਾਸਾ ਦਿੰਦਿਆਂ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਫਸੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ ਤੇ ਹੋਰ ਨਾਗਰਿਕਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਹੈਲਪਲਾਈਨ ਨੰਬਰ 62843-57500 ‘ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਈਮੇਲ madcptl118@gmail.com ‘ਤੇ ਵੀ ਸਾਂਝੀ ਕੀਤੀ ਜਾ ਸਕਦੀ ਹੈ।