???? ਹਿੰਦੂ ਸੰਗਠਨਾਂ ਦੀ ਪਟਿਆਲਾ ‘ਚ ਹੋਈ ਸੂਬਾ ਪੱਧਰੀ ਮੀਟਿੰਗ; ਗਰਮਜੋਸ਼ੀ ਦੇ ਨਾਲ ਉਠਾਇਆ ਮੰਦਰ ਐਕਟ ਬਣਾਉਣ ਦਾ ਮੁੱਦਾ
???? ਹਿੰਦੂ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਪਾਸ ਕੀਤੇ 4 ਵਿਸ਼ੇਸ਼ ਮਤੇ
???? ਮੰਦਰ ਐਕਟ ਬਣਵਾਉਣ ਲਈ ਹਿੰਦੂ ਸੰਗਠਨਾਂ ਦੀ ਸਾਂਝੀ ਤਾਲਮੇਲ ਕਮੇਟੀ ਦਾ ਕੀਤਾ ਜਾਵੇਗਾ ਗਠਨ
ਪਟਿਆਲਾ, 23 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੱਜ ਪਟਿਆਲਾ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਮਨੋਜ ਨੰਨ੍ਹਾ ਸੂਬਾ ਕਨਵੀਨਰ ਟੀਮ ਮੰਦਰ ਐਕਟ ਪੰਜਾਬ (ਹਿੰਦੂ ਵੈਲਫੇਅਰ ਬੋਰਡ) ਨੇ ਕੀਤੀ ਜਦਕਿ ਮਹੰਤ ਰਵੀ ਕਾਂਤ ਚੇਅਰਮੈਨ ਹਿੰਦੂ ਭਲਾਈ ਬੋਰਡ, ਵਿਜੇ ਸਿੰਘ ਭਾਰਦਵਾਜ ਸੂਬਾ ਪ੍ਰਧਾਨ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ, ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ, ਵਿਜੇ ਕਪੂਰ ਕਾਰਜਕਾਰੀ ਪ੍ਰਧਾਨ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ, ਪਰਵਿੰਦਰ ਭੱਟੀ ਸੂਬਾ ਪ੍ਰਧਾਨ ਸ਼ਿਵ ਸੈਨਾ ਹਿੰਦ, ਸਵਾਮੀ ਸ਼ੇਵੇ ਸ਼ੂਨਯ ਪ੍ਰਤੀਨਿਧੀ ਨਰਸਿਮ੍ਹਾਨੰਦ ਸਰਸਵਤੀ, ਮਹੰਤ ਭਾਗਵਤ ਦਾਸ ਪ੍ਰਧਾਨ ਦੇਵਾਲਿਆ ਦੇਵ ਸਥਾਨ ਪ੍ਰਬੰਧਕ ਕਮੇਟੀ, ਕਮਾਂਡਰ ਰਾਕੇਸ਼ ਸ਼ਰਮਾ ਸੇਵਾਮੁਕਤ ਸੈਨਾ ਅਧਿਕਾਰੀ, ਸੁਰਿੰਦਰ ਪਾਲ ਵਰਮਾ ਜੁਆਇੰਟ ਸਕੱਤਰ ਹਿੰਦੂ ਭਲਾਈ ਬੋਰਡ, ਸੁਸ਼ੀਲ ਨਈਅਰ ਹਿੰਦੂ ਆਗੂ ਸਮੇਤ ਕਈ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਵਿੱਚ ਹਿੰਦੂ ਮੰਦਰ ਐਕਟ ਬਣਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਹਿੰਦੂ ਸਮਾਜ ਦੀ ਤਰੱਕੀ ਅਤੇ ਭਲਾਈ ਸਮੇਤ ਹਿੰਦੂਆਂ ਨੂੰ ਇਕਜੁੱਟ ਕਰਨ ਦੇ ਯਤਨਾਂ ‘ਤੇ ਹੋਰ ਜ਼ੋਰ ਦੇਣ ਲਈ ਜਾਗਰੂਕਤਾ ਮੁਹਿੰਮਾਂ ਚਲਾਉਣ ਬਾਰੇ ਵੀ ਵਿਚਾਰ ਲਏ ਗਏ। ਇਸ ਮੌਕੇ ਨਿਊਜ਼ਲਾਈਨ ਐਕਸਪ੍ਰੈਸ ਦੇ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦਿਆਂ ਮਹੰਤ ਰਵੀਕਾਂਤ ਨੇ ਮੰਦਰ ਐਕਟ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਖੁੱਲ੍ਹ ਕੇ ਖੁਲਾਸਾ ਕੀਤਾ। ਉਨ੍ਹਾਂ ਪੰਜਾਬ ਵਿੱਚ ਸਮੇਂ-ਸਮੇਂ ‘ਤੇ ਆਈਆਂ ਸਰਕਾਰਾਂ ਅਤੇ ਅਫਸਰਸ਼ਾਹੀ ਦੇ ਢਿੱਲੇ ਰਵੱਈਏ ‘ਤੇ ਅਫਸੋਸ ਵੀ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਯੁੱਗ ਵਿੱਚ ਹਿੰਦੂ ਸਮਾਜ, ਹਿੰਦੂ ਸੰਸਕ੍ਰਿਤੀ ਅਤੇ ਹਿੰਦੂ ਮੰਦਰਾਂ ਨੂੰ ਖਤਰਾ ਹੈ ਅਤੇ ਇਸ ਤੋਂ ਬਚਣ ਦਾ ਇੱਕੋ ਇੱਕ ਰਸਤਾ ਹਿੰਦੂ ਮੰਦਰ ਐਕਟ ਬਣਾਉਣਾ ਹੈ। ਸਾਰੇ ਆਗੂਆਂ ਨੇ ਇੱਕ ਸੁਰ ਵਿਚ ਕਿਹਾ ਕਿ ਹਿੰਦੂਆਂ ਨੂੰ ਆਪਣੇ ਫੈਸਲੇ ਲੈਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਹਿੰਦੂ ਧਾਰਮਿਕ ਮਾਮਲਿਆਂ ਵਿਚ ਨਾ ਤਾਂ ਕੋਈ ਸਿਆਸਤ ਹੋਣੀ ਚਾਹੀਦੀ ਹੈ ਅਤੇ ਨੇ ਹੀ ਕਿਸੇ ਸਰਕਾਰ ਜਾਂ ਪ੍ਰਸ਼ਾਸਨ ਦੀ ਕੋਈ ਵੀ ਦਖਲਅੰਦਾਜ਼ੀ। ਇਸ ਲਈ ਸਮੂਹ ਧਾਰਮਿਕ ਆਗੂਆਂ ਨੇ ਮਿਲ ਕੇ ਸਹਿਯੋਗ ਕਰਨ ਅਤੇ ਉਪਰਾਲੇ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੇ ਹਿੰਦੂ ਸਮਾਜ ਨੂੰ ਇਕਜੁੱਟ ਕਰਨ ਲਈ ਹਰ ਸੰਭਵ ਯਤਨ ਕਰਨੇ ਪੈਣਗੇ ਨਹੀਂ ਤਾਂ ਹਿੰਦੂ ਸੰਸਕ੍ਰਿਤੀ ਗੰਭੀਰ ਸੰਕਟ ਵਿਚ ਘਿਰ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਹਿੰਦੂ ਜਥੇਬੰਦੀਆਂ ਚਾਹੁੰਦੀਆਂ ਹਨ ਕਿ ਹਿੰਦੂ ਮੰਦਰਾਂ ਦੇ ਪ੍ਰਬੰਧ ਵਿੱਚ ਸਰਕਾਰਾਂ, ਸਿਆਸੀ ਪਾਰਟੀਆਂ ਅਤੇ ਪ੍ਰਸ਼ਾਸਨ ਦੀ ਕੋਈ ਦਖਲਅੰਦਾਜ਼ੀ ਨਾ ਹੋਵੇ ਅਤੇ ਮੰਦਰਾਂ ਦੀ ਸਾਂਭ-ਸੰਭਾਲ, ਸੁਰੱਖਿਆ ਅਤੇ ਪੂਰਾ ਪ੍ਰਬੰਧ ਹਿੰਦੂਆਂ ਨੂੰ ਪੂਰੀ ਅਜ਼ਾਦੀ ਨਾਲ ਕਰਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਮੰਦਰਾਂ ਨੂੰ ਬਿਹਤਰ ਤਰੀਕੇ ਨਾਲ ਕਿਵੇਂ ਚਲਾਇਆ ਜਾ ਸਕਦਾ ਹੈ।
ਮਹੰਤ ਰਵੀਕਾਂਤ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਮੰਦਰ ਐਕਟ ਜ਼ਰੂਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਮਹੰਤ ਰਵੀ ਕਾਂਤ ਨੇ ਪੱਤਰ ਦਿਖਾਉਂਦੇ ਹੋਏ ਇਹ ਵੀ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਹਰਮੀਤ ਸਿੰਘ ਪਠਾਨਮਾਜਰਾ, ਜੋ ਕਿ ਹੁਣ ਪਟਿਆਲਾ ਜ਼ਿਲ੍ਹੇ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ਜਿੱਤੇ ਹਨ, ਨੇ ਵਾਅਦਾ ਕੀਤਾ ਸੀ ਕਿ ਚੋਣ ਜਿੱਤਣ ਤੋਂ ਬਾਅਦ ਉਹ ਹਿੰਦੂ ਮੰਦਰ ਐਕਟ ਬਣਾਉਣ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਉਠਾਉਣਗੇ ਅਤੇ ਜੇਕਰ ਕੋਈ ਹੋਰ ਵਿਧਾਇਕ ਇਹ ਮੁੱਦਾ ਉਠਾਉਂਦਾ ਹੈ ਤਾਂ ਉਹ ਇਸ ਦਾ ਪੂਰਾ ਸਮਰਥਨ ਕਰਨਗੇ। ਮਹੰਤ ਰਵੀਕਾਂਤ ਨੇ ਇਕ ਹੋਰ ਵਿਧਾਇਕ ਦਾ ਅਜਿਹਾ ਹੀ ਪੱਤਰ ਦਿਖਾਉਂਦੇ ਹੋਏ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਕਿ ਹੁਣ ਸਰਕਾਰ ਅਤੇ ਵਿਧਾਇਕ ਆਪਣੇ ਵਾਅਦੇ ਪੂਰੇ ਕਰਨ ਅਤੇ ਮੰਦਰ ਐਕਟ ਲਾਗੂ ਕਰਨ ਵਿੱਚ ਆਪਣਾ ਸਹਿਯੋਗ ਦੇਣ।
ਜ਼ਿਕਰਯੋਗ ਹੈ ਕਿ ਅੱਜ ਸ੍ਰੀ ਭੂਤਨਾਥ ਮੰਦਰ ਪਟਿਆਲਾ ਵਿਖੇ ਹਿੰਦੂ ਜਥੇਬੰਦੀਆਂ ਦੀ ਹੋਈ ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਚਾਰ ਮਤੇ ਵੀ ਪਾਸ ਕੀਤੇ ਗਏ, ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਹਿੰਦੂ ਮੰਦਰ ਐਕਟ ਸਬੰਧੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਵਾਅਦਾ ਯਾਦ ਕਰਵਾਉਣਾ, ਦੁੱਜਾ ਹਿੰਦੂਆਂ ਖਿਲਾਫ ਸਾਜਿਸ਼ ਰਚਣ ਵਾਲਿਆਂ ਖਿਲਾਫ ਬੁਲਡੋਜ਼ਰ ਦੀ ਕਾਰਵਾਈ ਸ਼ੁਰੂ ਕਰਵਾਉਣ ਲਈ ਸੁਪਰੀਮ ਕੋਰਟ ‘ਚ ਵਕੀਲ ਖੜੇ ਕਰਨਾ, ਤੀਜਾ ਸ਼੍ਰੀ ਭੂਤਨਾਥ ਮੰਦਿਰ ਪਟਿਆਲਾ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੁਸਲਮਾਨਾਂ ਤੇ ਉਨ੍ਹਾਂ ਨੂੰ ਪਿੱਛੇ ਰਹਿ ਕੇ ਸ਼ਹਿ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਤੇ ਪ੍ਰਸਾਸ਼ਨ ਤੱਕ ਪਹੁੰਚ ਕਰਨਾ ਅਤੇ ਚੋਥਾ ਮੰਦਰ ਐਕਟ ਬਣਾਉਣ ਲਈ ਟੀਮ ਮੰਦਰ ਐਕਟ ਵਲੋਂ ਸੂਬੇ ਦੇ ਪ੍ਰਮੁੱਖ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਨਾਲ ਲੈ ਕੇ ਇੱਕ ਵਿਸ਼ੇਸ਼ ਤਾਲਮੇਲ ਕਮੇਟੀ ਦਾ ਗਠਨ ਕਰਨਾ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਅੱਜ ਦੀ ਮੀਟਿੰਗ ਵਿੱਚ ਹਿੰਦੂਆਂ ਵਿੱਚ ਨਵਾਂ ਜੋਸ਼ ਦੇਖਣ ਨੂੰ ਮਿਲਿਆ।