???? ਕੀ ਪ੍ਰਸ਼ਾਸ਼ਨ ਕਰ ਰਿਹਾ ਕੋਈ ਵੱਡਾ ਹਾਦਸਾ ਹੋਣ ਦਾ ਇੰਤਜ਼ਾਰ ?
???? ਕੁੰਭਕਰਨੀ ਨੀਂਦ ‘ਚ ਸੁੱਤਾ ਪਿਆ ਹੈ ਪ੍ਰਸ਼ਾਸਨ!!
???? ਲਗਭਗ ਇਕ ਸਾਲ ਤੋਂ ਪਿਆ ਕੰਮ ਅੱਧ ਵਿਚਕਾਰ, ਕਿਸੇ ਵੀ ਸਮੇਂ ਵਾਪਰ ਸਕਦਾ ਵੱਡਾ ਹਾਦਸਾ : ਐਡਵੋਕੇਟ ਪ੍ਰਭਜੀਤਪਾਲ ਸਿੰਘ
???? ਫੁੱਟਪਾਥ ਉਤੇ ਸ਼ਰੇਆਮ ਖੁੱਲ੍ਹੇ ਮੂੰਹ ਵਾਲੀ ਪਾਇਪ ਅਤੇ ਲਗਾਤਾਰ ਖਰਾਬ ਹੋ ਰਹੀ ਸਾਦਕ ਲਈ ਕੌਣ ਜਿੰਮੇਵਾਰ ?
???? ਕਿਸੇ ਦੀ ਵੀ ਜਾਨ ਲੈ ਸਕਦਾ ਹੈ ਖੂਹ ਵਰਗਾ ਟੋਇਆ
???? ਇੱਕ ਸਾਲ ਤੋਂ CNG ਪਾਇਪ ਰੋਡ ਉੱਪਰ ਟੋਏ ਹੋਣ ਕਾਰਨ ਵਾਪਰੇ ਕਈ ਹਾਦਸੇ
ਪਟਿਆਲਾ, 7 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ਼ਹਿਰ ਦੀ ਸਭ ਤੋਂ ਵੱਧ ਭੀੜ ਭਾੜ ਵਾਲੀ ਮਾਲ ਰੋਡ ਤੇ ਸੈਂਟਰਲ ਲਾਇਬ੍ਰੇਰੀ, ਆਟੋ ਸ਼ੋਰੂਮ, ਉਪਭੋਗਤਾ ਅਦਾਲਤ, ਟੁਰਿਜ਼ਮ ਦਫਤਰ, ਉਸਦੇ ਨਾਲ ਕੋਰਟ ਕਚਹਿਰੀ, ਉਸਦੇ ਨਾਲ ਸ਼ਹਿਰ ਦੀ ਇੱਕੋ ਇੱਕ ਝੀਲ, ਫੇਰ ਪ੍ਰਸਿੱਧ ਪ੍ਰਾਚੀਨ ਕਾਲੀ ਦੇਵੀ ਮੰਦਰ, ਨੇੜੇ ਗੁੱਗਾ ਮਾੜੀ ਅਤੇ ਸ਼ਿਵ ਮੰਦਰ, ਰੈਸਟੋਰੈਂਟ ਅਤੇ ਓਮੈਕਸ ਮਾਲ, ਦੂਸਰੇ ਪਾਸੇ ਸਿਨੇਮਾ, ਪੈਟਰੋਲ ਪੰਪ ਅਤੇ ਨੇੜੇ ਹੀ ਬੱਸ ਅੱਡਾ ਤੇ ਰੇਲਵੇ ਸਟੇਸ਼ਨ ਤੋਂ ਮਾਤਾ ਕਾਲੀ ਦੇਵੀ ਮੰਦਰ ਸਮੇਤ ਕਈ ਸ਼ਹਿਰਾਂ ਨੂੰ ਜਾਂਦੀ ਇਸ ਸੜਕ ਉੱਪਰ ਪ੍ਰਸ਼ਾਸ਼ਨ ਵੱਲੋਂ ਲੰਬੇ ਸਮੇਂ ਤੋਂ ਵੱਡੀ ਅਣਗਿਹਲੀ ਵਰਤੀ ਜਾ ਰਹੀ ਹੈ ਜਿਸ ਕਾਰਨ ਕਿਸੇ ਵੀ ਸਮੇਂ ਕੋਈ ਜਾਨੀ/ ਮਾਲੀ ਨੁਕਸਾਨ ਹੋ ਸਕਦਾ ਹੈ।
ਇਸ ਸੰਬਧੀ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵਕ ਐਡਵੋਕੇਟ ਪ੍ਰਭਜੀਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਪਟਿਆਲਾ ਟੈਕਸੀ ਸਟੈਂਡ ਦੇ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਇਕਬਾਲ ਸਿੰਘ, ਕਰਮਜੀਤ ਸਿੰਘ, ਰਾਜ ਸਿੰਘ, ਰਾਮ ਕੁਮਾਰ, ਸੋਨੂੰ ਰਾਉਣੀ, ਲਾਲ ਸਿੰਘ, ਸੋਹਣ ਸਿੰਘ, ਸੁਰਜੀਤ ਸਿੰਘ, ਧਰਮ ਸਿੰਘ ਅਤੇ ਹੋਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 19 ਨੰਬਰ ਫਾਟਕ ਕੋਲ ਤਕਰੀਬਨ ਇੱਕ ਸਾਲ ਤੋਂ ਕਿਸੇ ਕੰਮ ਕਾਰਨ ਇਕ ਵੱਡਾ ਅਤੇ ਡੂੰਘਾ ਟੋਆ ਪੁੱਟਿਆ ਹੋਇਆ ਹੈ ਜੋ ਕਿ ਬਿਲਕੁਲ ਚੌਂਕ ਵਿਚਕਾਰ ਹੈ ਤੇ ਪਾਣੀ ਭਰਿਆ ਹੋਣ ਕਾਰਨ ਦਲਦਲ ਬਣ ਚੁੱਕਾ ਹੈ। ਹੌਲੀ ਹੌਲੀ ਅੰਦਰੋਂ ਅੰਦਰ ਟੋਆ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਪਾਣੀ ਵੀ ਸੜਕ ਵੱਲ ਨੂੰ ਵੱਧਦਾ ਜਾ ਰਿਹਾ ਹੈ ਅਤੇ ਸੜਕ ਖੋਖਲੀ ਹੁੰਦੀ ਜਾ ਰਹੀ ਹੈ। ਜੇਕਰ ਕੋਈ ਭਾਰੀ ਵਾਹਨ ਕੋਲੋਂ ਲੰਘਿਆ ਤਾਂ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਜਦੋਂ ਵੀ ਬਰਸਾਤ ਆਉਂਦੀ ਹੈ ਤਾਂ ਸਾਰਾ ਪਾਣੀ ਟੋਏ ਵਿਚ ਭਰ ਜਾਂਦਾ ਹੈ। ਜੇਕਰ ਰਾਤ ਸਮੇਂ ਕੋਈ ਹਾਦਸਾ ਵਾਪਰਦਾ ਹੈ ਜਾਂ ਕੋਈ ਇਸ ਟੋਏ ਵਿਚ ਡਿੱਗਦਾ ਹੈ ਤਾਂ ਪਾਣੀ ਸੁਕਣ ਤੋਂ ਬਾਅਦ ਹੀ ਪਤਾ ਚਲੇਗਾ ਕਿ ਕੋਈ ਹਾਦਸਾ ਹੋ ਗਿਆ ਹੈ ।
ਦੂਜੇ ਪਾਸੇ ਸਿਨਮੇ ਦੇ ਬਾਹਰ ਚੌਕ ਵਿੱਚ ਇਕ ਵੱਡਾ ਡੂੰਘਾ ਲੋਹੇ ਦਾ ਪਾਇਪ ਉਪਰੋ ਮੂੰਹ ਖੁੱਲ੍ਹਾ ਪਿਆ ਹੈ ਜਿਵੇਂ ਕਿ ਆਪਾਂ ਹੁਣ ਸੁਣਦੇ ਆ ਰਹੇ ਹਾਂ ਕਿ ਬੱਚੇ ਖੁੱਲ੍ਹੇ ਬੋਰਵੈਲ ਵਿਚ ਡਿੱਗ ਕੇ ਆਪਣੀਆਂ ਜਾਨਾਂ ਗੁਆ ਰਹੇ ਹਨ, ਏਦਾਂ ਹੀ ਇਹ ਕੋਈ ਅੱਠ ਇੰਚ ਪਾਈਪ ਹੋਵੇਗਾ ਅਤੇ ਵੇਖਣ ਨੂੰ ਕਾਫ਼ੀ ਡੂੰਘਾ ਜਾਪਦਾ ਹੈ। ਇਸ ਸੜਕ ਉਪਰ, ਜਿਥੇ ਲੋਕਾਂ ਨੇ ਲੰਘਣਾ ਹੁੰਦਾ ਹੈ, ਅਗਰ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵਗਾ। ਕਈ ਵਾਰ ਪ੍ਰਸ਼ਾਸ਼ਨ ਅਤੇ ਨਾਲ ਚੌਕ ਉੱਪਰ ਪੁਲਸ ਬੂਥ ਉੱਪਰ ਵੀ ਸ਼ਿਕਾਇਤ ਕੀਤੀ ਹੈ ਪਰ ਕੋਈ ਵੀ ਧਿਆਨ ਨਹੀਂ ਦੇ ਰਿਹਾ। ਸਿਨੇਮਾ ਦੇ ਸਾਹਮਣੇ ਵਾਲੀ ਸੜਕ ਉੱਪਰ ਟੈਕਸੀ ਸਟੈਂਡ ਦੇ ਸਾਹਮਣੇ ਤੋਂ ਲੈ ਕੇ ਬੱਸ ਸਟੈਂਡ ਤਕ ਲਗਭਗ ਇਕ ਸਾਲ ਤੋਂ ਟੋਰੰਟ ਗੈਸ ਪ੍ਰਾਈਵੇਟ ਲਿਮਿਟਡ ਕੰਪਨੀ ਵਲੋਂ CNG ਪਾਇਪ ਲਾਈਨ ਰੱਖੀ ਪਈ ਹੈ ਜਿਸ ਕਾਰਨ ਟੈਕਸੀ ਯੂਨੀਅਨ ਤੇ ਅੱਗੇ ਬੱਸ ਸਟੈਂਡ ਸਾਹਮਣੇ ਟੈਂਪੂ ਯੂਨੀਅਨ ਨੂੰ ਪਾਰਕਿੰਗ ਦੀ ਵੱਡੀ ਸਮੱਸਿਆ ਆ ਰਹੀ ਹੈ। ਰੋਡ ਪਹਿਲਾਂ ਹੀ ਤੰਗ ਹੈ ਅਤੇ ਉਪਰੋਂ 10-12 ਫੁੱਟ ਜਗ੍ਹਾ ਇਸ CNG ਪਾਇਪ ਨੇ ਘੇਰ ਲਈ ਹੈ ਜਿਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ।
ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਕਿਹਾ ਕਿ ਅਜਿਹੀਆਂ ਸਾਰੀਆਂ ਲਾਪਰਵਾਹੀਆਂ ਨੂੰ ਦੇਖਦੇ ਹੋਏ ਇੰਝ ਜਾਪਦਾ ਹੈ ਕਿ ਪ੍ਰਸ਼ਾਸ਼ਨ ਕੋਈ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਪ੍ਰਸ਼ਾਸ਼ਨ ਨੂੰ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਸਭ ਲਾਪਰਵਾਹੀਆਂ ਵਿਚ ਜੋ ਵੀ ਕੋਈ ਅਧਿਕਾਰੀ ਦੋਸ਼ੀ ਹੈ, ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। *Newsline Express*