???? ਮੋਹਾਲੀ ਦੇ ਲਾਂਡਰਾ ‘ਚ ਪਿਸਤੌਲ ਦੀ ਨੋਕ ਉਤੇ ਲੁੱਟ ਦੀ ਵੱਡੀ ਵਾਰਦਾਤ
???? ਜਵੈਲਰ ਤੋਂ 15 ਕਿੱਲੋ ਸੋਨਾ, 25 ਕਿੱਲੋ ਚਾਂਦੀ ਤੇ ਕੈਸ਼ ਲੁੱਟ ਕੇ ਲੁਟੇਰੇ ਫ਼ਰਾਰ
ਮੋਹਾਲੀ, 12 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਮੋਹਾਲੀ ਦੇ ਲਾਂਡਰਾ ਵਿੱਚ ਲੁੱਟ ਦੀ ਇੱਕ ਵੱਡੀ ਵਾਰਦਾਤ ਹੋਣ ਦੀ ਖਬਰ ਨਾਲ ਇਲਾਕੇ ਵਿੱਚ ਦਹਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਿੱਥੇ ਲੁਟੇਰਿਆਂ ਨੇ ਇਕ ਜਵੈਲਰ ਨੂੰ ਪਿਸਤੌਲ ਦੀ ਨੋਕ ਉਤੇ ਲੁੱਟ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ 4 ਲੁਟੇਰੇ ਪ੍ਰੇਮ ਜਵੈਲਰਜ਼ ਤੋਂ ਸੋਨੇ-ਚਾਂਦੀ ਅਤੇ ਨਕਦੀ ਨਾਲ ਭਰੇ ਬੈਗ ਲੁੱਟ ਕੇ ਗੋਲੀਆਂ ਚਲਾਉਂਦੇ ਹੋਏ ਫ਼ਰਾਰ ਹੋ ਗਏ। ਘਟਨਾ ਰਾਤ ਨੂੰ ਉਸ ਵੇਲੇ ਵਾਪਰੀ, ਜਦੋਂ ਸੁਨਿਆਰ ਪ੍ਰੇਮ ਆਪਣੀ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਕਾਰ ਵਿੱਚ ਸਵਾਰ ਲੁਟੇਰਿਆਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਿਕਾਇਤਕਰਤਾ ਜਵੈਲਰ ਪ੍ਰਵੀਨ ਦੀ ਖਰੜ-ਲਾਂਡਰਾ ਰੋਡ ‘ਤੇ ਪ੍ਰੇਮ ਜਵੈਲਰਜ਼ ਨਾਮ ਦੀ ਦੁਕਾਨ ਹੈ ਜਿੱਥੋਂ ਲੁਟੇਰੇ 15 ਕਿੱਲੋ ਸੋਨਾ, 25 ਕਿੱਲੋ ਚਾਂਦੀ ਤੇ ਕੈਸ਼ ਲੁੱਟ ਕੇ ਲੈ ਗਏ। ਜ਼ਿਕਰਯੋਗ ਹੈ ਕਿ ਪ੍ਰਵੀਨ ਹਰ ਰੋਜ਼ ਰਾਤ 8 ਤੋਂ 9 ਵਜੇ ਤੱਕ ਦੁਕਾਨ ਬੰਦ ਕਰਕੇ ਘਰ ਚਲਾ ਜਾਂਦਾ ਹੈ। ਦੁਕਾਨ ਵਿੱਚ ਆਮ ਵਾਂਗ ਕੀਮਤੀ ਸੋਨਾ, ਚਾਂਦੀ ਅਤੇ ਨਕਦੀ ਬੈਗਾਂ ਵਿੱਚ ਭਰ ਕੇ ਲੈ ਜਾਂਦਾ ਸੀ। ਸ਼ਨੀਵਾਰ ਰਾਤ ਕਰੀਬ 9 ਵਜੇ ਵੀ ਉਹ ਦੁਕਾਨ ਦੇ ਬਾਹਰ ਖੜ੍ਹੀ ਕਾਰ ‘ਚ ਸੋਨੇ, ਚਾਂਦੀ ਅਤੇ ਨਕਦੀ ਨਾਲ ਭਰੇ 3 ਬੈਗ ਰੱਖ ਰਿਹਾ ਸੀ। ਜਦੋਂ ਉਹ ਕਾਰ ‘ਚ ਤਿੰਨ ਬੈਗ ਰੱਖ ਕੇ ਦੁਬਾਰਾ ਦੁਕਾਨ ‘ਚ ਗਿਆ ਤਾਂ 4 ਨਕਾਬਪੋਸ਼ ਲੁਟੇਰੇ ਆਏ ਜਿਨ੍ਹਾਂ ਦੇ ਹੱਥਾਂ ਵਿੱਚ ਪਿਸਤੌਲ ਸੀ। ਕਾਰ ਦੀ ਖੁੱਲ੍ਹੀ ਡਿਗੀ ‘ਚੋਂ ਸੋਨੇ-ਚਾਂਦੀ ਦੇ ਬੈਗ ਕੱਢ ਕੇ ਭੱਜਣ ਲੱਗੇ ਤਾਂ ਸੁਨਿਆਰੇ ਨੇ ਲੁਟੇਰਿਆਂ ਨੂੰ ਭੱਜਦੇ ਦੇਖ ਉਹ ਤੁਰੰਤ ਦੁਕਾਨ ਤੋਂ ਬਾਹਰ ਆ ਗਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪ੍ਰਵੀਨ ਨੇ ਦੱਸਿਆ ਕਿ ਜਦੋਂ ਉਸ ਨੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਪਾ ਦਿੱਤਾ। ਰੌਲਾ ਸੁਣ ਕੇ ਉਸ ਦੀ ਪਤਨੀ ਮੋਨਿਕਾ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਇੱਕ ਲੁਟੇਰੇ ਨੇ ਹਵਾ ਵਿੱਚ ਫਾਇਰਿੰਗ ਕੀਤੀ ਅਤੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮੌਕੇ ਦਾ ਜਾਇਜ਼ਾ ਲੈਕੇ ਪੜਤਾਲ ਸ਼ੁਰੂ ਕਰ ਦਿੱਤੀ। ਸ਼ਹਿਰ ਵਿੱਚ ਨਾਕਾਬੰਦੀ ਵੀ ਕਰ ਦਿੱਤੀ ਗਈ ਅਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕੀਤੀ। ਡੀਐਸਪੀ ਸੁਖਜੀਤ ਸਿੰਘ ਵਿਰਕ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਇਸ ਘਟਨਾ ਨੂੰ ਯੋਜਨਾ ਬਣਾ ਕੇ ਤੇ ਰੇਕੀ ਕਰਕੇ ਅੰਜਾਮ ਦਿੱਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਲੁਟੇਰਿਆਂ ਸੰਬੰਧੀ ਕੁੱਝ ਵੀ ਪਤਾ ਨਹੀਂ ਲੱਗ ਸਕਿਆ, ਪ੍ਰੰਤੂ ਪੁਲਿਸ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ।
Newsline Express