???? ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਦੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ‘ਤੇ ਲਾਠੀਚਾਰਜ਼
???? ਰੁਜ਼ਗਾਰ ਲਈ ਪਿਛਲੇ 12 ਸਾਲਾਂ ਤੋਂ ਲਗਾਤਾਰ ਸੰਘਰਸ਼ਰਤ ਰੋਸ ਪ੍ਰਦਰਸ਼ਨ ਕਰਦੇ ਬੇਰੁਜ਼ਗਾਰ ਅਧਿਆਪਕਾਂ ‘ਤੇ ਚੱਲੇ ਪੁਲਿਸ ਦੇ ਡੰਡੇ
???? ਕਈ ਬੇਰੁਜ਼ਗਾਰਾਂ ਦੇ ਲੱਗੀਆਂ ਸੱਟਾਂ ; ਕੁੜੀਆਂ-ਮੁੰਡਿਆਂ ਦੇ ਫਟੇ ਕੱਪੜੇ
????“ਰੁਜ਼ਗਾਰ ਦਿਓ ਜਾਂ ਗੋਲੀ ਮਾਰ ਦਿਓ” : ਬੇਰੁਜ਼ਗਾਰ ਅਧਿਆਪਕ
ਸੰਗਰੂਰ, 10 ਜੁਲਾਈ -ਨਿਉਜ਼ਲਾਈਨ ਐਕਸਪ੍ਰੈਸ ਬਿਓਰੋ- ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁਝ ਬੇਰੋਜ਼ਗਾਰ ਨੌਜਵਾਨਾਂ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਦੌਰਾਨ ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾਮੁੱਕੀ ਕਰਦੇ ਹੋਏ ਲਾਠੀਚਾਰਜ਼ ਕੀਤਾ ਗਿਆ, ਜਿਸ ਦੌਰਾਨ ਕੁੜੀਆਂ ਤੱਕ ਦੇ ਕੱਪੜੇ ਫਟ ਗਏ ਅਤੇ ਮੁੰਡਿਆਂ ਨੂੰ ਸੱਟਾਂ ਲੱਗੀਆਂ। ਪੁਲੀਸ ਮੁਲਾਜ਼ਮਾਂ ਵੱਲੋਂ ਮਹਿਲਾ ਅਧਿਆਪਕਾਵਾਂ ਨਾਲ ਵੀ ਧੱਕਾਮੁਕੀ ਕੀਤੀ ਗਈ। ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਬੇਰੁਜ਼ਗਾਰ ਮੁੰਡੇ ਪਰਸਿੰਦਰ ਰਾਮ ਪਿੰਡ ਸਾਗਰਾ ਜ਼ਿਲ੍ਹਾ ਪਟਿਆਲਾ ਨੂੰ ਬੇਰੀਗੇਡਾਂ ਦੇ ਉਪਰੋਂ ਚੁੱਕ ਕੇ ਸੁੱਟਿਆ ਗਿਆ ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਲਾਭ ਸਿੰਘ ਭੋਲਾ ਨੇ ਦੱਸਿਆ ਕਿ 646 ਪੀਟੀਆਈ ਅਧਿਆਪਕਾਂ ਦੀ ਭਰਤੀ ਪਿਛਲੇ 12 ਸਾਲਾਂ ਤੋਂ ਲਟਕਦੀ ਆ ਰਹੀ ਹੈ। ਉਨ੍ਹਾਂ ਦੀ ਜਥੇਬੰਦੀ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੀ ਆਈ ਹੈ। ਪਿਛਲੀ ਕਾਂਗਰਸ ਸਰਕਾਰ ਨੇ ਵੀ ਉਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਅਤੇ ਅੱਜ ਸਾਨੂੰ ਫੇਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਲਾਰਿਆਂ ਅਤੇ ਰੁਜ਼ਗਾਰ ਨਾ ਦੇਣ ਦੀਆਂ ਨੀਤੀਆਂ ਤੋਂ ਤੰਗ ਆ ਕੇ ਮੁੜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਰਤੀ ਨੂੰ ਪੂਰਾ ਕਰਨ ਲਈ ਚਾਰ ਮਹੀਨਿਆਂ ਦਾ ਸਮਾਂ ਦਿੱਤਾ, ਪ੍ਰੰਤੂ ਪੰਜਾਬ ਸਰਕਾਰ ਨੇ ਇਸ ਭਰਤੀ ਨੂੰ ਪੂਰਾ ਕਰਨ ਲਈ ਕੋਈ ਪਹਿਲ ਨਹੀਂ ਕੀਤੀ।
ਆਗੂਆਂ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸਾਡੇ ਸੰਘਰਸ਼ ਵਾਲੇ ਥਾਂ ਉਤੇ ਪਹੁੰਚ ਕੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ‘ਆਪ’ ਸਰਕਾਰ ਆਉਣ ਉੱਤੇ ਪਹਿਲਾਂ ਉਨ੍ਹਾਂ ਦਾ ਮਸਲਾ ਹੱਲ ਕੀਤਾ ਜਾਵੇਗਾ, ਪ੍ਰੰਤੂ ਅੱਜ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਗੱਲ ਨਹੀਂ ਸੁਣੀ, ਸਿਰਫ਼ ਮੀਟਿੰਗ ਦੇ ਝੂਠੇ ਲਾਰਿਆਂ ਦੀਆਂ ਤਾਰੀਖਾਂ ਦਿੱਤੀਆਂ ਜਾ ਰਹੀਆਂ ਹਨ।
ਬੇਰੁਜ਼ਗਾਰ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਛੇਤੀ ਤੋਂ ਛੇਤੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰੇ, ਨਹੀਂ ਤਾਂ ਹੁਣ ਉਨ੍ਹਾਂ ਵਲੋਂ ‘ਕਰੋ ਜਾਂ ਮਰੋ’ ਦੀ ਨੀਤੀ ਅਪਣਾਈ ਗਈ ਹੈ ਅਤੇ ਇਸ ਦੌਰਾਨ ਜੇਕਰ ਕੋਈ ਵੀ ਨੁਕਸਾਨ ਹੋਇਆ ਤਾਂ ਉਸ ਦੀ ਜੁੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਜ਼ਿਕਰਯੋਗ ਹੈ ਕਿ ਮੁਹਾਲੀ ਵਿੱਚ ਜਦੋਂ ਇੱਕ ਬੇਰੁਜ਼ਗਾਰ ਕੁੜੀ ਸ਼ਿੱਪੀ ਸ਼ਰਮਾ ਪਾਣੀ ਵਾਲੀ ਟੈਂਕੀ ਉਤੇ 90 ਦਿਨ ਚੜ੍ਹੀ ਰਹੀ ਤਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਸਨੂੰ ਆਪਣੀ ਭੈਣ ਬਣਾਉਂਦੇ ਹੋਏ ਕਿਹਾ ਸੀ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਉਤੇ ਉਨ੍ਹਾਂ ਦੀ ਮੰਗ ਪਹਿਲ ਦੇ ਅਧਾਰ ਉਤੇ ਹੱਲ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਵੀ ਕਿਹਾ ਸੀ ” ਇਕ ਵਾਰ ਸਰਕਾਰ ਬਣ ਲੈਣ ਦਿਓ, ‘ਹਰਾ ਪੈੱਨ ਆ ਲੈਣ ਦਿਓ,’ ‘ਇਹ ਹਰਾ ਪੈੱਨ ਤੁਹਾਨੂੰ ਰੁਜ਼ਗਾਰ ਦੇਣ ਲਈ ਚੱਲੇਗਾ, ਤੁਹਾਨੂੰ ਟੈਂਕੀਆਂ ‘ਤੇ ਚੜ੍ਹਨ ਅਤੇ ਧਰਨੇ ਲਗਾਉਣ ਦੀ ਲੋੜ ਨਹੀਂ ਪੈਣੀ “। ਪਰ ਹੁਣ ਹਰਾ ਪੈੱਨ ਤਾਂ ਕੀ ਚੱਲਣਾ ਸੀ ਬਲਕਿ ਲਾਠੀਚਾਰਜ਼ ਹੋਣ ਤੋਂ ਬਾਅਦ ਵੀ ਕੋਈ ਗੱਲ ਸੁਣਨ ਜਾਂ ਵਿਸ਼ਵਾਸ ਦਿਵਾਉਣ ਤੱਕ ਵੀ ਨਹੀਂ ਆਇਆ।
ਆਗੂਆਂ ਨੇ ਕਿਹਾ ਕਿ ਬੀਤੇ ਜ਼ਿਮਨੀ ਲੋਕ ਸਭਾ ਸੰਗਰੂਰ ਦੀਆਂ ਚੋਣਾਂ ਦੌਰਾਨ ਆਪਣੀਆਂ ਮੰਗਾਂ ਮਨਵਾਉਣ ਲਈ ਦੋ ਲੜਕੀਆਂ ਸਿੱਪੀ ਸ਼ਰਮਾ ਅਤੇ ਰਵਨੀਤ ਕੌਰ ਬਠਿੰਡਾ ਦੋਵੇਂ ਸੰਗਰੂਰ ਵਿਖੇ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੀਆਂ ਸਨ, ਜਿਸ ਦੌਰਾਨ ਸਾਬਕਾ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਵਿਧਾਇਕ ਨੀਨਾ ਮਿੱਤਲ ਵੱਲੋਂ ਦੋਵਾਂ ਲੜਕੀਆਂ ਨੂੰ ਇਹ ਵਿਸ਼ਵਾਸ ਦਿਵਾ ਕੇ ਹੇਠਾਂ ਉਤਾਰਿਆ ਗਿਆ ਸੀ ਕਿ ਤੁਹਾਡੀ ਭਰਤੀ 10 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤੀ ਜਾਵੇਗੀ, ਪਰ ਪੰਜਾਬ ਸਰਕਾਰ ਵੱਲੋਂ ਅਜੇ ਇਸ ਭਰਤੀ ਨੂੰ ਪੂਰਾ ਕਰਨ ਲਈ ਤੱਕ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ।
ਉਨ੍ਹਾਂ ਕਿਹਾ ਕਿ 646 ਪੀਟੀਆਈ ਅਧਿਆਪਕਾਂ ਦੀ ਭਰਤੀ ਲਈ 9 ਮਈ 2011 ਨੂੰ ਉਸ ਸਮੇਂ ਦੇ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਇਸ਼ਤਿਹਾਰ ਵੀ ਜਾਰੀ ਕੀਤਾ ਸੀ ਅਤੇ ਸਾਲ 2012 ਵਿੱਚ ਦੁਬਾਰਾ ਬਾਦਲ ਸਰਕਾਰ ਬਣ ਗਈ ਪਰ ਇਹ ਭਰਤੀ ਕਿਸੇ ਤਣ-ਪੱਤਣ ਨਹੀਂ ਲਗਾਈ ਗਈ। ਫੇਰ ਪੰਜ ਸਾਲਾਂ ਬਾਅਦ ਸਾਲ 2017 ‘ਚ ਕਾਂਗਰਸ ਸਰਕਾਰ ਨੇ ਵੀ ਆਪਣੇ 5 ਸਾਲ ਲਾਰਿਆਂ ‘ਚ ਲੰਘਾ ਦਿੱਤੇ ਅਤੇ ਹੁਣ ਭਗਵੰਤ ਮਾਨ ਦੀ ‘ਆਪ’ ਸਰਕਾਰ ਵੀ ਇਸ ਭਰਤੀ ਨੂੰ ਲੈ ਕੇ ਗੰਭੀਰ ਨਹੀਂ ਹੈ ਜਿਸ ਕਰਕੇ ਇਹ ਮਾਮਲਾ ਹੁਣ ਤੱਕ ਲਟਕਿਆ ਹੋਇਆ ਹੈ।
ਇਸ ਮੌਕੇ ਕਮਲ ਕੁਰਕਰਣੀ ਮਾਨਸਾ, ਰਜਿੰਦਰ ਮਘਾਣੀਆ, ਗੁਰਲਾਲ ਲਾਲੀ, ਜਸਵਿੰਦਰ ਅੱਕਾਂਵਾਲੀ, ਰਾਜਪਾਲ ਜਲਾਲਾਬਾਦ, ਜਗਮੀਤ ਜੈਮਲ ਵਾਲਾ, ਹਰੀਸ਼ ਗੁਰੂ ਹਰਸਹਾਏ, ਸੁਰਿੰਦਰ ਪਹਿਲਵਾਨ, ਪ੍ਰੇਮ ਫਾਜ਼ਿਲਕਾ, ਪਰਵੀਨ ਫ਼ਾਜ਼ਿਲਕਾ, ਨੇਹਾ ਖੁੱਲਰ, ਪਰਮਿੰਦਰ ਬਰਨਾਲਾ, ਕਿਰਨ ਬਠਿੰਡਾ, ਜੱਸੀ ਅਤੇ ਕੁਲਵਿੰਦਰ ਕੌਰ ਆਦਿ ਸਮੇਤ ਹੋਰ ਵੀ ਸੈਂਕੜੇ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ। *Newsline Express*