????ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵੱਡਾ ਸਦਮਾ
???? ਪਟਿਆਲਾ ਪੋਲੀਟਿਕਸ ਦੇ ਐਡਮਿਨ ਪੱਤਰਕਾਰ ਬਲਜੀਤ ਸਿੰਘ ਬੱਲੀ ਕੋਹਲੀ ਦੀ ਸੜਕ ਹਾਦਸੇ ਤੋਂ 2 ਦਿਨ ਬਾਅਦ ਹਸਪਤਾਲ ‘ਚ ਮੌਤ
???? ਪਟਿਆਲਾ ਇਲੈਕਟ੍ਰੋਨਿਕ ਵੈਲਫੇਅਰ ਕਲੱਬ ਵੱਲੋ ਡੂੰਘੇ ਦੁੱਖ ਦਾ ਪ੍ਰਗਟਾਵਾ
???? ਪਟਿਆਲਾ ਪੁਲਿਸ ਵੱਲੋਂ ਨਾ-ਮਾਲੂਮ ਤੇਜ਼ ਰਫ਼ਤਾਰ ਵਾਹਨ ਦੇ ਡਰਾਈਵਰ ਵਿਰੁੱਧ ਲਾਪਰਵਾਹੀ ਦਾ ਮਾਮਲਾ ਦਰਜ਼
???? ਡਿਪਟੀ ਕਮਿਸ਼ਨਰ ਪਟਿਆਲਾ ਨੇ ਬਲਜੀਤ ਬੱਲੀ ਦੇ ਦੇਹਾਂਤ ਉਤੇ ਟਵੀਟ ਕਰਕੇ ਕੀਤਾ ਦੁੱਖ ਦਾ ਪ੍ਰਗਟਾਵਾ
???? ਸੀਨੀਅਰ ਪੱਤਰਕਾਰ ਬਲਜੀਤ ਬੱਲੀ ਦੀ ਮ੍ਰਿਤਕ ਦੇਹ ਦਾ ਸੇਜਲ ਅੱਖਾਂ ਨਾਲ ਸਸਕਾਰ
ਪਟਿਆਲਾ, 18 ਜੁਲਾਈ : ਵਰਮਾ, ਗਰੋਵਰ, ਰਾਕੇਸ਼, ਰਜਨੀਸ਼, ਅਨਿਲ, ਸੰਜੀਵ, ਪ੍ਰਦੀਪ, ਕਸ਼ਿਸ਼, ਅਮਿਤ -ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਪੱਤਰਕਾਰ ਭਾਈਚਾਰੇ ਸਮੇਤ ਭਾਰੀ ਗਿਣਤੀ ਪਟਿਆਲਾ ਨਿਵਾਸੀਆਂ ਨੂੰ ਅੱਜ ਉਸ ਵੇਲੇ ਬਹੁਤ ਦੁੱਖ ਹੋਇਆ ਜਦੋਂ ਇਹ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਕਿ ਪਟਿਆਲਾ ਦੇ ਬਹੁਤ ਹੀ ਹਰਮਨ ਪਿਆਰੇ ਪੱਤਰਕਾਰ (ਪਟਿਆਲਾ ਪੋਲੀਟਿਕਸ ਦੇ ਐਡਮਿਨ) ਬਲਜੀਤ ਸਿੰਘ ਬੱਲੀ ਕੋਹਲੀ ਦਾ ਦੇਹਾਂਤ ਹੋ ਗਿਆ ਹੈ। ਹਰ ਪਾਸੇ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।
ਬਲਜੀਤ ਸਿੰਘ ਬੱਲੀ ਕੋਹਲੀ 15 ਜੁਲਾਈ, ਸ਼ੁਕਰਵਾਰ ਰਾਤ ਨੂੰ ਪਟਿਆਲਾ ਦੇ ਡੀ.ਐਮ.ਡਬਲਿਊ ਨੇੜੇ ਇਕ ਸੜਕ ਹਾਦਸੇ ਵਿਚ ਸਿਰ ਵਿਚ ਸੱਟ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਹਾਦਸਾ ਉਸ ਵੇਲੇ ਹੋਇਆ ਜਦੋਂ ਉਹ ਰਾਤ ਦੇ ਸ਼ਾਮ ਲਗਭਗ 7 ਵਜੇ ਸਕੂਟਰ ਉਤੇ ਜਾ ਰਹੇ ਸੀ ਤਾਂ ਕਿਸੇ ਨਾ-ਮਾਲੂਮ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਣ ਕਾਰਨ ਉਨ੍ਹਾਂ ਦਾ ਇਕ ਵੱਡੇ ਨਿੱਜੀ ਹਸਪਤਾਲ ਵਿਚ ਆਪ੍ਰੇਸ਼ਨ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਦੋਸਤ ਅਤੇ ਕਈ ਪੱਤਰਕਾਰ ਪਹੁੰਚੇ ਸਨ। ਹਾਲਤ ਸੀਰੀਅਸ ਹੋਣ ਕਾਰਨ ਅੱਜ ਉਨ੍ਹਾਂ ਦੇ ਦੇਹਾਂਤ ਦੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਤਾਂ ਸਭ ਹੱਕੇ ਬੱਕੇ ਰਹਿ ਗਏ। ਜਿਸ ਕਿਸੇ ਨੂੰ ਵੀ ਉਨ੍ਹਾਂ ਦੀ ਮੌਤ ਦੀ ਖਬਰ ਮਿਲਦੀ ਜਾ ਰਹੀ ਹੈ ਉਹ ਭਾਰੀ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। ਇਸ ਸੰਬੰਧ ਵਿਚ ਪੁਲਿਸ ਨੇ ਉਨ੍ਹਾਂ ਸਪੁੱਤਰ ਰਮਨਪ੍ਰੀਤ ਸਿੰਘ ਦੇ ਬਿਆਨਾਂ ਉਤੇ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਐਫ.ਆਈ.ਆਰ ਨੰਬਰ 116 ਮਿਤੀ 17 ਜੁਲਾਈ 2022 ਅਧੀਨ ਧਾਰਾ 279, 337, 338, 427 ਮੁੱਕਦਮਾ ਦਰਜ਼ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਬਲਜੀਤ ਸਿੰਘ ਕੋਹਲੀ ਹੋਰਾਂ ਨੂੰ ਸ਼ੁਰੂ ਤੋਂ ਹੀ ਸਭ ਪਿਆਰ ਨਾਲ ਬੱਲੀ ਕੇ ਬੁਲਾਉਂਦੇ ਸਨ ਜਿਸ ਕਰਕੇ ਲੋਕਾਂ ਵਿਚ ਉਨ੍ਹਾਂ ਦਾ ਨਾਂਅ ਬਲਜੀਤ ਸਿੰਘ ਬੱਲੀ ਕੋਹਲੀ ਪ੍ਰਸਿੱਧ ਹੋ ਗਿਆ।
ਪਟਿਆਲਾ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਸਮੂਹ ਮੈਂਬਰ ਪੱਤਰਕਾਰ ਬਲਜੀਤ ਸਿੰਘ ਬੱਲੀ ਕੋਹਲੀ ਦੇ ਦੇਹਾਂਤ ਉਤੇ ਬਹੁਤ ਹੀ ਗਹਿਰੇ ਸਦਮੇ ਵਿਚ ਹਨ। ਉਨ੍ਹਾਂ ਦਾ ਸਮੂਹ ਪੱਤਰਕਾਰ ਭਾਈਚਾਰੇ ਨਾਲ ਬਹੁਤ ਪਿਆਰ ਸੀ। ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਬਹੁਤ ਦੁਖੀ ਮਨ ਦੇ ਨਾਲ ਕਲੱਬ ਦੇ ਮੈਂਬਰਾਂ ਅਤੇ ਬਲਜੀਤ ਸਿੰਘ ਬੱਲੀ ਕੋਹਲੀ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਪਟਿਆਲਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਬਲਜੀਤ ਜੀ ਦੇ ਸੜਕ ਹਾਦਸੇ ਦੇ ਦੋਸ਼ੀਆਂ ਦੀ ਭਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਦੇ ਨਾਲ ਹੀ ਚੇਅਰਮੈਨ ਅਸ਼ੋਕ ਵਰਮਾ ਨੇ ਸਮੂਹ ਪੱਤਰਕਾਰਾਂ ਵਲੋਂ ਸਾਂਝੇ ਤੌਰ ਉੱਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਬਲਜੀਤ ਸਿੰਘ ਬੱਲੀ ਕੋਹਲੀ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਸਹਿਯੋਗ ਅਤੇ ਮਦਦ ਦਿੱਤੀ ਜਾਵੇ।
ਦੱਸਣਯੋਗ ਹੈ ਕਿ ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਦਾ ਸਸਕਾਰ ਅੱਜ ਪਟਿਆਲਾ ਦੀ ਰਾਜਪੁਰਾ ਰੋਡ ਨੇੜੇ ਸਥਿਤ ਵੀਰ ਜੀ ਸ਼ਮਸ਼ਾਨ ਘਾਟ ਵਿਖੇ ਦੋਪਹਿਰ ਲਗਭਗ 2 ਵਜੇ ਕੀਤਾ ਗਿਆ। ਬਲਜੀਤ ਬੱਲੀ ਦੇ ਸਸਕਾਰ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਤੋਂ ਅਲਾਵਾ ਵੱਖ ਸਿਆਸੀ ਆਗੂ, ਉਨ੍ਹਾਂ ਦੇ ਪ੍ਰਤੀਨਿਧੀ, ਵਪਾਰੀ, ਸਮਾਜ ਸੇਵਕ ਅਤੇ ਹੋਰਾਂ ਨੇ ਵੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪਟਿਆਲਾ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ, ਚੇਅਰਮੈਨ ਅਸ਼ੋਕ ਵਰਮਾ, ਜਨਰਲ ਸਕੱਤਰ ਚਰਨਜੀਤ ਸਿੰਘ ਕੋਹਲੀ, ਸੀਨੀਅਰ ਪੱਤਰਕਾਰ ਸ਼ਿਵ ਨਰਾਇਣ ਜਾਂਗੜਾ, ਜਸਬੀਰ ਸਿੰਘ ਸੁਖੀਜਾ, ਜਗਜੀਤ ਸਿੰਘ ਸੱਗੂ, ਜਗਦੀਸ਼ ਗੋਇਲ, ਕਿਰਨ ਵਸ਼ਿਸ਼ਟ, ਬਿੰਦਰ ਬਾਤਿਸ਼, ਬਲਜੀਤ ਸਰਨਾ, ਸੁਰਜੀਤ ਗਰੋਵਰ ਤੇ ਹੋਰਾਂ ਨੇ ਮ੍ਰਿਤਕ ਦੇਹ ਦੀ ਚਿਤਾ ਉਤੇ ਫੁੱਲਾਂ ਦੀ ਰੀਥ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਤੋਂ ਅਲਾਵਾ ਪੱਤਰਕਾਰ ਨਵਦੀਪ ਢੀਂਗਰਾ, ਬਲਜੀਤ ਬੇਦੀ, ਸੁਦਰਸ਼ਨ ਮਿੱਤਲ, ਜਿਤੇਸ਼ ਜੌਲੀ, ਪਰਮਜੀਤ ਸਿੰਘ ਪੰਮੀ ਬੇਦੀ, ਕੁਲਦੀਪ ਸਿੰਘ, ਚਰਨਜੀਤ ਸਿੰਘ ਚੰਨੀ, ਪਰਮਜੀਤ ਸਿੰਘ ਪਟਵਾਰੀ, ਕੰਵਰਜੀਤ ਸਿੰਘ ਬੇਦੀ, ਸਤਿੰਦਰ ਮੋਹਨ ਸਿੰਘ, ਪਵਨ ਸਿੰਗਲਾ, ਸੈਂਡੀ ਵਾਲੀਆ, ਤਰਨ ਠੁਕਰਾਲ, ਰਜਨੀਸ਼ ਸਕਸੈਨਾ, ਜਗਦੀਸ਼ ਰਾਇਕਾ, ਰਿੰਕੂ ਜੋਸ਼ਨ, ਦਮਨਪ੍ਰੀਤ ਸਿੰਘ, ਮਨੋਜ ਸ਼ਰਮਾ ਅਤੇ ਭਾਰੀ ਗਿਣਤੀ ਹੋਰ ਪੱਤਰਕਾਰ ਵੀ ਮੌਜ਼ੂਦ ਰਹੇ।
ਉਪਰੋਕਤ ਤੋਂ ਅਲਾਵਾ ਮਹਾਰਾਣੀ ਪਰਨੀਤ ਕੌਰ ਵੱਲੋਂ ਉਨ੍ਹਾਂ ਦੇ ਓ ਐਸ ਡੀ ਬਲਵਿੰਦਰ ਸਿੰਘ, ਪਟਿਆਲਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨਰਿੰਦਰ ਲਾਲੀ, ਕਾਂਗਰਸੀ ਆਗੂ ਅਨੁਜ ਤ੍ਰਿਵੇਦੀ, ਵਿਸ਼ਨੂੰ ਸ਼ਰਮਾ, ਸੰਦੀਪ ਬੰਧੂ ਅਤੇ ਹੋਰ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸੀ। ਸਸਕਾਰ ਦੇ ਮੌਕੇ ਸਭ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਅਤੇ ਲੋਕ ਬਲਜੀਤ ਬੱਲੀ ਦੀਆਂ ਯਾਦਾਂ ਦੀਆਂ ਗੱਲਾਂ ਕਰ ਰਹੇ ਸਨ।
Newsline Express
???? ਪੱਤਰਕਾਰਾਂ ਤੋਂ ਦੂਰ ਰਹਿਣ ਵਾਲੀ ਭਗਵੰਤ ਮਾਨ ਸਰਕਾਰ ਨੇ ਪੱਤਰਕਾਰ ਦੀ ਮੌਤ ਉਤੇ ਵੀ ਬਣਾਈ ਦੂਰੀ ; ਲੋਕਾਂ ਵਿਚ ਬਣਿਆ ਚਰਚਾ ਦਾ ਵਿਸ਼ਾ
ਪਟਿਆਲਾ, 18 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਦੇ ਸੀਨੀਅਰ ਪਤਰਕਾਰ ਬਲਜੀਤ ਸਿੰਘ ਬੱਲੀ ਕੋਹਲੀ ਦੇ ਸਸਕਾਰ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੈਰ ਮੌਜੂਦਗੀ ਦੇਖਣ ਨੂੰ ਮਿਲੀ ਜੋਕਿ ਲਗਭਗ ਸਭ ਨੂੰ ਚੁੱਭ ਰਹੀ ਸੀ। ਕੁਝ ਲੋਕਾਂ ਨੂੰ ਸ਼ਰੇਆਮ ਕਹਿੰਦੇ ਦੇਖਿਆ ਗਿਆ ਕਿ ਮੀਡੀਆ ਤੋਂ ਦੂਰ ਰਹਿਣ ਵਾਲੀ ਸਰਕਾਰ ਕੀ ਹੁਣ ਪੱਤਰਕਾਰਾਂ ਦੀ ਮੌਤ ਉਤੇ ਵੀ ਨਹੀਂ ਆਵੇਗੀ !! ਕੁਝ ਪੱਤਰਕਾਰਾਂ ਨੇ ਵੀ ਮੌਜੂਦਾ ਸਰਕਾਰ ਉਤੇ ਛਿੰਟਾਕੱਸੀ ਕਰਦਿਆਂ ਨਾਰਾਜ਼ਗੀ ਪ੍ਰਗਟ ਕੀਤੀ। ਕੁਝ ਇੱਕ ਇਨ੍ਹਾਂ ਸਿਆਸੀ ਲੋਕਾਂ ਦੇ ਬਾਈਕਾਟ ਦੀ ਵੀ ਗੱਲ ਕਰਦੇ ਦੇਖੇ ਗਏ। *Newsline Express*