????ਸਾਬਕਾ CM ਚੰਨੀ ਦੀ SMO ਭਾਬੀ ਨੇ ਦਿੱਤਾ ਅਸਤੀਫ਼ਾ; ਖਰਾਬ ਪੱਖੇ ਤੇ ਗੰਦੇ ਬਾਥਰੂਮ ਨੂੰ ਲੈ ਕੇ ਭੜਕੇ ਸੀ ਸਿਹਤ ਮੰਤਰੀ ਜੋੜੇਮਾਜਰਾ
ਖਰੜ, 2 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਸਖ਼ਤੀ ਸਾਬਕਾ ਸੀਐਮ ਚਰਨਜੀਤ ਚੰਨੀ ਦੀ ਭਾਬੀ ‘ਤੇ ਵੀ ਡਿੱਗੀ ਹੈ। ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਦੀ ਪਤਨੀ ਡਾ: ਮਨਿੰਦਰ ਕੌਰ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਖਰੜ ਦੇ ਸਿਵਲ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਵਜੋਂ ਤਾਇਨਾਤ ਸੀ। ਕੁਝ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਖਰੜ ਹਸਪਤਾਲ ਦਾ ਦੌਰਾ ਕੀਤਾ ਸੀ ਜਿਸ ਵਿੱਚ ਵਾਰਡ ਵਿੱਚ ਪੱਖੇ ਨਾ ਚਲਾਉਣ ਅਤੇ ਵਾਸ਼ਰੂਮਾਂ ਦੀ ਸਫ਼ਾਈ ਨਾ ਕਰਨ ਲਈ ਐਸ.ਐਮ.ਓ ‘ਤੇ ਭੜਕੇ ਸੀ।
ਇਸ ਤੋਂ ਬਾਅਦ ਡਾ: ਮਨਿੰਦਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਵਿਖੇ ਕਰ ਦਿੱਤਾ ਗਿਆ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ 20 ਜੁਲਾਈ ਨੂੰ ਖਰੜ ਦੇ ਹਸਪਤਾਲ ਪਹੁੰਚੇ ਸੀ। ਉਨ੍ਹਾਂ ਨਾਲ ਸਥਾਨਕ ਵਿਧਾਇਕ ਅਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਮੌਜੂਦ ਸਨ।ਡਾ: ਮਨਿੰਦਰ ਕੌਰ ਨੇ ਕਿਹਾ ਕਿ ਉਸਨੇ ਨਿੱਜੀ ਕਾਰਨਾਂ ਕਰਕੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ 10 ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ।