???? 22 ਨੰਬਰ ਫਾਟਕ ਪੁੱਲ ਦੇ ਨੇੜੇ ਕੱਟੇ ਗਏ ਦਰੱਖਤਾਂ ਦਾ ਮਾਮਲਾ ਹੋਰ ਭੱਖਿਆ ; ਸਮਾਜ ਸੇਵੀਆਂ ਦੀ ਸ਼ਿਕਾਇਤ ਅਤੇ ਅਖ਼ਬਾਰਾਂ ਵਿਚ ਛੱਪੀਆਂ ਖ਼ਬਰਾਂ ਦੀ ਨਹੀਂ ਕਿਸੇ ਨੂੰ ਪਰਵਾਹ !
???? ਪਟਿਆਲਾ ਪ੍ਰਸ਼ਾਸਨ ਵੱਲੋ ਪੁਲਿਸ ਕੇਸ ਦਰਜ਼ ਕਰਨ ਦੇ ਆਦੇਸ਼ਾਂ ਦੇ ਬਾਵਜੂਦ ਪੁਲਿਸ ਨੇ ਨਹੀਂ ਕੀਤੀ ਕਾਰਵਾਈ : ਐਡਵੋਕੇਟ ਪ੍ਰਭਜੀਤਪਾਲ ਸਿੰਘ
???? ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰਮੁਕਤ ਪ੍ਰਸ਼ਾਸਨ ਦੇਣ ਦੇ ਦਾਅਵਿਆਂ ਨੂੰ ਠੁੱਸ ਕਰਨ ਉਤੇ ਲੱਗੇ ਹੋਏ ਹਨ ਕਈ ਸਰਕਾਰੀ ਅਧਿਕਾਰੀ : ਐਡਵੋਕੇਟ ਪਭਜੀਤ ਪਾਲ ਸਿੰਘ
???? ਨਗਰ ਨਿਗਮ ਅਧਿਕਾਰੀਆਂ ਤੇ ਪੁਲਿਸ ਚੌਂਕੀ ਇੰਚਾਰਜ ਵਿਰੁੱਧ ਕਾਰਵਾਈ ਅਤੇ ਵਿਜੀਲੈਂਸ ਜਾਂਚ ਦੀ ਮੰਗ
ਪਟਿਆਲਾ, 3 ਅਗਸਤ – ਗਰੋਵਰ, ਵਰਮਾ, ਨਿਊਜ਼ਲਾਈਨ ਐਕਸਪ੍ਰੈਸ ਬਿਓਰੋ – ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਵਕੀਲ ਪ੍ਰਭਜੀਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ਼ਹਿਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਜਿੱਥੇ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਅਧਿਕਾਰੀਆਂ/ਕਰਮਚਾਰੀਆਂ ਤੇ ਪੁਲਿਸ ਦੀਆਂ ਨਾਕਾਮੀਆਂ ਦੇ ਚਰਚੇ ਵੀ ਸ਼ਰੇਆਮ ਹੋਣ ਲੱਗ ਪਏ ਹਨ। ਇਸੇ ਤਰ੍ਹਾਂ 4 ਹਫ਼ਤੇ ਪਹਿਲਾਂ ਪਟਿਆਲੇ ਦੇ 22 ਨੰਬਰ ਫਾਟਕ ਪੁੱਲ ਦੇ ਹੇਠਾਂ ਦੋਨੋਂ ਤਰਫ ਤੋਂ ਕੱਟੇ ਗਏ ਦਰੱਖਤਾਂ ਉਤੇ ਕਾਰਵਾਈ ਨਾ ਕਰਨ ਦਾ ਮਾਮਲਾ ਭੱਖਦਾ ਜਾ ਰਿਹਾ ਹੈ।
ਪਟਿਆਲਾ ਵਿਚ ਦਰੱਖਤਾਂ ਦੀ ਕਟਾਈ ਸਬੰਧੀ ਮਾਮਲਾ ਕੁਝ ਸਮਾਜ ਸੇਵਕਾਂ ਨੇ ਚੁੱਕਿਆ ਸੀ ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਅਖ਼ਬਾਰਾਂ ਵਿਚ ਖਬਰਾਂ ਵੀ ਛਪੀਆਂ ਸੀ। ਪੰਜਾਬੀ ਅਖ਼ਬਾਰ ਨਿਊਜ਼ਲਾਈਨ ਐਕਸਪ੍ਰੈਸ ਨੇ ਵੀ ਇਹ ਮੁੱਦਾ ਗੰਭੀਰਤਾ ਨਾਲ ਚੁੱਕਿਆ ਸੀ। ਇਸ ਸਬੰਧ ਵਿਚ ਅਧਿਕਾਰੀਆਂ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਦੇ ਦਿੱਤੀਆਂ ਗਈਆਂ ਸਨ, ਪਰੰਤੂ ਸਾਇਦ ਕੁੱਝ ਅਧਿਕਾਰੀਆਂ, ਠੇਕੇਦਾਰਾਂ ਅਤੇ ਪੁਲਿਸ ਵਾਲਿਆਂ ਦੀ ਮਿਲੀਭੁਗਤ ਕਾਰਨ ਸ਼ਿਕਾਇਤਕਰਤਾਵਾਂ ਦੀ ਖੱਜਲ ਖੁਆਰੀ ਤੋਂ ਅਲਾਵਾ ਕੁੱਝ ਨਹੀਂ ਹੋਇਆ। ਸਗੋਂ ਨਗਰ ਨਿਗਮ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਨਗਰ ਨਿਗਮ ਵੱਲੋਂ ਭੇਜੀ ਰਿਪੋਰਟ ਉਤੇ ਵੀ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੈ। ਇਹ ਸਭ ਨੂੰ ਦੇਖਦੇ ਹੋਏ ਐਡਵੋਕੇਟ ਪ੍ਰਭਜੀਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਾਜ ਸੇਵੀ ਸਾਥੀਆਂ ਨੇ ਵਿਜੀਲੈਂਸ ਜਾਂਚ ਦੀ ਮੰਗ ਕਰ ਦਿੱਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਨਗਰ ਨਿਗਮ ਪਟਿਆਲਾ ਦੇ ਜੁਆਇੰਟ ਕਮਿਸ਼ਨਰ ਅਤੇ ਸਬੰਧਤ ਇਲਾਕੇ ਦੇ ਪੁਲਿਸ ਇੰਚਾਰਜ ਨੂੰ ਵੀ ਘੇਰ ਲਿਆ ਹੈ ਅਤੇ ਇਨ੍ਹਾਂ ਵਿਰੁੱਧ ਬਣਦੀ ਕਾਰਵਾਈ ਕਰਨ ਸਮੇਤ ਵਿਜੀਲੈਂਸ ਜਾਂਚ ਦੀ ਮੰਗ ਵੀ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਪਟਿਆਲਾ ਦੇ 22 ਨੰਬਰ ਫਾਟਕ ਵਾਲੇ ਪੁੱਲ ਦੇ ਹੇਠਾਂ ਬਹੁਤ ਸੁੰਦਰ ਪਾਰਕ ਤੇ ਗਰੀਲਾਂ ਲੱਗੀਆਂ ਹੋਈਆਂ ਸਨ ਜੋਂ ਕਾਰਪੋਰੇਸ਼ਨ ਨੇ ਬਿਨਾਂ ਕੁਝ ਸੋਚੇ-ਸਮਝੇ ਇੰਟਰਲਾਕਿੰਗ ਟਾਈਲਾਂ ਲਗਾਉਣ ਲਈ ਐਨ.ਜੀ.ਟੀ. (ਨੈਸ਼ਨਲ ਗਰੀਨ ਟ੍ਰਿਬਿਊਨਲ) ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਪੁੱਲ ਦੇ ਦੋਨੋਂ ਤਰਫ ਤੋਂ ਸੈਂਕੜੇ ਦਰਖ਼ਤ ਕੱਟ ਦਿੱਤੇ ਗਏ, ਉਨ੍ਹਾਂ ਵਲੋਂ ਮੋਕੇ ’ਤੇ ਪਹੁੰਚ ਕੇ ਕਟਾਈ ਦਾ ਵਿਰੋਧ ਕੀਤਾ ਤੇ ਚਲਦੇ ਕੰਮ ਨੂੰ ਰੁਕਵਾਇਆ ਗਿਆ। ਉਨ੍ਹਾਂ ਕਿਹਾ ਕਿ ਡੀ.ਸੀ. ਪਟਿਆਲਾ ਨੂੰ ਸ਼ਿਕਾਇਤ ਕੀਤੀ ਤਾਂ ਏ.ਡੀ.ਸੀ. ਪਟਿਆਲਾ ਨੇ ਤੁਰੰਤ ਕਾਰਪੋਰੇਸ਼ਨ ਪਟਿਆਲਾ ਨੂੰ ਕਟਾਈ ਰੁਕਵਾ ਕੇ ਪੜਤਾਲ ਕਰਨ ਲਈ ਕਿਹਾ, ਪਰ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਦਰਖਤਾਂ ਦੀ ਕਟਾਈ ਚੱਲਦੀ ਪੜਤਾਲ ਦੌਰਾਨ ਵੀ ਕਰ ਦਿੱਤੀ ਗਈ, ਜਿਸ ਸਬੰਧੀ ਕਾਰਪੋਰੇਸ਼ਨ ਕਮਿਸ਼ਨਰ, ਪਟਿਆਲਾ ਅਤੇ ਪ੍ਰੈਸ ਨੂੰ ਇਤਲਾਹ ਦਿੱਤੀ ਗਈ ਹੈ ਅਤੇ ਖੜ੍ਹੇ ਦਰਖਤਾਂ ਸਮੇਤ ਓਹੀ ਦਰਖੱਤਾਂ ਦੇ ਕੱਟੇ ਹੋਣ ਦੀਆਂ ਤਸਵੀਰਾਂ ਪ੍ਰਕਾਸ਼ਿਤ ਵੀ ਹੋਈਆਂ। ਇਸ ਸਾਰੇ ਘਟਨਾਕ੍ਰਮ ’ਤੇ ਨਿਗਮ ਕਮਿਸ਼ਨਰ ਨੇ ਕਾਰਵਾਈ ਦਾ ਵੀ ਭਰੋਸਾ ਦਿੱਤਾ।
ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਅੱਗੇ ਦੱਸਿਆ ਕਿ ਡੀ.ਸੀ ਪਟਿਆਲਾ ਵੱਲੋਂ ਮਾਰਕ ਕੀਤੀ ਪੜਤਾਲ ਸਬੰਧੀ ਸੰਯੁਕਤ ਕਮਿਸ਼ਨਰ ਨਗਰ ਨਿਗਮ ਨੇ ਕਾਰਪੋਰੇਸ਼ਨ ਦੀ ਸਾਖ ਨੂੰ ਬਚਾਉਣ ਦੀ ਨੀਯਤ ਨਾਲ ਗਲਤ ਤੱਥਾਂ ਦੇ ਆਧਾਰ ’ਤੇ ਸੱਚਾਈ ਤੋਂ ਕੋਹਾਂ ਦੂਰ ਸੋਚੀ ਸਮਝੀ ਸਾਜ਼ਿਸ਼ ਤਹਿਤ ਰਿਪੋਰਟ ਤਿਆਰ ਕੀਤੀ ਜਿਸਨੂੰ ਪੜ੍ਹਣ ਅਤੇ ਵਾਚਣ ਨਾਲ ਹੀ ਸਾਜਿਸ਼ ਸਾਹਮਣੇ ਆ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੀ ਇਨਕੁਆਇਰੀ ਰਿਪੋਰਟ ਵਿੱਚ ਇੱਕ ਪਾਸੇ ਤਾਂ ਲਿਖਿਆ ਗਿਆ ਹੈ ਕਿ ਪੁੱਲ ਕੋਲ ਕੋਈ ਦਰੱਖ਼ਤ ਹੈ ਹੀ ਨਹੀਂ ਸੀ, ਸਿਰਫ਼ ਘਾਹ ਫੂਸ ਹੀ ਸੀ, ਜਦਕਿ ਦੂੱਜੇ ਪਾਸੇ ਉਸੇ ਰਿਪੋਰਟ ਵਿਚ ਐਨ.ਵਾਈ.ਸੀ. ਕੰਪਨੀ ਦੇ ਮਾਲਿਕ, ਜੋ ਪਾਰਕਿੰਗ ਬਣਾ ਰਹੇ ਸਨ, ਦੇ ਬਿਆਨ ਦਾ ਜ਼ਿਕਰ ਹੈ ਕਿ ਨਗਰ ਨਿਗਮ ਸਮੇਤ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਰਾਤ ਨੂੰ ਕੋਈ 10-11 ਵਜੇ ਦੇ ਲਗਭਗ ਦਰਖ਼ਤ ਕੱਟ ਗਿਆ। ਹੁਣ ਕੋਈ ਸਿਆਨਾ ਅਧਿਕਾਰੀ ਦੱਸ ਦੇਵੇ ਕਿ ਜਦੋਂ ਕੋਈ ਦਰਖੱਤ ਹੈ ਹੀ ਨਹੀਂ ਸੀ ਤਾਂ ਕੱਟਿਆ……… ਕੀ ??
ਪ੍ਰਭਜੀਤ ਹੋਰਾਂ ਨੇ ਦੱਸਿਆ ਕਿ ਜੇਕਰ ਉਥੇ ਦਰੱਖਤ ਹੀ ਨਹੀਂ ਸੀ ਤਾਂ ਅਖ਼ਬਾਰਾਂ ਵਿੱਚ ਦਰੱਖਤ, ਕੱਟ ਰਹੀ ਜੇ.ਸੀ.ਬੀ ਮਸ਼ੀਨ ਅਤੇ ਕੱਟੇ ਹੋਏ ਦਰੱਖਤ ਲੈ ਕੇ ਜਾਂਦੀ ਟਰੈਕਟਰ ਟਰਾਲੀ ਵਗੈਰਾ ਦੀਆਂ ਫੋਟੋਆਂ ਕਿਵੇਂ ਛੱਪ ਗਈਆਂ!! ਉਨ੍ਹਾਂ ਕਿਹਾ ਕਿ ਪੁਲਿਸ ਅਤੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਨਿਜੀ ਵਿਅਕਤੀਆਂ ਨਾਲ ਮਿਲੀਭੁਗਤ ਹੋਣ ਕਰਕੇ ਮਨਘੜੰਤ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ। ਪ੍ਰਭਜੀਤ ਪਾਲ ਸਿੰਘ ਹੋਰਾਂ ਨੇ ਕਈ ਹੋਰ ਹੈਰਾਨੀਜਨਕ ਗੱਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਸਰਕਾਰੀ ਅਧਿਕਾਰੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰਮੁਕਤ ਪ੍ਰਸ਼ਾਸਨ ਦੇਣ ਦੇ ਦਾਅਵਿਆਂ ਨੂੰ ਠੁੱਸ ਕਰਨ ਉਤੇ ਲੱਗੇ ਹੋਏ ਹਨ। ਇਸ ਲਈ ਵੀ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਜ਼ਰੂਰੀ ਹੈ।
ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਏ.ਡੀ.ਸੀ ਪਟਿਆਲਾ ਸ੍ਰ. ਗੁਰਪ੍ਰੀਤ ਸਿੰਘ ਥਿੰਦ ਦੇ ਦਫ਼ਤਰ ਤੋਂ ਬਾਹਰ ਹੋਣ ਉਤੇ ਇਸ ਸਬੰਧ ਵਿਚ ਐਡਵੋਕੇਟ ਪ੍ਰਭਜੀਤਪਾਲ ਸਿੰਘ ਦੀ ਅਗਵਾਈ ਵਿੱਚ ਸਮਾਜ ਸੇਵੀਆਂ ਵੱਲੋਂ ਐਸ.ਡੀ.ਐਮ ਪਟਿਆਲਾ ਸ੍ਰੀਮਤੀ ਇਸਮਤ ਵਿਜੇ ਸਿੰਘ ਨੂੰ ਮੰਗ ਪੱਤਰ ਦੇ ਕੇ ਨਗਰ ਨਿਗਮ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਅਤੇ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। Newsline Express