???? ਸਮਾਣਾ ਵਿੱਚ ਤਿਰੰਗਾ ਯਾਤਰਾ ਦੌਰਾਨ ਉਲਟੇ ਝੰਡੇ ਫੜ੍ਹ ਕੇ ਖਿਚਾਈਆਂ ਤਸਵੀਰਾਂ
???? ਗਲਤੀ ਦੱਸਣ ਵਾਲੇ ਨੂੰ ਵ੍ਹਟਸਐਪ ਗਰੁੱਪ ‘ਚੋਂ ਕੱਢਿਆ ਬਾਹਰ
???? ਹਰ ਘਰ ਝੰਡਾ ਲਹਿਰਵਾਉਣ ਤੋਂ ਪਹਿਲਾਂ ਸਿੱਧਾ ਝੰਡਾ ਫੜ੍ਹਨਾ ਸਿਖਾਇਆ ਜਾਵੇ ਜ਼ਿਆਦਾ ਪੜ੍ਹੇ ਲਿਖਿਆਂ ਨੂੰ : ਵਿਸ਼ਾਲ ਜਿੰਦਲ
ਸਮਾਣਾ/ਪਟਿਆਲਾ, 12 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦੇਸ਼ ਭਰ ਵਿਚ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਚਾਅ ਵਿਚ ਹਰ ਪਾਸੇ ਤਿਰੰਗੇ ਹੀ ਤਿਰੰਗੇ ਦਿਖਾਈ ਦੇਣ ਦੀਆਂ ਸਰਕਾਰੀ ਅਤੇ ਨਿੱਜੀ ਤੌਰ ਉਤੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਹੋ ਰਹੀਆਂ ਹਨ। ਹਰ ਘਰ ਤਿਰੰਗਾ ਝੰਡਾ ਲਹਿਰਾਉਣ ਦੀ ਮੁਹਿੰਮ ਜ਼ੋਰਾਂ ਉਤੇ ਹੈ। ਇਸੇ ਲੜੀ ਦੇ ਤਹਿਤ ਅੱਜ ਹਰ ਪਾਸੇ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਪ੍ਰੰਤੂ, ਕਈ ਆਪ ਮੁਹਾਰੇ ਲੋਕ ਆਪਣੇ ਆਪ ਨੂੰ ਵੱਡੇ ਦੇਸ਼ ਭਗਤ ਦਰਸਾਉਣ ਲਈ ਫੋਟੋਆਂ ਖਿਚਵਾਉਣ ਦੇ ਚੱਕਰ ਵਿੱਚ ਇਹ ਵੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਝੰਡਾ ਸਿੱਧਾ ਫੜਿਆ ਹੋਇਆ ਹੈ ਜਾਂ ਉਲਟਾ। ਇਸ ਲਈ ਹਰ ਘਰ ਝੰਡਾ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਝੰਡੇ ਦਾ ਕਿਸੇ ਵੀ ਤਰ੍ਹਾਂ ਅਪਮਾਨ ਨਾ ਹੋਵੇ, ਝੰਡਾ ਸਿੱਧਾ ਫੜਨ, ਸਿੱਧਾ ਲਹਿਰਾਉਣ ਦੇ ਨਾਲ ਨਾਲ ਇਹ ਵੀ ਲੋਕਾਂ ਨੂੰ ਸਿਖਾਇਆ ਜਾਵੇ ਕਿ ਝੰਡਾ ਫਟਿਆ ਹੋਇਆ ਨਾ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨੂੰ ਸਮਾਣਾ ਦੇ ਸਮਾਜ ਸੇਵੀ ਵਿਸ਼ਾਲ ਜਿੰਦਲ ਨੇ ਦੱਸਿਆ ਕਿ ਅੱਜ ਸਮਾਣਾ ਵਿਖੇ ਤਿਰੰਗਾ ਯਾਤਰਾ ਦੇ ਇੱਕ ਵੱਡੇ ਸਮਾਗਮ ਦੌਰਾਨ ਕੁੱਝ ਪੜ੍ਹੇ ਲਿਖੇ ਆਗੂਆਂ ਨੇ ਉਲਟਾ ਝੰਡਾ ਫੜਿਆ ਹੋਇਆ ਸੀ। ਇਨ੍ਹਾਂ ਵਿਚ ਇੱਕ ਬੈਂਕ ਮੈਨੇਜਰ ਤੱਕ ਨੇ ਵੀ ਉਲਟਾ ਝੰਡਾ ਫੜਿਆ ਹੋਇਆ ਸੀ। ਜਦੋਂ ਇਹ ਤਸਵੀਰਾਂ ਵ੍ਹਟਸਐਪ ਗਰੁੱਪਾਂ ਰਾਹੀਂ ਵਾਇਰਲ ਹੋ ਕੇ ਲੋਕਾਂ ਤੱਕ ਪਹੁੰਚੀਆਂ ਤਾਂ ਹਰ ਪਾਸੇ ਚਰਚਾਵਾਂ ਸ਼ੁਰੂ ਹੋ ਗਈਆਂ।
ਦੇਸ਼ ਭਗਤੀ ਦੀ ਭਾਵਨਾ ਰੱਖਣ ਵਾਲੇ ਵਿਸ਼ਾਲ ਨੇ ਜਦੋਂ ਇਹ ਗੱਲ ਵਿੱਚ ਲਿਆਂਦੀ ਤਾਂ ਆਪਣੀ ਗਲਤੀ ਮੰਨਣ ਦੀ ਥਾਂ ਉਲਟਾ ਤਿਰੰਗਾ ਯਾਤਰਾ ਕਮੇਟੀ ਦੇ ਇੱਕ ਵਰਕਰ ਐਡਮਨ ਨੇ ਵਿਸ਼ਾਲ ਜਿੰਦਲ ਦਾ ਨਾਮ ਹੀ ਗਰੁੱਪ ਵਿਚੋਂ ਕੱਢ ਦਿੱਤਾ। ਜਿਸ ਕਾਰਨ ਮਾਮਲਾ ਹੋਰ ਭੱਖ ਗਿਆ ਕਿ ਝੰਡੇ ਦੇ ਅਪਮਾਨ ਨੂੰ ਰੋਕਣ ਲਈ ਕੋਸ਼ਿਸ਼ ਕਰਨ ਵਾਲੇ ਅਤੇ ਗਲਤੀ ਦੱਸਣ ਵਾਲੇ ਮੈਂਬਰ ਦਾ ਨਾਮ ਵ੍ਹਟਸਐਪ ਗਰੁੱਪ ਵਿਚੋਂ ਕੱਢ ਕੇ ਕੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਸਬੰਧੀ ਇਸ ਪੱਤਰਕਾਰ ਵਲੋਂ ਜਦੋਂ ਗਰੁੱਪ ਐਡਮਨ ਨੂੰ ਪੁੱਛਿਆ ਗਿਆ ਤਾਂ ਉਸਨੇ ਝੰਡਿਆਂ ਨੂੰ ਉਲਟੇ ਫੜ੍ਹ ਕੇ ਫੋਟੋਆਂ ਖਿਚਵਾਉਣ ਦੀ ਗਲਤੀ ਮੰਨੀ ਅਤੇ ਵਿਸ਼ਾਲ ਜਿੰਦਲ ਨੂੰ ਅਪਣਾ ਵੱਡਾ ਭਰਾ ਦੱਸਿਆ ਅਤੇ ਉਨ੍ਹਾਂ ਦਾ ਨਾਮ ਦੋਬਾਰਾ ਗਰੁੱਪ ਵਿਚ ਪਾਉਣ ਦੀ ਗੱਲ ਕਹੀ, ਪਰ ਦੇਰ ਰਾਤ ਤੱਕ ਅਜਿਹਾ ਨਹੀਂ ਕੀਤਾ ਗਿਆ ਸੀ।
ਉਧਰ, ਵਿਸ਼ਾਲ ਜਿੰਦਲ ਨੇ ਉਨ੍ਹਾਂ ਦਾ ਨਾਮ ਪਰਵੇਸ਼ ਗਰਗ ਵਲੋਂ ਗਰੁੱਪ ਵਿਚੋਂ ਕੱਢਣ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਆਪਣੇ ਆਪ ਨੂੰ ਵੱਡੇ ਦੇਸ਼ ਭਗਤ ਦਿਖਾਉਣ ਦਾ ਮਤਲਬ ਦੀ ਕੋਸ਼ਿਸ਼ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਆਪ ਭਾਵੇਂ ਝੰਡੇ ਦਾ ਅਪਮਾਨ ਕਰੀ ਜਾਣ, ਪਰ ਇਨ੍ਹਾਂ ਨੂੰ ਪੁੱਛੇ ਕੋਈ ਨਾ।
*Newsline Express*