ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਵੱਲੋਂ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਬਰਖ਼ਾਸਤ
ਸੰਵਿਧਾਨਕ ਕਦਰਾਂ ਕੀਮਤਾਂ ਨਾਲ ਛੇੜਛਾੜ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਲਾਲ ਚੰਦ ਕਟਾਰੂਚੱਕ
ਨੌਕਰੀ ਵਿੱਚ ਹੁੰਦਿਆਂ ਵਿਦੇਸ਼ੀ ਮੁਲਕ ਦੀ ਪੀ. ਆਰ. ਲੈਣਾ ਸਰਕਾਰੀ ਨਿਯਮਾਂ ਦੀ ਘੋਰ ਉਲੰਘਣਾ
ਚੰਡੀਗੜ੍ਹ, ਅਗਸਤ 20 : ਨਿਊਜ਼ਲਾਈਨ ਐਕਸਪ੍ਰੈਸ – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਵੇਲੇ ਇਹ ਅਹਿਦ ਕੀਤਾ ਸੀ ਕਿ ਸੂਬੇ ਦੇ ਲੋਕਾਂ ਨੂੰ ਇੱਕ ਸਾਫ ਸੁਥਰਾ ਅਤੇ ਸੁਚੱਜਾ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ। ਇਸ ਵਿੱਚ ਕੋਈ ਵੀ ਕੁਤਾਹੀ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨਾਲ ਛੇੜਛਾੜ ਸਹਿਣ ਨਹੀਂ ਕੀਤੀ ਜਾਵੇਗੀ। ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਅੱਜ ਇੱਕ ਅਧਿਕਾਰੀ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਨੂੰ ਆਪਣੇ ਫਰਜ਼ ਵਿੱਚ ਕੁਤਾਹੀ ਕਰਨ ਅਤੇ ਜ਼ਰੂਰੀ ਤੱਥ ਲੁਕਾਉਣ ਕਾਰਨ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਉਕਤ ਅਧਿਕਾਰੀ ਨੇ ਪੰਜਾਬ ਸਿਵਲ ਸਰਵਿਸਿਜ਼ ਰੂਲਜ਼, 1970 ਦੀ ਘੋਰ ਉਲੰਘਣਾ ਕਰਦੇ ਹੋਏ ਇਹ ਤੱਥ ਸਰਕਾਰ ਤੋਂ ਲੁਕਾਇਆ ਕਿ ਉਸਨੇ ਸਾਲ 2006 ਤੋਂ ਕੈਨੇਡਾ ਦੀ ਪੀ. ਆਰ. ਹਾਸਿਲ ਕੀਤੀ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਅਧਿਕਾਰੀ ਨੂੰ ਸਾਲ 2017 ਵਿੱਚ ਚਾਰਜਸ਼ੀਟ ਕੀਤਾ ਗਿਆ ਸੀ ਅਤੇ ਜਨਵਰੀ 29, 2019 ਨੂੰ ਦੋਸ਼ ਸਿੱਧ ਹੋ ਗਏ ਸਨ।
ਸ੍ਰੀ ਕਟਾਰੂਚੱਕ ਨੇ ਇਹ ਵੀ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਇੱਕ ਸੇਵਾਮੁਕਤ ਜੱਜ ਅਤੇ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਉਕਤ ਅਧਿਕਾਰੀ ਨੂੰ ਦੋਸ਼ਾਂ ਦੀ ਕਾਪੀ ਮੁਹੱਈਆ ਕਰਵਾਈ ਗਈ ਸੀ ਅਤੇ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ ਪਰ ਇਹ ਅਧਿਕਾਰੀ ਸੁਣਵਾਈ ਵਿੱਚ ਸ਼ਾਮਿਲ ਨਹੀਂ ਹੋਇਆ। ਇਸ ਦੇ ਮੱਦੇਨਜ਼ਰ ਉਕਤ ਅਧਿਕਾਰੀ ਨੂੰ ਅੱਜ ਬਰਖ਼ਾਸਤ ਕਰ ਦਿੱਤਾ ਗਿਆ ਹੈ।