???? ਸਿਮਰਨਜੀਤ ਸਿੰਘ ਮਾਨ ਦੀ ਹਿੰਦੂ ਵਿਰੋਧੀ ਬਿਆਨਬਾਜ਼ੀ ‘ਤੇ ਸਰਕਾਰ ਚੁੱਪ ਕਿਉਂ ? : ਵਿਜੇ ਕਪੂਰ
???? ਪਵਿੱਤਰ ਜਨੇਊ ਦੀ ਤੁਲਨਾ ਹਥਿਆਰ ਨਾਲ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ
???? ਸਿਮਰਨਜੀਤ ਮਾਨ ਦਾ ਪਾਕਿਸਤਾਨ ਪ੍ਰਤੀ ਪਿਆਰ ਉਸ ਦੀ ਦੇਸ਼ ਵਿਰੋਧੀ ਅਤੇ ਫਿਰਕੂ ਮਾਨਸਿਕਤਾ ਨੂੰ ਦਰਸਾਉਂਦਾ ਹੈ : ਸ਼ਿਵ ਸੈਨਾ ਪੰਜਾਬ
ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਇਕ ਤੋਂ ਬਾਅਦ ਇਕ ਵਿਵਾਦਿਤ ਬਿਆਨ ਦੇ ਰਹੇ ਹਨ ਅਤੇ ਮਾਨ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਵਿਜੇ ਕਪੂਰ ਨੇ ਸਿਮਰਨਜੀਤ ਸਿੰਘ ਮਾਨ ‘ਤੇ ਮੁੜ ਨਿਸ਼ਾਨਾ ਸਾਧਿਆ ਹੈ। ਵਿਜੇ ਕਪੂਰ ਨੇ ਕਿਹਾ ਕਿ ਸਿਮਰਨਜੀਤ ਮਾਨ ਦੇ ਸ਼ਬਦ ਉਨ੍ਹਾਂ ਦੀ ਦੇਸ਼ ਵਿਰੋਧੀ ਅਤੇ ਫਿਰਕੂ ਮਾਨਸਿਕਤਾ ਦਾ ਸਬੂਤ ਦਿੰਦੇ ਹਨ, ਇੰਝ ਜਾਪਦਾ ਹੈ ਕਿ ਉਹ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ‘ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਉਸਦੇ ਬਿਆਨਾਂ ਵਿਚ ਪਾਕਿਸਤਾਨ ਪ੍ਰਤੀ ਪਿਆਰ ਝਲਕਦਾ ਹੈ ਕਿਉਂਕਿ ਕਦੀ ਉਹ ਕਹਿੰਦਾ ਹੈ ਕਿ ਉਹ ਪਾਕਿਸਤਾਨ ਦਾ ਮਾਨ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਭਾਰਤ ਦਾ ਮਾਨ ਦੱਸਦਾ ਹੈ ਅਤੇ ਆਪਣੇ ਆਪ ਨੂੰ ਹਿੰਦੂਸਤਾਨ ਵਾਲੇ ਮਾਨ ਤੋਂ ਬਿਹਤਰ ਮਾਨ ਦੱਸਦਾ ਹੈ ਅਤੇ ਕਦੇ ਉਹ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਨੂੰ ਲਾਹੌਰ ਯੂਨੀਵਰਸਿਟੀ ਨਾਲ ਜੋੜਨ ਦੀ ਗੱਲ ਕਰਦਾ ਹੈ।
ਪਿਛਲੇ ਦਿਨੀਂ ਜਦੋਂ ਘਰੇਲੂ ਹਵਾਈ ਸਫ਼ਰ ਵਿਚ ਕਿਰਪਾਨ ਲਿਜਾਣ ਵਿਰੁੱਧ ਦਿੱਲੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਤਾਂ ਸਿਮਰਨਜੀਤ ਸਿੰਘ ਮਾਨ ਨੇ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਇਕ ਵਿਵਾਦਤ ਬਿਆਨ ਦਿੰਦੇ ਹੋਏ ਜਨੇਊ ਦੀ ਹਥਿਆਰ ਨਾਲ ਤੁਲਨਾ ਕਰਕੇ ਅੱਪਸ਼ਬਦ ਬੋਲੇ ਅਤੇ ਜਨੇਊ ਪਹਿਨਣ ਵਾਲੇ ਵਿਅਕਤੀ ਨੂੰ ਜਨੇਊ ਨਾਲ ਹਵਾਈ ਸਫ਼ਰ ਕਰਨ ਤੇ ਇਤਰਾਜ਼ ਜਤਾਇਆ। ਕਪੂਰ ਨੇ ਕਿਹਾ ਕਿ ਜਨੇਊ ਦਾ ਹਥਿਆਰ ਵਰਗੀ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਜਨੇਊ ਪਹਿਨਣਾ ਹਿੰਦੂ ਧਰਮ ਦੀ ਪਵਿੱਤਰ ਰਸਮ ਹੈ। ਜਨੇਊ ਦੇ ਤਿੰਨ ਧਾਗੇ ਰੱਬ, ਮਾਤਾ-ਪਿਤਾ ਅਤੇ ਗੁਰੂਆਂ ਪ੍ਰਤੀ ਆਸਥਾ ਦੇ ਸਿਧਾਂਤਾਂ ਨੂੰ ਦਰਸਾਉਂਦੇ ਹਨ ਅਤੇ ਇਸ ਤੋਂ ਇਲਾਵਾ ਇਸ ਨੂੰ ਪਹਿਨਣ ਲਈ ਵਿਗਿਆਨਕ ਆਧਾਰ ਵੀ ਹਨ, ਇਸਤੋਂ ਅਲਾਵਾ ਜਨੇਊ ਨਾਲ ਕਿਸੇ ਨੂੰ ਕੋਈ ਖਤਰਾ ਵੀ ਨਹੀਂ ਹੈ, ਪਰ ਸਿਮਰਨਜੀਤ ਸਿੰਘ ਮਾਨ ਇਨ੍ਹਾਂ ਗੱਲਾਂ ਤੋਂ ਜਾਣੂ ਨਹੀਂ ਹੈ। ਕਪੂਰ ਨੇ ਕਿਹਾ ਕਿ ਸਿੱਖ ਧਰਮ ਵਿਚ ਗਾਤਰਾ ਧਾਰਨ ਕਰਨਾ ਵੀ ਇਕ ਪਵਿੱਤਰ ਰਸਮ ਹੈ, ਜਿਸਦਾ ਉਹ ਪੂਰਾ ਸਤਿਕਾਰ ਕਰਦੇ ਹਨ, ਪਰ ਸਿਮਰਨਜੀਤ ਸਿੰਘ ਮਾਨ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਹੀ ਹਿੰਦੂ ਧਰਮ ਨੂੰ ਨਿਸ਼ਾਨਾ ਬਣਾਉਂਦਾ ਹੈ, ਜੋ ਉਸ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਇਸ ਦੇ ਨਾਲ ਹੀ ਵਿਜੇ ਕਪੂਰ ਨੇ ਪੰਜਾਬ ਸਰਕਾਰ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਦਾ ਰਵੱਈਆ ਸਿਮਰਨਜੀਤ ਸਿੰਘ ਮਾਨ ਪ੍ਰਤੀ ਬਹੁਤ ਨਰਮ ਹੈ ਜਿਸ ਕਾਰਨ ਸਿਮਰਨਜੀਤ ਮਾਨ ਇਕ ਤੋਂ ਇਕ ਵਿਵਾਦਤ ਬਿਆਨ ਦੇ ਰਿਹਾ ਹੈ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ, ਪਰ ਸਰਕਾਰ ਦੇ ਕੰਨ ਤੇ ਜੂੰ ਵੀ ਨਹੀ ਰੇਂਗਦੀ।
ਵਿਜੇ ਕਪੂਰ ਨੇ ਕਿਹਾ ਕਿ ਮਈ ਮਹੀਨੇ ‘ਚ ਸੰਗਰੂਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਨ ਵੱਲੋਂ ਰਾਸ਼ਟਰੀ ਝੰਡੇ ਖਿਲਾਫ ਅਸ਼ਲੀਲ ਟਿੱਪਣੀਆਂ ਕਰਨ ਅਤੇ ਤਿਰੰਗੇ ਦਾ ਅਪਮਾਨ ਕਰਨ ਦੇ ਦੋਸ਼ ‘ਚ ਉਨ੍ਹਾਂ ਨੇ ਐੱਸ ਐੱਸ ਪੀ ਪਟਿਆਲਾ ਦੇ ਦਫਤਰ ‘ਚ ਸਿਮਰਨਜੀਤ ਸਿੰਘ ਮਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਐੱਸ ਪੀ ਸਿਟੀ ਪਟਿਆਲਾ ਕੋਲ ਉਹ ਆਪਣਾ ਬਿਆਨ ਦਰਜ ਕਰਵਾ ਚੁੱਕੇ ਹਨ ਪਰ ਉਸਦੇ ਬਾਵਜੂਦ ਵੀ ਨਾ ਤਾਂ ਉਨ੍ਹਾਂ ਨੂੰ ਸ਼ਿਕਾਇਤ ਸਬੰਧੀ ਕੋਈ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਸਿਮਰਨਜੀਤ ਸਿੰਘ ਮਾਨ ਵਿਰੁੱਧ ਕੋਈ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਵੇਂ ਮਾਨ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਚੋਣ ਜਿੱਤੀ ਹੈ ਪਰ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ।
ਵਿਜੈ ਕਪੂਰ ਨੇ ਕਿਹਾ ਕਿ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ, ਸ਼ਿਵ ਸੈਨਾ ਪੰਜਾਬ ਵੱਲੋਂ ਉਨ੍ਹਾਂ ਦੀ ਪੁਰਜ਼ੋਰ ਮੰਗ ਹੈ ਕਿ ਸਰਕਾਰ ਸਿਮਰਨਜੀਤ ਸਿੰਘ ਮਾਨ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕਰੇ ਅਤੇ ਉਸ ਖਿਲਾਫ ਸਖਤ ਕਾਰਵਾਈ ਕਰੇ ਤਾਂ ਜੋ ਉਸ ਵਰਗੇ ਦੇਸ਼ ਵਿਰੋਧੀ ਲੋਕਾਂ ਦੇ ਹੌਸਲੇ ਹੋਰ ਬੁਲੰਦ ਨਾ ਹੋ ਸਕਣ। Newsline Express