ਵੀਰ ਹਕੀਕਤ ਰਾਏ ਸਕੂਲ ਵਿਖੇ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਨਮਅਸ਼ਟਮੀ ਦਾ ਤਿਉਹਾਰ
ਪਟਿਆਲਾ, 20 ਅਗਸਤ – ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦੇਸ਼ ਭਰ ਵਿਚ ਮਨਾਏ ਜਾ ਰਹੇ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਦਾ ਸ਼ਰਧਾਲੂਆਂ ਨੇ ਭਰਪੂਰ ਅਨੰਦ ਮਾਣਿਆ। ਪਟਿਆਲਾ ਤੋਂ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀਰ ਹਕੀਕਤ ਰਾਏ ਸਨਾਤਮ ਧਰਮ ਸਭਾ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ, ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਸ੍ਰੀ ਕ੍ਰਿਸ਼ਨ ਲੀਲਾਵਾਂ ਨਾਲ ਸਬੰਧਤ ਵੱਖ ਵੱਖ ਮਨਮੋਹਕ ਝਾਕੀਆਂ ਤਿਆਰ ਕੀਤੀਆਂ ਗਈਆਂ। ਸ੍ਰੀ ਕ੍ਰਿਸ਼ਨ ਲੀਲਾ, ਕ੍ਰਿਸ਼ਨ ਸੁਦਾਮਾ, ਮਾਖਣ ਚੋਰ ਬਾਲ ਕ੍ਰਿਸ਼ਨ ਰੂਪ ਦੀਆਂ ਝਾਕੀਆਂ ਅਤਿ ਸੁੰਦਰ ਤੇ ਮਨਮੋਹਕ ਦ੍ਰਿਸ਼ ਭਰਪੂਰ ਚੱਲ ਅਤੇ ਅਚੱਲ ਝਾਕੀਆਂ ਹਰ ਇੱਕ ਦਾ ਮਨ ਮੋਹ ਰਹੀਆਂ ਸਨ।
ਸ੍ਰੀ ਕ੍ਰਿਸ਼ਨ ਲੀਲਾ ਵਾਲੀ ਝਾਂਕੀ, ਜੋਕਿ ਸ੍ਰੀ ਕ੍ਰਿਸ਼ਨ ਜਨਮ ਤੋਂ ਲੈ ਕੇ ਕੰਸ ਵੱਧ ਤੱਕ ਪੂਰਾ ਦ੍ਰਿਸ਼ ਇਕ ਪਲੇਅ ਦੇ ਰੂਪ ਦੇ ਵਿੱਚ ਫ਼ਿਲਮਾਈ ਗਈ, ਸਭ ਦੇ ਆਕਰਸ਼ਣ ਦਾ ਕੇਂਦਰ ਬਣੀ ਰਹੀ। ਝਾਕੀਆਂ ਤਿਆਰ ਕਰਨ ਵਿੱਚ ਸਕੂਲ ਅਧਿਆਪਕ ਸ੍ਰੀਮਤੀ ਅਨੀਤਾ ਖੰਨਾ, ਸ੍ਰੀਮਤੀ ਆਸ਼ੂ ਗੁਪਤਾ, ਸ਼੍ਰੀਮਤੀ ਬਿਮਲੇਸ਼ ਕਪੂਰ, ਸ੍ਰੀਮਤੀ ਮਮਤਾ ਸ਼ਰਮਾ, ਸ੍ਰੀਮਤੀ ਮਨਪ੍ਰੀਤ ਕੌਰ, ਸ੍ਰੀਮਤੀ ਵਿਸ਼ਾਖਾ, ਸ੍ਰੀਮਤੀ ਅਨੂ ਸ਼ਰਮਾ ਅਤੇ ਹੋਰਾਂ ਨੇ ਬੜੀ ਮਿਹਨਤ ਕੀਤੀ।
ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਵਧ ਚੜ੍ਹ ਕੇ ਝਾਕੀਆਂ ਨੂੰ ਤਿਆਰ ਕਰਨ ਵਿੱਚ ਆਪਣਾ ਭਰਪੂਰ ਸਹਿਯੋਗ ਦਿੱਤਾ। ਇਸ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਪਨ ਸ਼ਰਮਾ, ਉਪ ਪ੍ਰਧਾਨ ਗਿਆਨ ਚੰਦ ਰਤਨ, ਸਕੱਤਰ ਅਮਿਤ ਜਿੰਦਲ, ਜੁਆਇੰਟ ਸਕੱਤਰ ਜਤਿੰਦਰ ਸ਼ਰਮਾ, ਵਿੱਤ ਸਕੱਤਰ ਹਰਿੰਦਰ ਗੁਪਤਾ, ਸਟੋਰ ਇੰਚਾਰਜ ਦੀਪਕ ਸੇਠੀ ਅਤੇ ਸੰਜੀਵ ਤਿਵਾੜੀ, ਮਿੱਠੂ ਰਾਮ, ਚਮਨ ਲਾਲ ਅਤੇ ਹੋਰ ਸਭਾ ਮੈਂਬਰ ਹਾਜਰ ਰਹੇ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਦੁਆਰਾ ਖ਼ੂਬਸੂਰਤ ਝਾਕੀਆਂ ਬਣਾਉਣ ਲਈ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਖੂਬ ਪ੍ਰਸੰਸਾ ਕੀਤੀ ਗਈ ਅਤੇ ਸਭ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।