ਬੇਰੁਜ਼ਗਾਰ ਲਾਈਨਮੈਨਾਂ ‘ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ
ਪਟਿਆਲਾ, 23 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਅਪ੍ਰੈਂਟਿਸ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਆਗੂਆਂ ‘ਤੇ ਪਟਿਆਲਾ ਪੁਲਿਸ ਨੇ ਲਾਠੀਚਾਰਜ ਕੀਤਾ ਹੈ। ਬਿਜਲੀ ਬੋਰਡ ਦਫ਼ਤਰ ਅੰਦਰ ਜ਼ਬਰਦਸਤੀ ਦਾਖਿਲ ਹੋ ਕੇ ਯੂਨੀਅਨ ਦੇ ਆਗੂਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਯੂਨੀਅਨ ਵੱਲੋਂ ਲਾਇਆ ਹੋਇਆ ਪੱਕਾ ਟੈਂਟ ਪੁੱਟ ਸੁੱਟਿਆ। ਯੂਨੀਅਨ ਦੇ ਕਈ ਆਗੂਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਲਿਆ। ਪਟਿਆਲਾ ਬਿਜਲੀ ਬੋਰਡ ਦਫ਼ਤਰ ਦੇ ਬਾਹਰ ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਬਿਜਲੀ ਬੋਰਡ ਦੇ ਬਾਹਰ ਧਰਨਾ ਲਗਾਕੇ ਬੈਠੇ ਸਨ ਪਰ ਇਹ ਬੇਰੁਜ਼ਗਾਰ ਆਗੂ ਅੱਜ ਸਵੇਰੇ ਬਿਜਲੀ ਬੋਰਡ ਦੇ ਦਫ਼ਤਰ ਦੇ ਅੰਦਰ ਦਾਖ਼ਿਲ ਹੋ ਗਏ ਅਤੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਸਰਕਾਰ ਨੇ 1690 ਪੋਸਟਾਂ ਕਢੀਆਂ ਸੀ ਜਿਨ੍ਹਾਂ ਲਈ ਅਸੀਂ ਯੋਗ ਟ੍ਰੇਨਿੰਗ ਲਈ ਹੋਈ ਹੈ ਪਰ ਸਰਕਾਰ ਨੇ ਸਾਡੇ ਉਪਰ ਇਕ ਹੋਰ ਟੈਸਟ ਦੇਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਜਿਸ ਦਾ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਾਂ। ਉਨ੍ਹਾਂ ਕਿਹਾ ਅਸੀਂ ਪਹਿਲਾਂ ਹੀ ਕੋਰਸ ਤੇ ਟ੍ਰੇਨਿੰਗ ਲੈ ਚੁਕੇ ਹਾਂ। ਇਸ ਲਈ ਇਹ ਪ੍ਰੀਖਿਆ ਰੱਦ ਕਰਨ ਦੀ ਮੰਗ ਲਈ ਧਰਨੇ ‘ਤੇ ਬੈਠੇ ਹੋਏ ਹਨ। ਉਹਨਾਂ ਕਿਹਾ ਕਿ ਇਸ ਸਬੰਧੀ ਕੋਈ ਸੁਣਵਾਈ ਨਾ ਹੋਣ ਦੇ ਚਲਦਿਆਂ ਅੱਜ ਮਜਬੂਰਨ ਬਿਜਲੀ ਬੋਰਡ ਦੇ ਦਫ਼ਤਰ ਦੇ ਅੰਦਰ ਜਾਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਪੁਲਿਸ ਪਾਰਟੀ ਵਾਟਰ ਕੈਨਨ ਅਤੇ ਹੰਝੂ ਗੈਸ ਲੈ ਕੇ ਵੱਡੀ ਗਿਣਤੀ ਵਿੱਚ ਬਿਜਲੀ ਬੋਰਡ ਦਫ਼ਤਰ ਦੇ ਬਾਹਰ ਪੁਹੰਚ ਗਈ। ਜਿੱਥੇ ਪੁਲਿਸ ਵਲੋਂ ਇਹਨਾਂ ਪ੍ਰਦਸ਼ਨਕਾਰੀਆਂ ‘ਤੇ ਜਮ ਕੇ ਲਾਠੀਆਂ ਵਰ੍ਹਾਈਆਂ ਗਈਆਂ ਅਤੇ ਪੁਲਿਸ ਪਾਰਟੀ ਵਲੋਂ ਇਹਨਾਂ ਯੂਨੀਅਨ ਦੇ ਆਗੂਆਂ ਨੂੰ ਖਦੇੜਨ ਲਈ ਵਾਟਰ ਕੈਨਨ ਦਾ ਇਸਤਮਾਲ ਵੀ ਕੀਤਾ ਗਿਆ।