ਰਾਸ਼ਟਰੀ ਸਿਨੇਮਾ ਦਿਵਸ ਮੌਕੇ 75 ਰੁਪਏ ‘ਚ ਵੇਖੋ ਕੋਈ ਵੀ ਫਿਲਮ
ਮੁੰਬਈ, 3 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਭਰ ‘ਚ 16 ਸਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਭਾਰਤੀਆਂ ਲਈ ਖ਼ਾਸ ਆਫ਼ਰ ਸਾਹਮਣੇ ਆਈ ਹੈ। ਦਰਅਸਲ ਮਲਟੀਪਲੈਕਸ ਐਸੋਸੀਏਸ਼ਨ ਆਫ਼ ਇੰਡੀਆ ਨੇ ਫ਼ੈਸਲਾ ਕੀਤਾ ਹੈ ਕਿ ਰਾਸ਼ਟਰੀ ਸਿਨੇਮਾ ਦਿਵਸ ‘ਤੇ ਦੇਸ਼ ਭਰ ਦੀਆਂ ਸਾਰੀਆਂ ਸਕ੍ਰੀਨਾਂ ਲਈ ਸਿਰਫ਼ 75 ਰੁਪਏ ਚਾਰਜ ਕੀਤੇ ਜਾਣਗੇ।
ਇਸ ਦੇ ਨਾਲ 3 ਸਤੰਬਰ ਨੂੰ ਅਮਰੀਕਾ ਵੀ ਆਪਣਾ ਰਾਸ਼ਟਰੀ ਸਿਨੇਮਾ ਦਿਵਸ ਮਨਾਏਗਾ। ਇਸ ਖ਼ਾਸ ਮੌਕੇ ‘ਤੇ ਦੇਸ਼ ਭਰ ‘ਚ ਟਿਕਟਾਂ ਦੀ ਕੀਮਤ 3 ਡਾਲਰ ਤੱਕ ਰੱਖੀ ਜਾਵੇਗੀ ਤਾਂ ਜੋ ਸਿਨੇਮਾ ਪ੍ਰੇਮੀ ਘੱਟ ਕੀਮਤ ‘ਤੇ ਫ਼ਿਲਮ ਦੇਖ ਸਕਣ। ਹੁਣ ਭਾਰਤ ‘ਚ ਵੀ ਅਜਿਹਾ ਹੀ ਫ਼ੈਸਲਾ ਲਿਆ ਗਿਆ ਹੈ।
ਇਹ ਸਹੂਲਤ ਸਿਰਫ਼ ਆਮ ਮੂਵੀ ਥਿਏਟਰਾਂ ‘ਚ ਹੀ ਨਹੀਂ ਬਲਕਿ ਪੀ.ਵੀ.ਆਰ, ਆਈਨੌਕਸ, ਸਿਨੇਪੋਲਿਸ ਅਤੇ ਕਾਰਨੀਵਲ ਸਮੇਤ ਹੋਰ ਸਾਰੇ ਸਥਾਨਾਂ ‘ਚ ਵੀ ਉਪਲਬਧ ਹੋਵੇਗੀ। ਆਮ ਤੌਰ ‘ਤੇ ਸਿਨੇਮਾਘਰਾਂ ‘ਚ ਫ਼ਿਲਮ ਦਾ ਆਨੰਦ ਲੈਣ ਲਈ 200 ਤੋਂ 300 ਰੁਪਏ ਖ਼ਰਚ ਕਰਨੇ ਪੈਂਦੇ ਹਨ, ਜਿਸ ਕਾਰਨ ਜ਼ਿਆਦਾਤਰ ਲੋਕ ਸਿਨੇਮਾਘਰਾਂ ‘ਚ ਜਾਣ ਤੋਂ ਬਚਦੇ ਹਨ।
75 ਰੁਪਏ ‘ਚ ਟਿਕਟ ਖ਼ਰੀਦਣ ਲਈ ਤੁਹਾਨੂੰ ਸਿਨੇਮਾ ਹਾਲ ਦੇ ਬਾਹਰੋਂ ਟਿਕਟ ਖ਼ਰੀਦਣੀ ਪਵੇਗੀ। ਇਸ ਤੋਂ ਇਲਾਵਾ ਤੁਸੀਂ ਆਨਲਾਈਨ ਮਾਧਿਅਮ ਰਾਹੀਂ ਵੀ ਟਿਕਟ ਖ਼ਰੀਦ ਸਕਦੇ ਹੋ, ਪਰ ਇਸਦੇ ਲਈ ਤੁਹਾਨੂੰ ਜੀ.ਐੱਸ.ਟੀ ਅਤੇ ਇੰਟਰਨੈੱਟ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ।