????ਪਟਿਆਲਾ ਸਥਿਤ ਘਲੋੜੀ ਗੇਟ ਵਿਖੇ ਨਗਰ ਨਿਗਮ ਨੇ ਢਾਹੀਆਂ ਨਾਜਾਇਜ਼ ਦੁਕਾਨਾਂ; ਮੇਅਰ ਅਤੇ MC ਵਲੋਂ ਵਿਰੋਧ
ਪਟਿਆਲਾ, 9 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਦੇ ਘਲੋੜੀ ਗੇਟ ਇਲਾਕੇ ਵਿਚ ਸੀ.ਆਈ.ਏ ਸਟਾਫ ਦੇ ਸਾਹਮਣੇ ਮੁੱਖ ਮਾਰਗ ਦੀ ਪੁਲੀ ਉਤੇ ਪਿਛਲੇ ਲਗਭਗ ਡੇਢ ਸਾਲ ਤੋਂ ਚਰਚਾ ਦਾ ਵਿਸ਼ਾ ਬਣੀਆਂ ਕਥਿਤ ਨਾਜਾਇਜ਼ ਦੁਕਾਨਾਂ ਉਤੇ ਅੱਜ ਨਗਰ ਨਿਗਮ ਦਾ ਪੰਜਾ ਚੱਲ ਗਿਆ। ਮੌਕੇ ਉਤੇ ਇਲਾਕੇ ਦੀ ਕੌਂਸਲਰ, ਉਸਦੇ ਪਤੀ ਤੇ ਸਾਥੀਆਂ ਨੇ ਦੁਕਾਨਾਂ ਢਾਹੁਣ ਦਾ ਵਿਰੋਧ ਕੀਤਾ, ਪ੍ਰੰਤੂ ਉਨ੍ਹਾਂ ਦੀ ਇੱਕ ਨਾ ਚੱਲੀ। ਇਸ ਦੌਰਾਨ ਮੌਜੂਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਵੀ ਮੌਕੇ ਉਤੇ ਮੌਜੂਦ ਸਨ ਜਿਨ੍ਹਾਂ ਨੇ ਅਧਿਕਾਰੀਆਂ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਕੋਲ ਉਨ੍ਹਾਂ 156 ਵੱਡੀਆਂ ਜਾਇਦਾਦਾਂ ਦੀ ਲਿਸਟ ਹੈ ਜਿਨ੍ਹਾਂ ਨੂੰ ਖਾਲੀ ਕਰਵਾਉਣ ਦੀ ਲੋੜ ਹੈ, ਪਰ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ।
ਇਸ ਸੰਬੰਧੀ ਉਨ੍ਹਾਂ ਨੇ ਮਾਨਯੋਗ ਸੁਪਰੀਮ ਕੋਰਟ ਦੇ ਕਿਸੇ ਹੁਕਮਾਂ ਦੀ ਕਾਪੀ ਵੀ ਦਿਖਾਈ।
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਪਟਿਆਲਾ ਪ੍ਰਸ਼ਾਸਨ ਦੀ ਅੱਜ ਦੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ ਛੋਟੇ ਮੋਟੇ ਕੰਮ ਕਰਕੇ ਆਪਣਾ ਪੇਟ ਪਾਲ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਵੱਡੇ ਵੱਡੇ ਸ਼ੋ ਰੂਮ, ਜ਼ਮੀਨਾਂ ਅਤੇ ਡੇਰਿਆਂ ਉਤੇ ਕਾਰਵਾਈ ਕਰੇ ਜਿਨ੍ਹਾਂ ਉਤੇ ਅਫ਼ਸਰਸ਼ਾਹੀ ਮੇਹਰਬਾਨ ਹੈ।
ਮਹਿਲਾ ਕਾਉਂਸਲਰ ਦੇ ਪਤੀ ਹਰੀਸ਼ ਕਪੂਰ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਆਪ ਵਿਚ ਸ਼ਾਮਲ ਹੋਏ ਆਗੂ ਕਿਸ਼ਨ ਚੰਦ ਬੁੱਧੂ ਉਤੇ ਵੀ ਨਾਜਾਇਜ਼ ਦੁਕਾਨਾਂ ਬਣਾਉਣ ਦੇ ਦੋਸ਼ ਲਾਏ।
ਜ਼ਿਕਰਯੋਗ ਹੈ ਕਿ ਕਾਫੀ ਸਮਾਂ ਪਹਿਲਾਂ ਜਦੋਂ ਇਹ ਦੁਕਾਨਾਂ ਬਣ ਰਹੀਆਂ ਸਨ ਤਾਂ ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਨੇ ਇਸ ਸੰਬਧੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਸਨ, ਪਰ ਅਧਿਕਾਰੀ ਕਾਰਵਾਈ ਕਰਨ ਤੋਂ ਟਾਲਮਟੋਲ ਕਰਦੇ ਰਹੇ ਸਨ ਜਦਕਿ ਕੁਝ ਲੋਕ ਵੱਡੇ ਚੈਨਲਾਂ ਦੀ ਆੜ੍ਹ ਵਿਚ ਆਪਣੀਆਂ ਜੇਬਾਂ ਗਰਮ ਕਰ ਗਏ।
Newsline Express