ਸਵਾਮੀ ਵਿਵੇਕਾਨੰਦ ਜੀ ਦੀ ਸ਼ਗਿਰਦ ਸਿਸਟਰ ਨਿਵੇਦਿਤਾ ਦਾ ਮਨਾਇਆ ਜਨਮਦਿਨ
ਪਟਿਆਲਾ, 28 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਜ ਸੇਵਿਕਾ ਸਿਸਟਰ ਨਿਵੇਦਿਤਾ ਦਾ ਜਨਮਦਿਨ ਅੱਜ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਐੱਨਸੀਸੀ ਯੂਨਿਟ ਦੇ ਵਿਦਿਆਰਥੀਆਂ ਤੇ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਸਿਸਟਰ ਨਿਵੇਦਿਤਾ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਸਬੰਧੀ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਸਵਾਮੀ ਵਿਵੇਕਾਨੰਦ ਜੀ ਦੀ ਪ੍ਰੇਰਨਾ ਸਦਕਾ ਵਿਦੇਸ਼ ਵਿੱਚ ਜਨਮੀ ਸਿਸਟਰ ਨਿਵੇਦਿਤਾ ਨੇ ਭਾਰਤ ਨੂੰ ਆਪਣੀ ਕਰਮ ਭੂਮੀ ਬਣਾਇਆ ਤੇ ਨਿਸ਼ਕਾਮ ਸੇਵਾ ਭਾਵਨਾ ਨਾਲ ਭਾਰਤ ਵਿੱਚ ਰਹਿੰਦੇ ਹੋਏ ਜ਼ਰੂਰਤਮੰਦਾਂ ਦੀ ਤਨ ਮਨ ਨਾਲ ਸੇਵਾ ਕੀਤੀ ਅਤੇ ਇਸਤਰੀ ਸਿੱਖਿਆ ਨੂੰ ਪ੍ਰੋਤਸਾਹਤ ਕਰਨ ਲਈ ਅਣਥੱਕ ਮਿਹਨਤ ਕੀਤੀ। ਉਸ ਸਮੇਂ ਜਦੋਂ ਭਾਰਤ ਪਲੇਗ ਨਾਮ ਦੀ ਮਹਾਂਮਾਰੀ ਨਾਲ ਜੂਝ ਰਿਹਾ ਸੀ, ਆਪਣੀ ਸਿਹਤ ਦਾ ਧਿਆਨ ਨਾ ਰੱਖਦੇ ਹੋਏ ਪਲੇਗ ਪੀਡ਼ਤਾਂ ਦੀ ਨਿਸਕਾਮ ਸੇਵਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਜੋ ਕਿ ਸਾਡੇ ਲਈ ਇਕ ਪ੍ਰੇਰਨਾ ਸੂਤਰ ਹੈ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਸਿਸਟਰ ਨਿਵੇਦਿਤਾ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਜ਼ਰੂਰਤਮੰਦਾਂ ਦੀ ਮਦਦ ਕਰਕੇ ਦੇਸ਼ ਸੇਵਾ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਜੀ ਵਰਗੇ ਮਹਾਨ ਸ਼ਖ਼ਸੀਅਤਾਂ ਦੇ ਨਾਲ ਸਬੰਧਿਤ ਸਾਹਿਤ ਪੜ੍ਹਨ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਲਈ ਪ੍ਰੇਰਿਆ ਕਿਉਂਕਿ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਬਹੁਤ ਸਾਰੇ ਵਿਦਿਆਰਥੀ ਆਪਣੇ ਸਕੂਲ ਦਾ ਅਤੇ ਮਾਂ ਬਾਪ ਦਾ ਨਾਮ ਰੌਸ਼ਨ ਕਰ ਸਕਦੇ ਹਨ। ਇਸ ਮੌਕੇ ਸਕੂਲ ਦੇ ਅਧਿਆਪਕ ਸ੍ਰੀਮਤੀ ਨਰੇਸ਼ ਕੁਮਾਰੀ, ਸ਼੍ਰੀਮਤੀ ਇੰਦੂ ਬਾਤਿਸ਼, ਸ੍ਰੀਮਤੀ ਅਨੀਤਾ ਖੰਨਾ, ਸ੍ਰੀਮਤੀ ਸ਼ੋਭਾ ਠਾਕੁਰ, ਸ੍ਰੀ ਬ੍ਰਹਮ ਸਿੰਗਲਾ ਅਤੇ ਹੋਰ ਮੌਜੂਦ ਰਹੇ।