ਰਾਮਦੇਵ ਨੇ ਔਰਤਾਂ ’ਤੇ ਦਿੱਤੇ ਵਿਵਾਦਿਤ ਬਿਆਨ ’ਤੇ ਮੰਗੀ ਮਾਫ਼ੀ
ਮੁੰਬਈ, 28 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਯੋਗ ਗੁਰੂ ਸਵਾਮੀ ਰਾਮਦੇਵ ਨੇ ਤਿੰਨ ਦਿਨ ਪਹਿਲਾਂ ਦਿੱਤੇ ਆਪਣੇ ਉਸ ਬਿਆਨ ’ਤੇ ਮੁਆਫੀ ਮੰਗ ਲਈ ਹੈ, ਜਿਸ ’ਚ ਉਨ੍ਹਾਂ ਨੇ ਇਕ ਯੋਗਾ ਸਿਖਲਾਈ ਪ੍ਰੋਗਰਾਮ ’ਚ ਕਿਹਾ ਸੀ ਕਿ ਔਰਤਾਂ ਸਾੜ੍ਹੀਆਂ ’ਚ ਚੰਗੀਆਂ ਲੱਗਦੀਆਂ ਹਨ, ਉਹ ਸਲਵਾਰ ਸੂਟ ’ਚ ਵੀ ਚੰਗੀਆਂ ਲੱਗਦੀਆਂ ਹਨ ਅਤੇ ਮੇਰੇ ਹਿਸਾਬ ਨਾਲ ਉਹ ਬਿਨਾਂ ਕੁਝ ਪਹਿਨੇ ਵੀ ਚੰਗੀਆਂ ਲੱਗਦੀਆਂ ਹਨ। ਰਾਮਦੇਵ ਦੇ ਇਸ ਬਿਆਨ ’ਤੇ ਸਿਆਸੀ, ਸਮਾਜਿਕ ਖੇਤਰ ਤੋਂ ਇਲਾਵਾ ਔਰਤਾਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਸੀ। ਇਸ ਸਬੰਧੀ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਸ਼ਨਿਚਰਵਾਰ ਨੂੰ ਇਸ ਨੇ ਯੋਗ ਗੁਰੂ ਰਾਮਦੇਵ ਨੂੰ ਨੋਟਿਸ ਜਾਰੀ ਕਰ ਕੇ ਦੋ ਦਿਨਾਂ ਦੇ ਅੰਦਰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਸੀ।
ਇਸ ’ਤੇ ਰਾਮਦੇਵ ਨੇ ਸੋਮਵਾਰ ਨੂੰ ਮਹਾਰਾਸ਼ਟਰ ਸੂਬਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਚਾਕਣਕਰ ਨੂੰ ਈਮੇਲ ਭੇਜੀ। ਰੂਪਾਲੀ ਨੇ ਦੱਸਿਆ ਕਿ ਰਾਮਦੇਵ ਨੇ ਉਨ੍ਹਾਂ ਨੂੰ ਜਵਾਬ ਭੇਜਿਆ ਹੈ ਅਤੇ ਟਿੱਪਣੀ ’ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਮਾਫ਼ੀ ਮੰਗੀ ਹੈ ਪਰ ਇਸ ਦੇ ਨਾਲ ਹੀ ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਦੀ ਟਿੱਪਣੀ ਨੂੰ ਕਥਿਤ ਤੌਰ ’ਤੇ ਤੋੜਿਆ-ਮਰੋੜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਨੋਟਿਸ ਦਾ ਜਵਾਬ ਜ਼ਰੂਰ ਮਿਲ ਗਿਆ ਹੈ ਪਰ ਜੇਕਰ ਕੋਈ ਹੋਰ ਇਤਰਾਜ਼ ਜਾਂ ਸ਼ਿਕਾਇਤ ਮਿਲਦੀ ਹੈ ਤਾਂ ਅਸੀਂ ਉਸ ਦੀ ਬਾਰੀਕੀ ਨਾਲ ਜਾਂਚ ਕਰਾਂਗੇ ਅਤੇ ਪਿਛਲੇ ਹਫਤੇ ਹੋਏ ਪ੍ਰੋਗਰਾਮ ਦੀ ਪੂਰੀ ਵੀਡੀਓ ਰਿਕਾਰਡਿੰਗ ਹਾਸਲ ਕਰਾਂਗੇ।