???? 2 ਕਾਰਾਂ ਦੀ ਰੇਸ ਦੀ ਲਪੇਟ ਵਿਚ ਆਇਆ ਸਾਇਕਲ ਚਾਲਕ
???? ਦੁਰਘਟਨਾ ਦਾ ਸ਼ਿਕਾਰ ਹੋਏ ਵਿਅਕਤੀ ਦਾ ਸਿਰ ਧੜ ਤੋਂ ਹੋਇਆ ਅਲਗ
ਪਟਿਆਲਾ, 10 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਬੀਤੀ ਰਾਤ ਰੇਸਾਂ ਲਗਾ ਰਹੀਆਂ ਦੋ ਕਾਰਾਂ ਦੀ ਲਪੇਟ ‘ਚ ਇਕ ਸਾਈਕਲ ਚਾਲਕ ਆ ਗਿਆ ਜਿਸਦੀ ਬਿਨਾ ਸਿਰ ਵਾਲੀ ਲਾਸ਼ ਅਗਲੀ ਸਵੇਰ ਜੇਲ੍ਹ ਰੋਡ ‘ਤੇ ਪਈ ਮਿਲੀ। ਸੂਤਰਾਂ ਮੁਤਾਬਕ ਪੁਲਿਸ ਦੇ ਹੱਥ ਇਕ ਵੀਡਿਓ ਵੀ ਲੱਗੀ ਹੈ, ਜਿਸ ਵਿਚ ਕੁਝ ਨੌਜਵਾਨ ਲਿਫਾਫੇ ਵਿਚ ਸਿਰ ਲੈ ਕੇ ਜਾਂਦੇ ਦੇਖੇ ਗਏ। ਪੁਲਿਸ ਨੇ ਗੱਡੀਆਂ ਨੂੰ ਕਬਜ਼ੇ ਵਿਚ ਲੈ ਲਿਆ ਹੈ, ਪ੍ਰੰਤੂ ਸਾਈਕਲ ਚਾਲਕ ਨੂੰ ਟੱਕਰ ਮਾਰਨ ਵਾਲੀ ਸਕਾਰਪੀਓ ਕਾਰ ਦਾ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ। ਇਹ ਵੀ ਸੂਚਨਾ ਹੈ ਕਿ ਦੋਸ਼ੀਆਂ ਦੀਆਂ ਕਾਰਾਂ ਤੋਂ ਉਨ੍ਹਾਂ ਦੀ ਪਛਾਣ ਹੋ ਗਈ ਹੈ ਤੇ ਉਹ ਜਲਦੀ ਹੀ ਪੁਲਿਸ ਦੀ ਪਕੜ ਵਿਚ ਆ ਜਾਣਗੇ।
ਸੰਜੀਵ ਕੁਮਾਰ ਨਾਮ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਸਦਾ ਭਰਾ ਵਿਆਹ ਸ਼ਾਦੀਆਂ ਵਿਚ ਕੌਫੀ ਬਣਾਉਣ ਦਾ ਕੰਮ ਕਰਦਾ ਹੈ ਤੇ ਬੀਤੀ ਰਾਤ ਪ੍ਰੋਗਰਾਮ ਲਗਾ ਕੇ ਘਰ ਨੂੰ ਨਿਕਲਿਆ ਸੀ ਪਰ ਘਰ ਨਹੀਂ ਪੁੱਜਿਆ। ਭਾਲ ਕਰਦਿਆਂ ਪਤਾ ਲੱਗਿਆ ਕਿ ਜੇਲ੍ਹ ਰੋਡ ਉਤੇ ਇਕ ਸਾਈਕਲ ਚਾਲਕ ਰੇਸ ਲਗਾ ਰਹੀਆਂ ਦੋ ਗੱਡੀਆਂ ਦੀ ਲਪੇਟ ਵਿਚ ਆ ਗਿਆ ਹੈ। ਜਦੋਂ ਉਨ੍ਹਾਂ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਉਥੇ ਉਸਦੇ ਭਰਾ ਦਾ ਇਕੱਲਾ ਧੜ ਹੀ ਪਿਆ ਸੀ ਤੇ ਸਿਰ ਗਾਇਬ ਸੀ। ਥਾਣਾ ਤ੍ਰਿਪੜੀ ਤੋਂ ਲੈ ਕੇ ਮੜੀਆਂ ਰੋਡ ਤਕ ਖੂਨ ਤੇ ਤੇਲ ਦੇ ਨਿਸ਼ਾਨ ਦੇਖਦਿਆਂ ਉਹ ਹਰਿੰਦਰ ਨਗਰ ਪੁੱਜੇ ਜਿਥੇ ਇਕ ਹਾਦਸਾ ਗ੍ਰਸਤ ਸਕਾਰਪੀਓ ਕਾਰ ਖੜ੍ਹੀ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਉਕਤ ਰਸਤੇ ਦੇ ਸੀਸੀਟੀਵੀ ਕੈਮਰੇ ਦੇਖੇ ਜਿਸ ਵਿਚ ਕਾਰ ਚਾਲਕ ਲਿਫਾਫੇ ਵਿਚ ਸਿਰ ਪਾ ਕੇ ਲੈ ਕੇ ਜਾਂਦੇ ਦੇਖੇ ਗਏ ਹਨ। ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਦੋਵੇਂ ਕਾਰਾਂ ਨੂੰ ਕਬਜ਼ੇ ‘ਚ ਲਿਆ ਗਿਆ ਹੈ। ਚਾਲਕ ਫਿਲਹਾਲ ਫਰਾਰ ਹੈ ਤੇ ਸਿਰ ਦੀ ਵੀ ਭਾਲ ਕੀਤੀ ਜਾ ਰਹੀ ਹੈ।
Newsline Express