???? ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਦਿੱਲੀ ਦੀ ਮਹਿਲਾ ਆਕ੍ਰੋਸ਼ ਰੈਲੀ ਵਿੱਚ ਸ਼ਾਮਿਲ ਹੋਈ ਪੰਜਾਬ ਮਹਿਲਾ ਕਾਂਗਰਸ
???? ਕੇਂਦਰੀ ਬੱਜਟ ਵਿੱਚ ਮਹਿਲਾਵਾਂ ਦੀ ਅਣਦੇਖੀ ਤੇ ਮਹਿੰਗਾਈ ਵਿਰੁੱਧ ਜਤਾਇਆ ਰੋਸ
ਪਟਿਆਲਾ, 10 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਭਾਜਪਾ ਸਰਕਾਰ ਵੱਲੋਂ ਕੇਂਦਰੀ ਬੱਜਟ ਵਿੱਚ ਮਹਿਲਾਵਾਂ ਦੀ ਅਣਦੇਖੀ, ਬੇਰੁਜ਼ਗਾਰੀ ਤੇ ਮਹਿੰਗਾਈ ਵਿਰੁੱਧ ਰੋਸ ਜਤਾਉਣ ਲਈ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਨੈਟਾ ਡਿਸੂਜ਼ਾ ਦੀ ਅਗਵਾਈ ਹੇਠ ਜੰਤਰ ਮੰਤਰ ਦਿੱਲੀ ਵਿਖੇ ਇੱਕ ਵੱਡੀ ਮਹਿਲਾ ਆਕਰੋਸ਼ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਸੈਂਕੜੇ ਮਹਿਲਾ ਕਾਂਗਰਸ ਆਗੂਆਂ ਨੂੰ ਲੈਕੇ ਰੈਲੀ ਵਿੱਚ ਪਹੁੰਚੇ।
ਰੈਲੀ ਨੂੰ ਸੰਬੋਧਨ ਕਰਦਿਆਂ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਇੱਕ ਆਮ ਮਹਿਲਾ ਲਈ ਅੱਜ ਆਪਣੇ ਘਰ ਦੀ ਰਸੋਈ ਦਾ ਖਰਚਾ ਕਰਨਾ ਅਸੰਭਵ ਜਿਹਾ ਹੋਇਆ ਪਿਆ ਹੈ ਜਿਸ ਕਰਕੇ ਦੇਸ਼ ਦੀਆਂ ਮਹਿਲਾਵਾਂ ਚਿੰਤਾ ਤੇ ਰੋਸ ਵਿੱਚ ਹਨ। ਓਨ੍ਹਾਂ ਕਿਹਾ ਕਿ ਅੱਜ ਰਸੋਈ ਗੈਸ, ਦਾਲ ਸਬਜ਼ੀਆਂ, ਪੈਟਰੋਲ, ਡੀਜ਼ਲ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਅਸਮਾਨ ਛੂੰਹਦੀਆ ਕੀਮਤਾਂ ਸਾਰੇ ਰਿਕਾਰਡ ਤੋੜ ਚੁੱਕੀਆਂ ਹਨ ਤੇ ਮਹਿਲਾਵਾਂ ਆਪਣੇ ਘਰ ਦੇ ਖਰਚੇ ਕਰਨ ਤੋਂ ਅਸਮਰਥ ਹੁੰਦੀਆਂ ਜਾ ਰਹੀਆਂ ਹਨ, ਉੱਤੋਂ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਕਰਨਾ ਲੋਕਾਂ ਦੇ ਵੱਸ ਤੋਂ ਬਾਹਰ ਹੈ ਜਿਸ ਕਰਕੇ ਦੇਸ਼ ਦੀਆਂ ਤਮਾਮ ਮੱਧ ਵਰਗੀ ਤੇ ਗਰੀਬ ਔਰਤਾਂ ਭਾਰੀ ਪਰੇਸ਼ਾਨੀਆਂ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ ਜਦੋਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਅਡਾਨੀ ਅੰਬਾਨੀ ਵਰਗੇ ਪੂੰਜੀਪਤੀ ਦੋਸਤਾਂ ਦੇ ਕਾਰੋਬਾਰ ਚਲਾਉਣ ਤੇ ਵਧਾਉਣ ਲਈ ਦੇਸ਼ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਉਨ੍ਹਾਂ ਉਤੇ ਪਾਣੀ ਵਾਂਗ ਵਹਾ ਰਹੇ ਹਨ।
ਬੀਬੀ ਰੰਧਾਵਾ ਨੇ ਕਿਹਾ ਕਿ ਮੋਦੀ ਜੀ ਧਰਮ ਦੇ ਨਾਮ ‘ਤੇ ਨਫ਼ਰਤ ਦੀ ਰਾਜਨੀਤੀ ਕਰਕੇ ਦੇਸ਼ਵਾਸੀਆਂ ਨੂੰ ਬੇਵਕੂਫ਼ ਬਣਾ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਬਿਗੜਦੇ ਹਲਾਤ ਦੇਖ ਪੰਜਾਬ ਵਿਚ ਵੀ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਆਏ ਦਿਨ ਗੈਂਗਸਟਰ ਕਿਸੇ ਵਪਾਰੀ ਨੂੰ ਫੋਨ ਕਰ ਫਿਰੌਤੀ ਮੰਗਦੇ ਹਨ ਜੇਕਰ ਨਾ ਦੇਵੇ ਕੋਈ ਤਾਂ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਨਾਲ੍ ਪੰਜਾਬ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕੇਂਦਰ ਸਰਕਾਰ ਆਪਣੀ ਜਿੰਮੇਵਾਰੀ ਤੋਂ ਮੂੰਹ ਮੌੜ ਕੇ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰ ਰਹੀ ਜਿਸਦਾ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਆਪਣੀਆਂ ਵੋਟਾਂ ਰਾਹੀਂ ਭਾਜਪਾ ਨੂੰ ਜਵਾਬ ਦੇਣਗੇ।
ਇਸ ਮੌਕੇ ਅਮਰਜੀਤ ਕੌਰ ਭੱਠਲ ਪਟਿਆਲਾ, ਮਨੀਸ਼ਾ ਕਪੂਰ ਲੁਧਿਆਣਾ, ਸੰਤੋਸ਼ ਰਾਣੀ ਸਾਹਨੇਵਾਲ, ਖੁਸ਼ਮਿੰਦਰ ਕੌਰ, ਰਵਿੰਦਰ ਬਜਾਜ ਮੋਗਾ, ਕੰਚਨ ਰਾਣੀ ਜਲੰਧਰ, ਕਵਿਤਾ ਰਾਣੀ ਅਬੋਹਰ , ਕਿਰਨ ਰਾਜਪੂਤ ਅੰਮ੍ਰਿਤਸਰ, ਗੁਰਮੀਤ ਕੌਰ ਪਟਿਆਲਾ ਲਤਾ ਵਰਮਾ, ਯਾਮਿਨੀ ਵਰਮਾ ਸੋਸ਼ਲ ਮੀਡੀਆ ਇੰਚਾਰਜ ਦਿੱਲੀ ਵਿੱਚ ਗਰਜਦੇ ਨਜ਼ਰ ਆਏ। Newsline Express