???? ਰੇਲਵੇ ਪੁਲਿਸ ਨੇ ਲਗਾਇਆ ਜਾਗਰੂਕਤਾ ਕੈਂਪ
???? ਰੇਲਗੱਡੀ ਉਤੇ ਪੱਥਰਬਾਜ਼ੀ ਕਰਕੇ ਆਪਣਾ ਭਵਿੱਖ ਖ਼ਰਾਬ ਨਾ ਕਰਨ ਲੋਕ : ਬਲਜੀਤ ਸਿੰਘ
ਪਟਿਆਲਾ, 10 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਰੇਲਵੇ ਪੁਲੀਸ ਫੋਰਸ ਪਟਿਆਲਾ ਦੇ ਸਬ ਇੰਸਪੈਕਟਰ ਬਲਜੀਤ ਸਿੰਘ ਜੈਲਦਾਰ, ਏ ਐਸ ਆਈ ਨਵੀਨ ਕੁਮਾਰ ਅਤੇ ਸਟਾਫ਼ ਨੇ ਹੈਡਕੁਆਟਰ ਅੰਬਾਲਾ ਨੀਤੀਸ਼ ਸ਼ਰਮਾ ਸੀਨੀਅਰ ਡੀ ਐਸ ਸੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਚਲਦੀ ਟਰੇਨ ਉਤੇ ਪੱਥਰਬਾਜੀ ਅਤੇ ਅਰ ਪੀ ਐੱਫ ਵੱਲੋਂ ਚਿਲਡਰਨ ਰੇਸਕਿਉਡ ਦੇ ਸੰਬੰਧ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਬੰਧ ਵਿਚ ਦੌਣ ਕਲਾਂ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਮਿਲੀ ਸ਼ਰਮਾ ਅਤੇ ਅਧਿਆਪਕਾਂ ਦੀ ਮੌਜੂਦਗੀ ਵਿੱਚ ਸਕੂਲ ਦੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਉੱਥੇ ਨਜ਼ਦੀਕ ਲੱਗਦੇ ਪਿੰਡਾਂ ਵਿੱਚ ਕੋਲੀ, ਸ਼ੇਖੂਪੁਰਾ ਦੀ ਪੰਚਾਇਤ ਮੈਂਬਰਾਂ ਨਾਲ ਮਿਲ ਕੇ ਰੇਲਵੇ ਲਾਈਨਾਂ ਤੇ ਟ੍ਰੇਨ ਵਿੱਚ ਸ਼ਰਾਰਤੀ ਬੱਚਿਆਂ ਵਾਲੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਜਾਗਰੂਕ ਅਭਿਆਨ ਚਲਾਇਆ ਗਿਆ ਕਿਉਂਕਿ ਪਿਛਲੇ ਕੁਝ ਸਮੇਂ ਵਿਚ ਚਲਦੀ ਟਰੇਨ ਉਤੇ ਕੁਝ ਸ਼ਰਾਰਤੀ ਬੱਚਿਆਂ ਦੁਆਰਾ ਪੱਥਰਬਾਜ਼ੀ ਕੀਤੀ ਗਈ ਸੀ ਜਿਸ ਕਰਕੇ ਰੇਲ ਵਿਚ ਯਾਤਰਾ ਕਰ ਰਹੇ ਕੁਝ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਸ ਜਾਗਰੂਕਤਾ ਸੈਮੀਨਾਰ ਦਾ ਮੁੱਖ ਮਕਸਦ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਬੱਚਿਆਂ ਨੂੰ ਜਾਗਰੂਕ ਕਰਨਾ ਰਿਹਾ ਤਾਂਕਿ ਬੱਚੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਕਰਨ ਅਤੇ ਆਪਣੇ ਭਵਿੱਖ ਨੂੰ ਖ਼ਰਾਬ ਨਾ ਕਰ ਲੈਣ।